ਵਿਦੇਸ਼ਾਂ ਤੋਂ ਸੋਨਾ ਅਤੇ ਨਕਦੀ ਲਿਆਉਣ ਦੇ ਕੀ ਨਿਯਮ ਹਨ, ਕਾਨੂੰਨ ਤੋੜਨ ‘ਤੇ ਕਿੰਨੀ ਮਿਲਦੀ ਹੈ ਸਜ਼ਾ ?

ਹਾਲ ਹੀ ਵਿੱਚ, ਕੰਨੜ ਅਤੇ ਤਾਮਿਲ ਫਿਲਮਾਂ ਦੀ ਅਦਾਕਾਰਾ ਰਾਣਿਆ ਰਾਓ ਨੂੰ ਦੁਬਈ ਤੋਂ ਵਾਪਸ ਆਉਂਦੇ ਸਮੇਂ ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 14.8 ਕਿਲੋਗ੍ਰਾਮ ਸੋਨੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ, ਵਿਦੇਸ਼ਾਂ ਤੋਂ ਸੋਨਾ ਲਿਆਉਣ ਦਾ ਮਾਮਲਾ ਲਗਾਤਾਰ ਚਰਚਾ ਵਿੱਚ ਹੈ। ਲੋਕ ਇਹ ਵੀ ਪੁੱਛ ਰਹੇ ਹਨ ਕਿ ਵਿਦੇਸ਼ ਤੋਂ ਵਾਪਸ ਆਉਂਦੇ ਸਮੇਂ ਕੋਈ ਕਿੰਨਾ ਸੋਨਾ ਜਾਂ ਨਕਦੀ ਲਿਆ ਸਕਦਾ ਹੈ? ਇਸ ਸੰਬੰਧੀ ਕੀ ਨਿਯਮ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ, ਆਓ ਜਾਣਦੇ ਹਾਂ ਇਸ ਬਾਰੇ…
ਤੁਸੀਂ ਵਿਦੇਸ਼ ਤੋਂ ਕਿੰਨਾ ਸੋਨਾ ਲਿਆ ਸਕਦੇ ਹੋ
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਵਿਦੇਸ਼ ਯਾਤਰਾ ‘ਤੇ ਗਿਆ ਹੈ, ਤਾਂ ਉੱਥੋਂ ਵਾਪਸ ਆਉਂਦੇ ਸਮੇਂ ਤੁਸੀਂ 20 ਗ੍ਰਾਮ (2 ਤੋਲਾ) ਸੋਨਾ ਲਿਆ ਸਕਦੇ ਹੋ ਅਤੇ ਤੁਹਾਡੀ ਮਹਿਲਾ ਦੋਸਤ 40 ਗ੍ਰਾਮ (4 ਤੋਲਾ) ਸੋਨਾ ਲਿਆ ਸਕਦੀ ਹੈ। ਇਸ ਦਾ ਮਤਲਬ ਹੈ ਕਿ ਇੱਕ ਪੁਰਸ਼ ਯਾਤਰੀ 20 ਗ੍ਰਾਮ ਸੋਨਾ ਅਤੇ ਇੱਕ ਔਰਤ ਯਾਤਰੀ ਵਿਦੇਸ਼ ਤੋਂ 40 ਗ੍ਰਾਮ ਸੋਨਾ ਲਿਆ ਸਕਦੀ ਹੈ। ਇੰਨਾ ਸੋਨਾ ਲਿਆਉਣਾ ਡਿਊਟੀ ਫ੍ਰੀ ਹੁੰਦਾ ਹੈ। ਇਸ ਤੋਂ ਇਲਾਵਾ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ 40 ਗ੍ਰਾਮ (4 ਤੋਲਾ) ਸੋਨਾ ਲਿਆਉਣ ਦੀ ਆਗਿਆ ਹੈ। ਹਾਲਾਂਕਿ, ਇਸ ਦੇ ਲਈ ਤੁਹਾਨੂੰ ਆਪਣੇ ਰਿਸ਼ਤੇ ਨੂੰ ਸਾਬਤ ਕਰਨਾ ਪਵੇਗਾ। ਭਾਰਤੀ ਪਾਸਪੋਰਟ ਐਕਟ 1967 ਦੇ ਅਨੁਸਾਰ, ਭਾਰਤੀ ਨਾਗਰਿਕ ਨਿਰਧਾਰਤ ਮਾਤਰਾ ਵਿੱਚ ਹਰ ਕਿਸਮ ਦਾ ਸੋਨਾ (ਗਹਿਣੇ, ਬਿਸਕੁਟ ਅਤੇ ਸਿੱਕੇ) ਲਿਆ ਸਕਦੇ ਹਨ।
ਹੋਰ ਸੋਨਾ ਲਿਆਉਣ ‘ਤੇ ਕਿੰਨੀ ਡਿਊਟੀ ਲਗਾਈ ਜਾਂਦੀ ਹੈ?
ਗਹਿਣਿਆਂ ‘ਤੇ 6% ਡਿਊਟੀ (ਪਹਿਲਾਂ 15%, ਬਜਟ 2024 ਵਿੱਚ ਘਟਾਈ ਗਈ)।
ਬਿਸਕੁਟਾਂ/ਸਿੱਕਿਆਂ ‘ਤੇ 12.5% ਕਸਟਮ ਡਿਊਟੀ + 1.25% ਸੋਸ਼ਲ ਵੈਲਫੇਅਰ ਸਰਚਾਰਜ।
ਦੇਸ਼ ਵਿੱਚ ਤਸਕਰੀ ਕੀਤਾ ਸੋਨਾ ਸਭ ਤੋਂ ਜ਼ਿਆਦਾਤਰ ਕਿੱਥੋਂ ਆਉਂਦਾ ਹੈ?
ਦੇਸ਼ ਵਿੱਚ ਤਸਕਰੀ ਕੀਤਾ ਜਾਣ ਵਾਲਾ ਜ਼ਿਆਦਾਤਰ ਸੋਨਾ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਆਉਂਦਾ ਹੈ। ਯੂਏਈ ਤੋਂ ਬਾਅਦ, ਦੂਜਾ ਦੇਸ਼ ਜਿੱਥੋਂ ਸਭ ਤੋਂ ਵੱਧ ਸੋਨਾ ਆਉਂਦਾ ਹੈ ਉਹ ਮਿਆਂਮਾਰ ਹੈ। ਇਸ ਤੋਂ ਇਲਾਵਾ, ਤਸਕਰ ਅਫਰੀਕੀ ਦੇਸ਼ਾਂ ਤੋਂ ਵੀ ਸੋਨਾ ਲਿਆਉਂਦੇ ਹਨ। ਕਸਟਮ ਅਧਿਕਾਰੀਆਂ ਦੇ ਅਨੁਸਾਰ, ਤਸਕਰੀ ਕੀਤੇ ਸੋਨੇ ਦਾ ਸਿਰਫ਼ 10 ਪ੍ਰਤੀਸ਼ਤ ਹੀ ਫੜਿਆ ਜਾਂਦਾ ਹੈ। ਵਿਦੇਸ਼ਾਂ ਤੋਂ ਸੋਨੇ ਦੀ ਤਸਕਰੀ ਵਿੱਚ ਕੇਰਲ, ਮਹਾਰਾਸ਼ਟਰ ਅਤੇ ਤਾਮਿਲਨਾਡੂ ਸਭ ਤੋਂ ਅੱਗੇ ਹਨ। ਇਨ੍ਹਾਂ ਰਾਜਾਂ ਵਿੱਚ ਸੋਨੇ ਦੀ ਤਸਕਰੀ ਦੇ 60 ਪ੍ਰਤੀਸ਼ਤ ਮਾਮਲੇ ਦਰਜ ਹਨ।
ਤੁਸੀਂ ਵਿਦੇਸ਼ ਤੋਂ ਕਿੰਨੀ ਨਕਦੀ ਲਿਆ ਸਕਦੇ ਹੋ
ਵਿਦੇਸ਼ਾਂ ਤੋਂ ਨਕਦੀ ਲਿਆਉਣ ਦੀ ਕੋਈ ਸੀਮਾ ਨਹੀਂ ਹੈ। ਸ਼ਰਤ ਇਹ ਹੈ ਕਿ ਜੇਕਰ ਕੋਈ ਪੁਰਸ਼ 5,000 ਡਾਲਰ (4.3 ਲੱਖ ਰੁਪਏ) ਤੋਂ ਵੱਧ ਨਕਦ ਵਿਦੇਸ਼ੀ ਮੁਦਰਾ ਲਿਆਉਂਦਾ ਹੈ ਅਤੇ ਇੱਕ ਔਰਤ 10,000 ਡਾਲਰ (8.6 ਲੱਖ ਰੁਪਏ) ਤੋਂ ਵੱਧ ਨਕਦ ਵਿਦੇਸ਼ੀ ਮੁਦਰਾ ਲਿਆਉਂਦੀ ਹੈ, ਤਾਂ ਇਸ ਦਾ ਐਲਾਨ ਕਰਨਾ ਜ਼ਰੂਰੀ ਹੈ। ਭਾਰਤੀ ਕਰੰਸੀ ਸਿਰਫ਼ 25 ਹਜ਼ਾਰ ਰੁਪਏ ਤੱਕ ਹੀ ਲਿਆਂਦੀ ਜਾ ਸਕਦੀ ਹੈ।
ਨਕਦੀ ਕਿਵੇਂ ਡਿਕਲੇਅਰ ਕਰਨੀ ਹੁੰਦੀ ਹੈ, ਆਓ ਜਾਣਦੇ ਹਾਂ…
ਤੁਸੀਂ ਹਵਾਈ ਅੱਡੇ ‘ਤੇ Custom Declaration Form (CDF) ਭਰ ਕੇ ਨਕਦੀ ਬਾਰੇ ਜਾਣਕਾਰੀ ਦੇ ਸਕਦੇ ਹੋ। ਤੁਹਾਨੂੰ ਨਕਦੀ ਦੇ ਸਰੋਤ ਨਾਲ ਸਬੰਧਤ ਦਸਤਾਵੇਜ਼ ਵੀ ਪ੍ਰਦਾਨ ਕਰਨੇ ਪੈ ਸਕਦੇ ਹਨ। ਜੇਕਰ ਜਾਣਕਾਰੀ ਸਹੀ ਹੁੰਦੀ ਹੈ ਤਾਂ ਟੈਕਸ ਦਾ ਭੁਗਤਾਨ ਕਰਨ ਤੋਂ ਬਾਅਦ ਨਕਦੀ ਕਲੀਅਰ ਹੋ ਜਾਂਦੀ ਹੈ।
ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ‘ਤੇ ਹੋ ਸਕਦੀ ਹੈ ਕਾਨੂੰਨੀ ਕਾਰਵਾਈ
ਜੇਕਰ ਵਿਦੇਸ਼ ਤੋਂ ਵਾਪਸ ਆਉਣ ਵਾਲਾ ਕੋਈ ਯਾਤਰੀ ਗਲਤ ਜਾਣਕਾਰੀ ਦਿੰਦਾ ਹੈ ਜਾਂ ਨਿਰਧਾਰਤ ਸੀਮਾ ਤੋਂ ਵੱਧ ਲੁਕਾਇਆ ਹੋਇਆ ਸੋਨਾ ਜਾਂ ਨਕਦੀ ਲਿਆਉਂਦਾ ਹੈ, ਤਾਂ ਸਾਮਾਨ ਜ਼ਬਤ ਕੀਤਾ ਜਾ ਸਕਦਾ ਹੈ। ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਕਸਟਮ ਐਕਟ ਦੀ ਧਾਰਾ 135 ਦੇ ਤਹਿਤ, ਜੇਕਰ ਤੁਸੀਂ ਕਸਟਮ ਡਿਊਟੀ ਦਾ ਭੁਗਤਾਨ ਕੀਤੇ ਬਿਨਾਂ ਨਿਰਧਾਰਤ ਸੀਮਾ ਤੋਂ ਵੱਧ ਸੋਨਾ ਜਾਂ ਨਕਦੀ ਲਿਆਉਂਦੇ ਹੋ, ਤਾਂ ਤੁਹਾਨੂੰ ਛੇ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੇ ਤਹਿਤ, ਤੁਹਾਨੂੰ ਇੱਕ ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ। ਦੋਵਾਂ ਕਾਨੂੰਨਾਂ ਤਹਿਤ, ਸੋਨਾ ਜਾਂ ਨਕਦੀ ਵੀ ਜ਼ਬਤ ਕੀਤੀ ਜਾਂਦੀ ਹੈ।
ਜ਼ਬਤ ਕੀਤੇ ਸੋਨੇ ਦਾ ਕੀ ਹੁੰਦਾ ਹੈ: ਸੋਨਾ ਜ਼ਬਤ ਕਰਨ ਤੋਂ ਬਾਅਦ, ਕਸਟਮ ਵਿਭਾਗ ਦੋਸ਼ੀ ਨੂੰ ਨੋਟਿਸ ਜਾਰੀ ਕਰਦਾ ਹੈ ਅਤੇ ਸੋਨੇ ਨਾਲ ਸਬੰਧਤ ਸਵਾਲ ਪੁੱਛਦਾ ਹੈ। ਜੇਕਰ ਸਹੀ ਜਵਾਬ ਅਤੇ ਸਬੂਤ ਮਿਲ ਜਾਂਦੇ ਹਨ ਤਾਂ ਸੋਨਾ ਵਾਪਸ ਕਰ ਦਿੱਤਾ ਜਾਂਦਾ ਹੈ। ਜੇਕਰ ਕਸਟਮ ਵਿਭਾਗ ਜਵਾਬਾਂ ਨਾਲ ਸਹਿਮਤ ਨਹੀਂ ਹੁੰਦਾ ਤਾਂ ਸੋਨਾ ਡਿਸਪੋਜ਼ ਕਰ ਦਿੱਤਾ ਜਾਂਦਾ ਹੈ। ਜ਼ਬਤ ਕੀਤੇ ਸੋਨੇ ਨੂੰ ਸੀਲ ਕਰਕੇ ਭਾਰਤੀ ਰਿਜ਼ਰਵ ਬੈਂਕ (RBI) ਭੇਜਿਆ ਜਾਂਦਾ ਹੈ, ਜਿੱਥੋਂ ਇਸ ਨੂੰ 999.5 ਸ਼ੁੱਧਤਾ ਵਾਲੇ ਸੋਨੇ ਵਿੱਚ ਬਦਲਿਆ ਜਾਂਦਾ ਹੈ ਅਤੇ ਕਸਟਮ ਵਿਭਾਗ ਨੂੰ ਵਾਪਸ ਭੇਜਿਆ ਜਾਂਦਾ ਹੈ। ਕਸਟਮ ਵਿਭਾਗ ਸੋਨੇ ਨੂੰ ਸੀਲ ਕਰ ਦਿੰਦਾ ਹੈ ਅਤੇ ਇਸ ਨੂੰ ਨਿਲਾਮੀ ਲਈ ਵਾਪਸ ਆਰਬੀਆਈ ਨੂੰ ਭੇਜਦਾ ਹੈ।