ਅੱਲੂ ਅਰਜੁਨ ਨੂੰ ਵੱਡਾ ਝਟਕਾ, ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ- ਅਦਾਲਤ ਨੇ ਹੈਦਰਾਬਾਦ ਭਗਦੜ ਮਾਮਲੇ ‘ਚ ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਹੈਦਰਾਬਾਦ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਹੁਣ ਅਦਾਲਤ ਨੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਹੈ। ਜੋ ਕੰਮ ਐੱਸਪੀ ਭੰਵਰ ਸਿੰਘ ਸ਼ੇਖਾਵਤ (ਫਹਾਦ ਫਾਸਿਲ) ਫਿਲਮ ‘ਪੁਸ਼ਪਾ 2’ ‘ਚ ਨਹੀਂ ਕਰ ਸਕੇ, ਹੈਦਰਾਬਾਦ ਪੁਲਿਸ ਨੇ ਕਰ ਦਿਖਾਇਆ ਹੈ।
ਦਰਅਸਲ, ਫਿਲਮ ‘ਪੁਸ਼ਪਾ 2’ ਦੀ ਸਕ੍ਰੀਨਿੰਗ ਇਸ ਦੀ ਰਿਲੀਜ਼ ਤੋਂ 1 ਦਿਨ ਪਹਿਲਾਂ 4 ਦਸੰਬਰ ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ ‘ਚ ਰੱਖੀ ਗਈ ਸੀ, ਜਿੱਥੇ ਲੋਕ ਇੰਨੀ ਵੱਡੀ ਗਿਣਤੀ ‘ਚ ਇਕੱਠੇ ਹੋ ਗਏ ਸਨ ਕਿ ਭੀੜ ਨੂੰ ਕਾਬੂ ਕਰਨਾ ਮੁਸ਼ਕਲ ਹੋ ਗਿਆ ਸੀ ਫਿਲਮ ‘ਪੁਸ਼ਪਾ 2’ ਦੀ ਸਕਰੀਨਿੰਗ ਦੌਰਾਨ ਮਚੀ ਭਗਦੜ ‘ਚ ਇਕ ਔਰਤ ਦੀ ਮੌਤ ਹੋ ਗਈ ਸੀ।
ਇਸ ਮਾਮਲੇ ‘ਚ ਐਕਟਰ ਅੱਲੂ ਅਰਜੁਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਹੈਦਰਾਬਾਦ ਦੇ ਸੰਧਿਆ ਥੀਏਟਰ ‘ਚ ਫਿਲਮ ਦੇ ਪ੍ਰੀਮੀਅਰ ਸ਼ੋਅ ਦੌਰਾਨ ਭੀੜ ਇਕੱਠੀ ਹੋ ਗਈ ਸੀ, ਜਿਸ ਕਾਰਨ ਇਕ ਔਰਤ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਅਤੇ ਉਸ ਦੇ 13 ਸਾਲ ਦੇ ਬੇਟੇ ਨੂੰ ਵੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚ ਸੰਧਿਆ ਥੀਏਟਰ ਦੇ ਮਾਲਕ ਸੰਦੀਪ, ਸੀਨੀਅਰ ਮੈਨੇਜਰ ਨਾਗਾਰਾਜੂ ਅਤੇ ਮੈਨੇਜਰ ਵਿਜੇ ਚੰਦਰ ਸ਼ਾਮਲ ਸਨ।
ਦੱਸ ਦੇਈਏ ਕਿ ਅੱਲੂ ‘ਤੇ ਦੋਸ਼ ਲੱਗਾ ਸੀ ਕਿ ਉਹ ਬਿਨਾਂ ਕਿਸੇ ਜਾਣਕਾਰੀ ਦੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਚਲੇ ਗਏ ਸਨ। ਇਸ ਮਾਮਲੇ ਵਿਚ ਉਨ੍ਹਾਂ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਅੱਲੂ ਐਫਆਈਆਰ ਰੱਦ ਕਰਵਾਉਣ ਲਈ ਹਾਈ ਕੋਰਟ ਵੀ ਗਏ। ਪਟੀਸ਼ਨ ਵਿੱਚ ਗ੍ਰਿਫ਼ਤਾਰੀ ਰੋਕਣ ਦੀ ਅਪੀਲ ਵੀ ਕੀਤੀ ਗਈ ਸੀ। ਇਸ ਦੌਰਾਨ ਵੀਰਵਾਰ ਨੂੰ ਅੱਲੂ ਨੇ ਆਪਣੀ ਫਿਲਮ ‘ਪੁਸ਼ਪਾ 2’ ਦੀ ਕਾਮਯਾਬੀ ਪਾਰਟੀ ‘ਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਇਸ ਸਫਲਤਾ ਦਾ ਪੂਰਾ ਸਿਹਰਾ ਆਪਣੇ ਪ੍ਰਸ਼ੰਸਕਾਂ, ਦਰਸ਼ਕਾਂ ਅਤੇ ਆਪਣੀ ਪੂਰੀ ਟੀਮ ਨੂੰ ਦਿੱਤਾ। ਫਿਲਮ ‘ਪੁਸ਼ਪਾ 2’ ਦੁਨੀਆ ਭਰ ‘ਚ ਸਭ ਤੋਂ ਘੱਟ ਸਮੇਂ ‘ਚ ਭਾਵ 7 ਦਿਨਾਂ ‘ਚ 1000 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਬਣ ਗਈ ਹੈ।