ਪੋਪ ਫਰਾਂਸਿਸ ਦਾ ਦੇਹਾਂਤ, 88 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ, ਸੋਗ ‘ਚ ਇਸਾਈ ਭਾਈਚਾਰੇ ਦੇ ਲੋਕ

ਇਸਾਈਆਂ ਦੇ ਸਰਵਉੱਚ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ ਅਤੇ ਕੁਝ ਸਮੇਂ ਤੋਂ ਲਗਾਤਾਰ ਬਿਮਾਰ ਚੱਲ ਰਹੇ ਸਨ। ਵੈਟੀਕਨ ਸਿਟੀ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਪੋਪ ਫਰਾਂਸਿਸ ਕੁਝ ਸਮੇਂ ਤੋਂ ਨਮੂਨੀਆ ਤੋਂ ਪੀੜਤ ਸਨ। ਉਸਨੂੰ ਫਰਵਰੀ 2025 ਵਿੱਚ ਰੋਮ ਦੇ ਜੇਮੈਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵੈਟੀਕਨ ਨੇ ਸੋਸ਼ਲ ਮੀਡੀਆ ‘ਤੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ, ‘ਪੋਪ ਫਰਾਂਸਿਸ ਦਾ ਦੇਹਾਂਤ ਈਸਟਰ ਸੋਮਵਾਰ, 21 ਅਪ੍ਰੈਲ, 2025 ਨੂੰ ਵੈਟੀਕਨ ਦੇ ਕਾਸਾ ਸਾਂਤਾ ਮਾਰਟਾ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਹੋਇਆ।’
ਪੋਪ ਫਰਾਂਸਿਸ ਨੂੰ 14 ਫਰਵਰੀ, 2025 ਨੂੰ ਬ੍ਰੌਨਕਾਈਟਿਸ ਤੋਂ ਪੀੜਤ ਹੋਣ ਤੋਂ ਬਾਅਦ ਜੈਮੈਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜੋ ਬਾਅਦ ਵਿੱਚ ਦੋਹਰੇ ਨਮੂਨੀਆ ਵਿੱਚ ਬਦਲ ਗਿਆ। ਉਨ੍ਹਾਂ ਦੀ ਹਾਲਤ ਨੂੰ ਗੁੰਝਲਦਾਰ ਦੱਸਦੇ ਹੋਏ, ਵੈਟੀਕਨ ਨੇ ਕਿਹਾ ਸੀ ਕਿ 88 ਸਾਲਾ ਪੋਪ ਸਾਹ ਲੈਣ ਵਿੱਚ ਤਕਲੀਫ਼ ਅਤੇ ਹੋਰ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ।
ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਫੇਫੜਿਆਂ ਦਾ ਇੱਕ ਹਿੱਸਾ ਕੱਢ ਦਿੱਤਾ ਗਿਆ ਸੀ। ਮਾਰਚ 2025 ਵਿੱਚ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਇਆ, ਅਤੇ ਉਸਨੂੰ 23 ਮਾਰਚ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਾਲਾਂਕਿ, ਹੁਣ ਉਨ੍ਹਾਂ ਦੇ ਦੇਹਾਂਤ ਦੀ ਇਹ ਖ਼ਬਰ ਦੁਨੀਆ ਭਰ ਦੇ ਇਸਾਈਆਂ ਲਈ ਇੱਕ ਵੱਡੇ ਸਦਮੇ ਵਾਂਗ ਹੈ।