ਕਿੱਥੋਂ-ਕਿੱਥੋਂ ਲੰਘੇਗਾ ਨਵਾਂ ਬਠਿੰਡਾ-ਚੰਡੀਗੜ੍ਹ ਹਾਈਵੇਅ, ਇਹ ਹੈ ਰੂਟ, ਇਕਦਮ ਚੜ੍ਹਨਗੇ ਜ਼ਮੀਨਾਂ ਦੇ ਭਾਅ

ਨੈਸ਼ਨਲ ਹਾਈਵੇਜ਼ ਆਫ਼ ਇੰਡੀਆ (ਐਨ.ਐਚ.ਏ.ਆਈ.) ਵੱਲੋਂ ਪੰਜਾਬ ਲਈ ਇੱਕ ਨਵਾਂ ਪ੍ਰੋਜੈਕਟ (Bathinda to Chandigarh) ਤਿਆਰ ਕੀਤਾ ਗਿਆ ਹੈ। ਇਸ ਦੇ ਸਿਰੇ ਚੜ੍ਹਨ ਨਾਲ ਬਠਿੰਡਾ ਤੋਂ ਚੰਡੀਗੜ੍ਹ ਜਾਣਾ-ਆਉਣਾ ਅਸਾਨ ਹੋ ਜਾਵੇਗਾ। ਇਸ ਤਹਿਤ ਬਰਨਾਲਾ ਤੋਂ ਮੁਹਾਲੀ ਆਈਟੀ ਸਿਟੀ ਤੱਕ ਇੱਕ ਵੱਖਰੀ ਸੜਕ ਬਣਾਈ ਜਾਵੇਗੀ। ਇਹ ਸੜਕ ਬਰਨਾਲਾ ਤੋਂ ਮਲੇਰਕੋਟਲਾ-ਸਰਹਿੰਦ-ਮੋਹਾਲੀ ਤੱਕ ਬਣਾਈ ਜਾਵੇਗੀ। ਇਸ ਸਮੇਂ ਸਰਹਿੰਦ-ਮੁਹਾਲੀ ਸੜਕ ਦਾ ਨਿਰਮਾਣ ਚੱਲ ਰਿਹਾ ਹੈ। ਜਦੋਂ ਕਿ ਆਉਣ ਵਾਲੇ ਸਮੇਂ ਵਿੱਚ ਸਰਹਿੰਦ ਤੋਂ ਬਰਨਾਲਾ ਸੜਕ ਦਾ ਨਿਰਮਾਣ ਵੀ ਸ਼ੁਰੂ ਹੋ ਜਾਵੇਗਾ।
ਇਸ ਨਾਲ ਬਠਿੰਡਾ ਤੋਂ ਚੰਡੀਗੜ੍ਹ ਦੀ ਦੂਰੀ 50 ਕਿਲੋਮੀਟਰ ਘੱਟ ਜਾਵੇਗੀ। ਇਹ ਪ੍ਰਾਜੈਕਟ ਕਾਫੀ ਸਮੇਂ ਰੁਕਿਆ ਹੋਇਆ ਸੀ, ਜੋ ਹੁਣ ਇਹ ਅੱਗੇ ਵਧ ਰਿਹਾ ਹੈ। ਇਹ ਸੜਕ ਬਠਿੰਡਾ ਤੋਂ ਲੁਧਿਆਣਾ ਤੱਕ ਬਣ ਰਹੀ ਛੇ ਮਾਰਗੀ ਸੜਕ ਨਾਲ ਵੀ ਜੁੜ ਜਾਵੇਗੀ। NHAI ਦੁਆਰਾ ਤਿਆਰ ਕੀਤੇ ਗਏ ਪ੍ਰੋਜੈਕਟ ਦੇ ਅਨੁਸਾਰ ਇਹ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਇੱਕ ਗ੍ਰੀਨਫੀਲਡ ਐਕਸਪ੍ਰੈਸਵੇਅ ਹੋਵੇਗਾ, ਜੋ ਚੰਡੀਗੜ੍ਹ ਨੂੰ ਬਰਨਾਲਾ ਤੋਂ ਮਲੇਰਕੋਟਲਾ, ਖੰਨਾ ਬਾਈਪਾਸ, ਸਰਹਿੰਦ ਅਤੇ ਮੋਹਾਲੀ ਰਾਹੀਂ ਜੋੜੇਗਾ।
ਇਸ ਦੀ ਦੂਰੀ 110 ਕਿਲੋਮੀਟਰ ਹੋਵੇਗੀ। ਇਹ ਸੜਕ ਲੁਧਿਆਣਾ ਤੋਂ ਅਜਮੇਰ ਤੱਕ ਬਣ ਰਹੇ ਆਰਥਿਕ ਗਲਿਆਰੇ ਨਾਲ ਵੀ ਜੁੜ ਜਾਵੇਗੀ। ਇਸ ਸੜਕ ਦੇ ਬਣਨ ਨਾਲ ਬਠਿੰਡਾ, ਮੁਕਤਸਰ, ਅਬੋਹਰ ਤੋਂ ਇਲਾਵਾ ਰਾਜਸਥਾਨ ਦੇ ਲੋਕ ਜੋ ਬਠਿੰਡਾ ਰਾਹੀਂ ਚੰਡੀਗੜ੍ਹ ਜਾਂਦੇ ਹਨ, ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ। ਇਸ ਵੇਲੇ ਚੰਡੀਗੜ੍ਹ ਜਾਣ ਲਈ ਲੋਕਾਂ ਨੂੰ ਬਠਿੰਡਾ ਤੋਂ ਬਰਨਾਲਾ, ਸੰਗਰੂਰ, ਪਟਿਆਲਾ ਰਾਹੀਂ ਜਾਣਾ ਪੈਂਦਾ ਹੈ। ਇਹ ਸੜਕ ਬਣ ਜਾਂਦੀ ਹੈ ਤਾਂ ਲੋਕਾਂ ਨੂੰ ਬਰਨਾਲਾ ਤੋਂ ਚੰਡੀਗੜ੍ਹ ਤੱਕ ਲਿੰਕ ਸੜਕ ਮਿਲ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੰਗਰੂਰ ਤੇ ਪਟਿਆਲਾ ਜਾਣ ਦੀ ਲੋੜ ਨਹੀਂ ਪਵੇਗੀ।
- First Published :