ਕਮਾਲ ਕਰਦੇ ਹਨ ਧੋਨੀ, ਪਹਿਲਾਂ ਆਪਣੀ ਟੀਮ ਨੂੰ ਮੈਚ ਜਿਤਵਾਇਆ ਫਿਰ ਦੂਜੀ ਟੀਮ ਦੇ ਕੈਪਟਨ ਨੂੰ ਦਿੰਦੇ ਰਹੇ ਸਲਾਹ

ਜਿਵੇਂ ਹੀ ਮਹਿੰਦਰ ਸਿੰਘ ਧੋਨੀ ਨੇ ਚੇਨਈ ਸੁਪਰ ਕਿੰਗਜ਼ ਦੀ ਕਮਾਨ ਸੰਭਾਲੀ, ਨਤੀਜੇ ਬਦਲਣੇ ਸ਼ੁਰੂ ਹੋ ਗਏ। ਲਗਾਤਾਰ ਹਾਰਾਂ ਦਾ ਸਾਹਮਣਾ ਕਰ ਰਹੀ ਇਸ ਟੀਮ ਨੇ ਲਖਨਊ ਸੁਪਰ ਜਾਇੰਟਸ ਨੂੰ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ। ਮੈਚ ਵਿੱਚ, ਐਮਐਸ ਧੋਨੀ ਨੇ 11 ਗੇਂਦਾਂ ਵਿੱਚ 26 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਧੋਨੀ 15ਵੇਂ ਓਵਰ ਵਿੱਚ ਮੈਦਾਨ ‘ਤੇ ਆਏ ਅਤੇ ਸ਼ਿਵਮ ਦੂਬੇ ਨਾਲ ਮਿਲ ਕੇ ਟੀਮ ਨੂੰ ਜਿੱਤ ਦਿਵਾਈ। ਸੀਐਸਕੇ ਦੇ ਕਪਤਾਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਪਾਰੀ ਵਿੱਚ ਚਾਰ ਚੌਕੇ ਅਤੇ ਇੱਕ ਛੱਕਾ ਲਗਾਇਆ।
ਚੇਨਈ ਸੁਪਰ ਕਿੰਗਜ਼ ਦੀ ਮਾੜੀ ਸ਼ੁਰੂਆਤ ਕਾਰਨ ਧੋਨੀ ਦੀ ਬੱਲੇਬਾਜ਼ੀ ਸਥਿਤੀ ਅਤੇ ਉਸ ਦੀ ਰਣਨੀਤੀ ‘ਤੇ ਸਵਾਲ ਉਠਾਏ ਜਾ ਰਹੇ ਸਨ ਪਰ ਉਨ੍ਹਾਂ ਨੇ ਆਪਣੇ ਆਲੋਚਕਾਂ ਨੂੰ ਚੁੱਪ ਕਰਵਾ ਦਿੱਤਾ ਹੈ। ਉਨ੍ਹਾਂ ਨੂੰ ਲਖਨਊ ਵਿਰੁੱਧ ਖੇਡੀ ਗਈ ਪਾਰੀ ਲਈ ਪਲੇਅਰ ਆਫ਼ ਦ ਮੈਚ (POTM) ਚੁਣਿਆ ਗਿਆ। 43 ਸਾਲਾ ਧੋਨੀ ਨੇ 2019 ਤੋਂ ਬਾਅਦ ਪਹਿਲੀ ਵਾਰ ਇਹ ਪੁਰਸਕਾਰ ਜਿੱਤਿਆ ਅਤੇ ਲੀਗ ਦੇ ਇਤਿਹਾਸ ਵਿੱਚ ਇਹ ਪੁਰਸਕਾਰ ਜਿੱਤਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਬਣ ਗਏ ਹਨ।
ਰਿਸ਼ਭ ਪੰਤ ਦੀ ਕਪਤਾਨੀ ‘ਤੇ ਸਵਾਲ
ਜਿੱਥੇ ਧੋਨੀ ਦੀ ਪਾਰੀ ਨੇ ਜਸ਼ਨ ਮਨਾਉਣ ਦਾ ਕਾਰਨ ਦਿੱਤਾ, ਉੱਥੇ ਹੀ ਰਿਸ਼ਭ ਪੰਤ ਦੀ ਕਪਤਾਨੀ ‘ਤੇ ਸਵਾਲ ਖੜ੍ਹੇ ਹੋਏ। ਧੋਨੀ ਦੇ ਮੈਦਾਨ ‘ਤੇ ਆਉਣ ਤੋਂ ਬਾਅਦ LSG ਨੇ ਸਪਿਨਰ ਨੂੰ ਗੇਂਦ ਨਹੀਂ ਦਿੱਤੀ, ਇਸ ਲਈ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਨਾਰਾਜ਼ ਸਨ। ਸੀਐਸਕੇ ਦੇ ਕਪਤਾਨ ਦੇ ਆਉਣ ਤੋਂ ਬਾਅਦ, ਆਵੇਸ਼ ਖਾਨ ਨੇ ਤਿੰਨ ਓਵਰ ਸੁੱਟੇ ਜਦੋਂ ਕਿ ਸ਼ਾਰਦੁਲ ਨੂੰ ਬਾਕੀ ਦੋ ਓਵਰ ਦਿੱਤੇ ਗਏ। ਸ਼ਾਰਦੁਲ ਨੇ ਚਾਰ ਓਵਰਾਂ ਵਿੱਚ 56 ਦੌੜਾਂ ਦਿੱਤੀਆਂ ਜਦੋਂ ਕਿ ਆਵੇਸ਼ ਨੇ 3.3 ਓਵਰਾਂ ਵਿੱਚ 32 ਦੌੜਾਂ ਦਿੱਤੀਆਂ। ਪਿਛਲੇ ਕੁਝ ਸਾਲਾਂ ਵਿੱਚ, ਧੋਨੀ ਨੇ ਤੇਜ਼ ਗੇਂਦਬਾਜ਼ੀ ਵਿਰੁੱਧ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਸਪਿਨ ਵਿਰੁੱਧ ਉਨ੍ਹਾਂ ਦੀ ਖੇਡ ਕਮਜ਼ੋਰ ਰਹੀ ਹੈ। ਕਪਤਾਨ ਪੰਤ ਨੇ ਰਵੀ ਬਿਸ਼ਨੋਈ ਨੂੰ ਗੇਂਦਬਾਜ਼ੀ ਨਹੀਂ ਕਰਵਾਈ ਭਾਵੇਂ ਉਸ ਨੇ ਦੋ ਵਿਕਟਾਂ ਲਈਆਂ ਸਨ। ਉਸ ਦਾ ਇੱਕ ਓਵਰ ਬਾਕੀ ਸੀ ਅਤੇ ਉਸ ਨੇ ਤਿੰਨ ਓਵਰਾਂ ਵਿੱਚ 18 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸਨ।
ਧੋਨੀ ਨੇ ਪੰਤ ਨੂੰ ਸਮਝਾਇਆ: ਮੈਚ ਤੋਂ ਬਾਅਦ, ਧੋਨੀ ਨੂੰ ਮੈਚ ਤੋਂ ਬਾਅਦ ਹੱਥ ਮਿਲਾਉਣ ਦੌਰਾਨ ਪੰਤ ਨਾਲ ਗੱਲਬਾਤ ਕਰਦੇ ਦੇਖਿਆ ਗਿਆ। ਧੋਨੀ, ਜੋ ਹਮੇਸ਼ਾ ਆਪਣੇ ਸਾਥੀਆਂ ਅਤੇ ਵਿਰੋਧੀ ਟੀਮ ਨੂੰ ਸਲਾਹ ਦਿੰਦੇ ਦਿਖਾਈ ਦਿੰਦੇ ਹਨ, ਨੇ ਪੰਤ ਨੂੰ ਮੈਚ ਬਾਰੇ ਕੁਝ ਸਮਝਾਇਆ। ਸਾਬਕਾ ਭਾਰਤੀ ਕਪਤਾਨ ਨੇ ਪੰਤ ਦੇ ਮੋਢੇ ‘ਤੇ ਹੱਥ ਰੱਖਿਆ ਹੋਇਆ ਸੀ ਅਤੇ ਉਸ ਨੂੰ ਮੈਚ ਨਾਲ ਸਬੰਧਤ ਕੁਝ ਦੱਸ ਰਹੇ ਸਨ।