ਸਪੀਕਰ ਸੰਧਵਾਂ Ban on Sikhs not wearing kirpans at airports should be lifted immediately Speaker Sandhwan – News18 ਪੰਜਾਬੀ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਹਵਾਈ ਅੱਡਿਆਂ ‘ਤੇ ਕੰਮ ਕਰਨ ਵਾਲੇ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ‘ਤੇ ਕਿਰਪਾਨ ਪਹਿਣਨ ਦੀ ਲਾਈ ਪਾਬੰਦੀ ਦੀ ਸਖਤ ਨਿਖੇਧੀ ਕਰਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਦੀ ਮੰਗ ਕੀਤੀ ਹੈ।
ਅੱਜ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਸ. ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਮ੍ਰਿਤਧਾਰੀ ਸਿੱਖਾਂ ਦੀਆਂ ਧਾਰਮਿਕ (ਚਿੰਨ੍ਹ) ਨਿਸ਼ਾਨੀਆਂ ਪਹਿਣਨ ‘ਤੇ ਲਾਈ ਪਾਬੰਦੀ ਇੱਕ ਗਲਤ ਫੈਸਲਾ ਹੈ, ਜਿਸਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸ਼ਹਿਰੀ ਹਵਾਬਾਜੀ ਵਿਭਾਗ ਵੀ ਇਸ ਸਿੱਖ ਵਿਰੋਧੀ ਫੈਸਲੇ ਨੂੰ ਵਾਪਸ ਲੈਣ ਲਈ ਲੋੜੀਂਦੇ ਕਦਮ ਚੁੱਕੇ।
ਸਪੀਕਰ ਨੇ ਕਿਹਾ ਕਿ ਸਿੱਖ ਹਮੇਸ਼ਾ ਮਿਹਨਤ ‘ਚ ਵਿਸ਼ਵਾਸ਼ ਕਰਦੇ ਹਨ ਅਤੇ ਉਹ ਆਪਣੇ ਧਾਰਮਿਕ ਅਕੀਦੇ ‘ਚ ਵੀ ਦ੍ਰਿੜ ਸੰਕਲਪ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਭਿੰਨ ਧਰਮਾਂ, ਨਸਲਾਂ ਅਤੇ ਜਾਤਾਂ ਨਾਲ ਪਰੋਇਆ ਹੋਇਆ ਦੇਸ਼ ਹੈ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਵਿੱਚ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ ਤਾਂ ਉਸ ਦੇਸ਼ ‘ਚ ਹਰ ਨਾਗਰਿਕ ਨੂੰ ਧਾਰਮਿਕ ਚਿੰਨ੍ਹ ਜਾਂ ਨਿਸ਼ਾਨੀ ਪਹਿਣਨ ‘ਤੇ ਪਾਬੰਦੀ ਲਾਉਣੀ ਬਿਲਕੁੱਲ ਵੀ ਜਾਇਜ਼ ਫੈਸਲਾ ਨਹੀਂ।
ਸ. ਸੰਧਵਾਂ ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਅਜ਼ਾਦੀ ਸੰਘਰਸ਼ ‘ਚ ਬੇਮਿਸਾਲ ਬਹਾਦਰੀ ਦਿਖਾਈ ਹੈ ਅਤੇ ਦੇਸ਼ ਅਤੇ ਅਣਖ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਉਸੇ ਦੇਸ਼ ਦੇ ਮੌਜੂਦਾ ਸੱਤਾਧਾਰੀ ਸਾਸ਼ਕ ਸਿੱਖਾਂ ਦੀਆਂ ਧਾਰਮਿਕ ਨਿਸ਼ਾਨੀਆਂ ਨੂੰ ਪਹਿਣਨ ‘ਤੇ ਪਾਬੰਦੀਆਂ ਲਗਾ ਰਹੇ ਹਨ।ਊਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਸਿੱਧਾ ਦਖਲ ਹਨ, ਜਿਸ ਤੋਂ ਕੇਂਦਰ ਸਰਕਾਰ ਨੂੰ ਬਚਣਾ ਚਾਹੀਦਾ ਹੈ।
ਸਪੀਕਰ ਸ. ਸੰਧਵਾਂ ਨੇ ਕੇਂਦਰ ਸਰਕਾਰ ਮੰਗ ਕੀਤੀ ਕਿ ਇਸ ਫੈਸਲੇ ਨੂੰ ਤੁਰੰਤ ਪ੍ਰਭਾਵ ਤੋਂ ਵਾਪਸ ਲਿਆ ਜਾਵੇ ਅਤੇ ਹਵਾਈ ਅੱਡਿਆਂ ‘ਤੇ ਕੰਮ ਕਰਦੇ ਅੰਮ੍ਰਿਤਧਾਰੀ ਸਿੱਖਾਂ ਨੂੰ ਵਿਰਾਸਤੀ ਧਾਰਮਿਕ ਨਿਸ਼ਾਨੀ ਕਿਰਪਾਨ ਪਹਿਣਨ ਦੀ ਆਜ਼ਾਦੀ ਦਿੱਤੀ ਜਾਵੇ।