ਡਰੈਸਿੰਗ ਰੂਮ ਲੀਕ ਮਾਮਲੇ ‘ਚ BCCI ਦੀ ਕਾਰਵਾਈ, ਗੌਤਮ ਗੰਭੀਰ ਦੇ 3 ਸਹਾਇਕ ਸਟਾਫ਼ ਨੂੰ ਕੀਤਾ ਬਰਖ਼ਾਸਤ

BCCI ਨੇ ਆਖਰਕਾਰ Team India ਦੇ ਮੁੱਖ ਕੋਚ ਗੌਤਮ ਗੰਭੀਰ ਦੇ ਸਪੋਰਟ ਸਟਾਫ ਵਿੱਚ ਕਟੌਤੀ ਕਰ ਦਿੱਤੀ ਹੈ। ਸੂਤਰਾਂ ਦੇ ਹਵਾਲੇ ਨਾਲ ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬੋਰਡ ਨੇ ਗੰਭੀਰ ਦੇ ਤਿੰਨ ਸਹਾਇਕ ਸਟਾਫ ਨੂੰ ਬਰਖਾਸਤ ਕਰ ਦਿੱਤਾ ਹੈ। ਹਾਲਾਂਕਿ, ਪਹਿਲਾਂ ਹੀ ਚਰਚਾਵਾਂ ਸਨ ਕਿ BCCI ਕੁਝ ਸਹਾਇਕ ਸਟਾਫ ਨੂੰ ਹਟਾ ਸਕਦਾ ਹੈ। ਇਸ ਕਾਰਵਾਈ ਨੂੰ ਆਸਟ੍ਰੇਲੀਆ ਵਿੱਚ ਟੈਸਟ ਸੀਰੀਜ਼ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ਅੰਦਰੂਨੀ ਖ਼ਬਰਾਂ ਦੇ ਲੀਕ ਹੋਣ ਨਾਲ ਜੋੜਿਆ ਜਾ ਰਿਹਾ ਹੈ। ਕੋਚ ਬਣਨ ਤੋਂ ਬਾਅਦ BCCI ਨੇ ਗੌਤਮ ਗੰਭੀਰ ਨੂੰ ਆਪਣੀ ਪਸੰਦ ਦੇ ਲੋਕਾਂ ਨੂੰ ਸਪੋਰਟ ਸਟਾਫ ਵਿੱਚ ਰੱਖਣ ਦੀ ਆਜ਼ਾਦੀ ਦਿੱਤੀ ਸੀ। ਬਰਖਾਸਤ ਕੀਤੇ ਗਏ ਤਿੰਨੋਂ ਸਟਾਫ ਗੰਭੀਰ ਦੇ ਕਰੀਬੀ ਮੰਨੇ ਜਾਂਦੇ ਸਨ।
ਮੀਡੀਆ ਰਿਪੋਰਟ ਦੇ ਅਨੁਸਾਰ BCCI ਨੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਬਰਖਾਸਤ ਕਰ ਦਿੱਤਾ ਹੈ। ਉਹ ਸਿਰਫ਼ 8 ਮਹੀਨੇ ਪਹਿਲਾਂ ਹੀ ਟੀਮ ਇੰਡੀਆ ਦੇ ਕੋਚਿੰਗ ਵਿਭਾਗ ਵਿੱਚ ਸ਼ਾਮਲ ਹੋਇਆ ਸੀ। ਇਸ ਤੋਂ ਇਲਾਵਾ ਫੀਲਡਿੰਗ ਕੋਚ ਟੀ ਦਿਲੀਪ ਅਤੇ ਟ੍ਰੇਨਰ ਸੋਹਮ ਦੇਸਾਈ ਨੂੰ ਵੀ ਬਰਖਾਸਤ ਕੀਤਾ ਗਿਆ ਹੈ। ਦੋਵੇਂ ਪਿਛਲੇ ਤਿੰਨ ਸਾਲਾਂ ਤੋਂ Team India ਨਾਲ ਜੁੜੇ ਹੋਏ ਸਨ। ਉਨ੍ਹਾਂ ਦੀ ਥਾਂ ‘ਤੇ ਜਲਦੀ ਹੀ ਨਿਯੁਕਤੀਆਂ ਕੀਤੀਆਂ ਜਾ ਸਕਦੀਆਂ ਹਨ। ਅਭਿਸ਼ੇਕ ਨਾਇਰ ਨੂੰ ਗੌਤਮ ਗੰਭੀਰ ਦਾ ਪਸੰਦੀਦਾ ਮੰਨਿਆ ਜਾਂਦਾ ਹੈ। ਦੋਵਾਂ ਨੇ ਕੋਲਕਾਤਾ ਨਾਈਟ ਰਾਈਡਰਜ਼ ਵਿੱਚ ਇਕੱਠੇ ਕੰਮ ਕੀਤਾ ਹੈ।
Australia ਵਿੱਚ Team India ਦੇ ਮਾੜੇ ਪ੍ਰਦਰਸ਼ਨ ਅਤੇ ਹਾਲ ਹੀ ਵਿੱਚ ਡ੍ਰੈਸਿੰਗ ਰੂਮ ਦੀਆਂ ਖਬਰਾਂ ਲੀਕ ਹੋਣ ਨੂੰ ਸਪੋਰਟ ਸਟਾਫ ਵਿਰੁੱਧ ਕੀਤੀ ਗਈ ਕਾਰਵਾਈ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਬਾਰਡਰ-ਗਾਵਸਕਰ ਟਰਾਫੀ ਵਿੱਚ ਟੀਮ ਇੰਡੀਆ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ ਅਤੇ ਟੀਮ ਨੂੰ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਚੰਗਾ ਅਤੇ ਮਾੜਾ ਪ੍ਰਦਰਸ਼ਨ ਖੇਡ ਦਾ ਹਿੱਸਾ ਹੈ। ਬੀਸੀਸੀਆਈ ਨੇ ਸ਼ਾਇਦ ਇਸ ‘ਤੇ ਕੋਈ ਕਾਰਵਾਈ ਨਾ ਕੀਤੀ ਹੋਵੇ ਪਰ ਜਿਸ ਤਰ੍ਹਾਂ ਉਸ ਸੀਰੀਜ਼ ਤੋਂ ਬਾਅਦ ਡ੍ਰੈਸਿੰਗ ਰੂਮ ਦੇ ਮਾਮਲੇ ਇੱਕ ਤੋਂ ਬਾਅਦ ਇੱਕ ਸਾਹਮਣੇ ਆਉਣੇ ਸ਼ੁਰੂ ਹੋਏ, ਬੋਰਡ ਇਸ ਤੋਂ ਨਾਰਾਜ਼ ਸੀ।
ਅਜਿਹੀਆਂ ਰਿਪੋਰਟਾਂ ਸਨ ਕਿ ਕੁਝ ਖਿਡਾਰੀ ਟੀਮ ਦੇ ਅੰਤਰਿਮ ਕਪਤਾਨ ਬਣਨਾ ਚਾਹੁੰਦੇ ਸਨ। ਅਜਿਹੀਆਂ ਵੀ ਰਿਪੋਰਟਾਂ ਸਨ ਕਿ ਕੋਚ ਗੌਤਮ ਗੰਭੀਰ ਨੇ ਖ਼ਬਰ ਲੀਕ ਹੋਣ ਲਈ ਸਰਫਰਾਜ਼ ਖਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ, ‘ਡਰੈਸਿੰਗ ਰੂਮ ਵਿੱਚ ਕੁਝ ਠੀਕ ਨਹੀਂ ਹੈ’ ਦੀਆਂ ਵਧਦੀਆਂ ਅਟਕਲਾਂ ਦੇ ਵਿਚਕਾਰ, ਗੌਤਮ ਗੰਭੀਰ ਨੇ ਬਾਅਦ ਵਿੱਚ ਇਹ ਕਹਿ ਕੇ ਮੁੱਦੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਕਿ ਖ਼ਬਰਾਂ ਲੀਕ ਹੋਣ ਦੀਆਂ ਅਫਵਾਹਾਂ ਸਿਰਫ ਰਿਪੋਰਟਾਂ ਹਨ, ਸੱਚਾਈ ਨਹੀਂ।