ਕੀ ਫਰਿੱਜ ਨੂੰ ਲਗਾਤਾਰ 24 ਘੰਟੇ ਚਲਾਉਣ ਨਾਲ ਮੋਟਰ ਨੂੰ ਹੁੰਦਾ ਹੈ ਨੁਕਸਾਨ? ਕੰਮ ਆਵੇਗੀ ਇਹ Tech Tip

ਗਰਮੀ ਦਿਨੋ-ਦਿਨ ਵੱਧ ਰਹੀ ਹੈ। ਵਧਦੇ ਤਾਪਮਾਨ ਦੇ ਨਾਲ, ਹਰ ਕਿਸੇ ਦੇ ਘਰਾਂ ਵਿੱਚ ਕੂਲਰ, ਏਸੀ ਅਤੇ ਫ਼ਰਿਜ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ । ਚਾਹੇ ਠੰਡਾ ਪਾਣੀ ਪੀਣਾ ਹੋਵੇ ਜਾਂ ਭੋਜਨ ਨੂੰ ਖਰਾਬ ਹੋਣ ਤੋਂ ਬਚਾਉਣਾ, ਗਰਮੀਆਂ ਦੇ ਮੌਸਮ ਵਿੱਚ ਫ਼ਰਿਜ ਸਭ ਤੋਂ ਵੱਡਾ ਸਹਾਰਾ ਹੁੰਦਾ ਹੈ। ਹਾਲਾਂਕਿ, ਲੋਕਾਂ ਦੇ ਮਨਾਂ ਵਿੱਚ ਫ਼ਰਿਜ ਨੂੰ ਲੈ ਕੇ ਕਈ ਸਵਾਲ ਹਨ। ਅਜਿਹਾ ਹੀ ਇੱਕ ਸਵਾਲ ਇਹ ਹੈ ਕਿ ਕੀ ਫ਼ਰਿਜ ਨੂੰ ਦਿਨ ਵਿੱਚ ਕੁਝ ਘੰਟਿਆਂ ਲਈ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਜੇਕਰ ਇਹ ਲਗਾਤਾਰ ਚੱਲਦਾ ਰਹੇ ਤਾਂ ਕੋਈ ਸਮੱਸਿਆ ਨਹੀਂ ਹੈ? ਆਓ ਜਾਣਦੇ ਹਾਂ, ਕੀ ਹੈ ਇਸ ਸਵਾਲ ਦਾ ਜਵਾਬ…
ਫ਼ਰਿਜ ਬਾਰੇ ਵੱਖ-ਵੱਖ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਕੁਝ ਲੋਕ ਕਹਿੰਦੇ ਹਨ ਕਿ ਦਿਨ ਵੇਲੇ ਕੁਝ ਸਮੇਂ ਲਈ ਫ਼ਰਿਜ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਫ਼ਰਿਜ ਲਗਾਤਾਰ ਚੱਲਦਾ ਰਹਿੰਦਾ ਹੈ, ਤਾਂ ਮੋਟਰ ਖਰਾਬ ਹੋ ਜਾਂਦੀ ਹੈ ਅਤੇ ਫਿਰ ਇਸ ਨੂੰ ਠੀਕ ਕਰਵਾਉਣ ਵਿੱਚ ਬਹੁਤ ਖਰਚਾ ਆਉਂਦਾ ਹੈ। ਇਸ ਦੇ ਨਾਲ ਹੀ, ਕੁਝ ਲੋਕ ਕਹਿੰਦੇ ਹਨ ਕਿ ਫ਼ਰਿਜ ਨੂੰ ਹਰ ਰੋਜ਼ ਨਹੀਂ ਸਗੋਂ ਹਫ਼ਤੇ ਵਿੱਚ ਇੱਕ ਵਾਰ ਬੰਦ ਕਰਨਾ ਚਾਹੀਦਾ ਹੈ ਅਤੇ ਇਹ ਕਾਫ਼ੀ ਹੈ। ਹੁਣ ਤੁਸੀਂ ਉਲਝਣ ਵਿੱਚ ਪੈ ਸਕਦੇ ਹੋ ਕਿ ਕੀ ਸਹੀ ਹੈ? ਆਓ ਤੁਹਾਨੂੰ ਦੱਸਦੇ ਹਾਂ।
ਇਸ ਦਾ ਜਵਾਬ ਇਹ ਹੈ ਕਿ ਤੁਹਾਨੂੰ ਨਾ ਤਾਂ ਹਰ ਰੋਜ਼ ਫ਼ਰਿਜ ਬੰਦ ਕਰਨ ਦੀ ਲੋੜ ਹੈ ਅਤੇ ਨਾ ਹੀ ਹਫ਼ਤੇ ਵਿੱਚ ਇੱਕ ਵਾਰ, ਕਿਉਂਕਿ ਅੱਜਕੱਲ੍ਹ ਫ਼ਰਿਜ ਇਸ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਹਨ ਕਿ ਉਹ ਸਹੀ ਤਾਪਮਾਨ ਬਣਾਈ ਰੱਖਦੇ ਹਨ। ਇਸ ਲਈ ਫ਼ਰਿਜ ਨੂੰ ਬੰਦ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਹੈ। ਹਾਂ, ਜੇਕਰ ਤੁਸੀਂ ਇਸ ਨੂੰ ਸਾਫ਼ ਕਰ ਰਹੇ ਹੋ ਤਾਂ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੋ ਪਰ ਇਸ ਤੋਂ ਇਲਾਵਾ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਆਪਣੇ ਫ਼ਰਿਜ ਨੂੰ ਲਗਾਤਾਰ ਚਲਾਉਣ ਨਾਲ ਇਸ ਦੀ ਮੋਟਰ ‘ਤੇ ਕੋਈ ਅਸਰ ਨਹੀਂ ਪਵੇਗਾ। ਆਧੁਨਿਕ ਰੈਫ੍ਰਿਜਰੇਟਰ ਤਾਪਮਾਨ ਨੂੰ ਬਣਾਈ ਰੱਖਣ ਲਈ ਲੋੜ ਅਨੁਸਾਰ ਚਾਲੂ ਅਤੇ ਬੰਦ ਕਰਨ ਲਈ ਤਿਆਰ ਕੀਤੇ ਗਏ ਹਨ, ਇਸ ਲਈ ਉਹਨਾਂ ਨੂੰ ਹੱਥੀਂ ਚਾਲੂ ਅਤੇ ਬੰਦ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਹੈ।