ਦੇਸ਼ ਦੀ ਵੰਡ ਤਾਂ ਹੋਈ ਪਰ ਇਸ ਸ਼ਰਬਤ ਨੇ ਹਰੇਕ ਨੂੰ ਕੀਤਾ ਇੱਕ, 1906 ‘ਚ ਤਿਆਰ ਹੋਇਆ ਇਹ ਸ਼ਰਬਤ ਅੱਜ ਹੈ ਹਰ ਕਿਸੇ ਦੀ ਪਸੰਦ

ਗਰਮੀਆਂ ਦੀ ਖਾਸ ਡ੍ਰਿੰਕ ਵਜੋਂ ਮਸ਼ਹੂਰ ਰੂਹ ਅਫ਼ਜ਼ਾ ਹਮੇਸ਼ਾ ਤੋਂ ਇੱਕ ਬਹੁਤ ਹੀ ਪਿਆਰਾ ਡਰਿੰਕ ਰਿਹਾ ਹੈ ਜਿਸ ਨੂੰ ਦੇਸ਼ ਭਰ ਦੇ ਲੋਕ ਪੀੜ੍ਹੀਆਂ ਤੋਂ ਪੀਂਦੇ ਆ ਰਹੇ ਹਨ। ਖਾਸ ਕਰਕੇ ਗਰਮੀਆਂ ਦੇ ਮਹੀਨਿਆਂ ਅਤੇ ਰਮਜ਼ਾਨ ਦੌਰਾਨ, ਜਦੋਂ ਲੋਕ ਰੋਜ਼ੇ ਰੱਖਦੇ ਹਨ ਅਤੇ ਇਫਤਾਰ ਪਾਰਟੀਆਂ ਕਰਦੇ ਹਨ। ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੇ ਰੂਹ ਅਫਜ਼ਾ ਸ਼ਰਬਤ ਨਾ ਚੱਖਿਆ ਹੋਵੇ। ਹਰ ਕਿਸੇ ਦੀ ਇਸ ਗੂੜ੍ਹੇ ਲਾਲ ਰੰਗ ਦੇ ਸ਼ਰਬਤ ਨਾਲ ਕੋਈ ਨਾ ਕੋਈ ਯਾਦ ਜ਼ਰੂਰ ਜੁੜੀ ਹੋਵੇਗੀ। ਤੁਹਾਨੂੰ ਦਸ ਦੇਈਏ ਕਿ ਰੂਹ ਅਫ਼ਜ਼ਾ ਇੱਕ ਸਦੀ ਤੋਂ ਵੀ ਵੱਧ ਪੁਰਾਣਾ ਬਰਾਂਡ ਹੈ। ਇਹ ਸ਼ਰਬਤ ਹਰ ਘਰ ਅਤੇ ਹਰ ਧਰਮ ਵਿੱਚ ਸਵੀਕਾਰ ਕਰ ਲਿਆ ਗਿਆ ਹੈ।
ਇਸ ਦੀ ਖਪਤ ਸਿਰਫ਼ ਭਾਰਤ ਤੱਕ ਸੀਮਤ ਨਹੀਂ ਹੈ। ਪਾਕਿਸਤਾਨ ਦੇ ਲੋਕ ਵੀ ਰੂਹ ਅਫਜ਼ਾ ਨੂੰ ਬਹੁਤ ਪਸੰਦ ਕਰਦੇ ਹਨ, ਨਾਲ ਹੀ ਬੰਗਲਾਦੇਸ਼ ਵਿੱਚ ਰਹਿਣ ਵਾਲੇ ਲੋਕ ਵੀ। ਇਹ ਦੋਵੇਂ ਭਾਰਤ ਦੇ ਗੁਆਂਢੀ ਦੇਸ਼ ਹਨ ਅਤੇ 1947 ਦੀ ਵੰਡ ਦੌਰਾਨ ਭਾਰਤ ਤੋਂ ਵੱਖ ਹੋ ਗਏ ਸਨ। ਇਹ ਕਹਿਣ ਦੀ ਲੋੜ ਨਹੀਂ ਕਿ ਤਿੰਨਾਂ ਦੇਸ਼ਾਂ ਦੇ ਸੱਭਿਆਚਾਰ ਇੱਕੋ ਜਿਹੇ ਹਨ। ਜਿਵੇਂ ਹੀ ਰਮਜ਼ਾਨ ਆਉਂਦਾ ਹੈ, ਇਹ ਮਸ਼ਹੂਰ ਡਰਿੰਕ ਆਪਣੇ ਸੁਆਦੀ ਗੁਲਾਬੀ ਟੇਸਟ ਨਾਲ ਸਰਹੱਦਾਂ ਸਾਂਝੀਆਂ ਕਰਦੀ ਹੈ। ਇਹ ਡਰਿੰਕ ਪਵਿੱਤਰ ਮਹੀਨੇ ਨੂੰ ਮਨਾਉਣ ਲਈ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਇਕੱਠੇ ਕਰਦੀ ਹੈ।
1906 ਵਿੱਚ ਸ਼ੁਰੂ ਹੋਇਆ ਸੀ ਹਮਦਰਦ :
ਦਿਲਚਸਪ ਗੱਲ ਇਹ ਹੈ ਕਿ ਇਸ ਡਰਿੰਕ ਦਾ ਇਤਿਹਾਸ ਵੰਡ ਤੋਂ ਪਹਿਲਾਂ ਦੇ ਭਾਰਤ ਦਾ ਹੈ। ਹਮਦਰਦ ਦੀ ਸ਼ੁਰੂਆਤ 1906 ਵਿੱਚ ਹੋਈ ਸੀ ਅਤੇ ਇਸ ਦੇ ਸੰਸਥਾਪਕ ਅਬਦੁਲ ਹਮੀਦ ਸਨ, ਜੋ ਪੁਰਾਣੀ ਦਿੱਲੀ ਦੇ ਇੱਕ ਯੂਨਾਨੀ ਹਕੀਮ ਸਨ। ਕੁਝ ਸਾਲ ਪਹਿਲਾਂ, ਅਜਿਹੇ ਦੋਸ਼ ਲਗਾਏ ਗਏ ਸਨ ਕਿ ਰੂਹ ਅਫਜ਼ਾ ਦੀ ਪ੍ਰਾਡਕਸ਼ਨ ਪਾਕਿਸਤਾਨ ਵਿੱਚ ਕੀਤੀ ਜਾਂਦੀ ਹੈ ਪਰ ਇਹ ਭਾਰਤ ਵਿੱਚ ਵੇਚਿਆ ਜਾਂਦਾ ਹੈ। ਇੱਕ ਰਿਪੋਰਟ ਦੇ ਅਨੁਸਾਰ, ਹਮਦਰਦ ਲੈਬਾਰਟਰੀਜ਼ (ਇੰਡੀਆ) ਦੇ ਫੂਡ ਡਿਵੀਜ਼ਨ ਦੇ ਸੀਈਓ ਅਤੇ ਟਰੱਸਟੀ ਅਤੇ ਅਬਦੁਲ ਹਮੀਦ ਦੇ ਪੋਤੇ ਹਾਮਿਦ ਅਹਿਮਦ ਨੇ ਕਿਹਾ ਕਿ ਇਸ ਡਰਿੰਕ ਦਾ ਟ੍ਰੇਡਮਾਰਕ ਹਮਦਰਦ ਲੈਬਾਰਟਰੀਜ਼ (ਇੰਡੀਆ) ਨਾਲ ਹੈ।
ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਵੀ ਹਮਦਰਦ ਮੌਜੂਦ ਹੈ:
ਹਾਮਿਦ ਅਹਿਮਦ ਨੇ ਕਿਹਾ, “1906 ਵਿੱਚ, ਸਿਰਫ਼ ਇੱਕ ਹੀ ਹਮਦਰਦ ਸੀ, ਪਰ 1947 ਤੋਂ ਬਾਅਦ, ਜਦੋਂ ਮੇਰੇ ਪੜਦਾਦਾ ਆਪਣੇ ਇੱਕ ਪੁੱਤਰ ਨਾਲ ਭਾਰਤ ਵਿੱਚ ਰਹੇ, ਤਾਂ ਉਨ੍ਹਾਂ ਦਾ ਦੂਜਾ ਪੁੱਤਰ ਹਕੀਮ ਮੁਹੰਮਦ ਸਈਦ ਪਾਕਿਸਤਾਨ ਚਲਾ ਗਿਆ ਅਤੇ ਉੱਥੇ ਇੱਕ ਹੋਰ ਹਮਦਰਦ ਸ਼ੁਰੂ ਕੀਤਾ। ਫਿਰ, ਜਦੋਂ 1971 ਵਿੱਚ ਬੰਗਲਾਦੇਸ਼ ਹੋਂਦ ਵਿੱਚ ਆਇਆ, ਤਾਂ ਇੱਕ ਤੀਜਾ ਹਮਦਰਦ ਹੋਂਦ ਵਿੱਚ ਆਇਆ, ਹਮਦਰਦ ਬੰਗਲਾਦੇਸ਼। ਪਰ ਤਿੰਨੋਂ ਹੀ ਰੂਹ ਅਫ਼ਜ਼ਾ ਬਣਾਉਂਦੇ ਹਨ।” ਹਾਮਿਦ ਅਹਿਮਦ ਨੇ ਕਿਹਾ ਕਿ ਹਮਦਰਦ ਦੁਆਰਾ 1907 ਵਿੱਚ ਬਣਾਇਆ ਗਿਆ ਪਹਿਲਾ ਬ੍ਰਾਂਡੇਡ ਉਤਪਾਦ ਇੱਕ ਸਧਾਰਨ ਰੂਹ ਅਫ਼ਜ਼ਾ ਸੀ। ਉਨ੍ਹਾਂ ਕਿਹਾ, “ਇਹ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਜਨਮ ਤੋਂ ਵੀ ਪੁਰਾਣਾ ਹੈ। ਇਹ ਇੱਕ ਭਾਰਤੀ ਉਤਪਾਦ ਹੈ।”
ਰੂਹ ਅਫ਼ਜ਼ਾ ਅਸਲ ਵਿੱਚ ਇੱਕ ਪੀਣ ਵਾਲੇ ਪਦਾਰਥ ਜਾਂ ਸ਼ਰਬਤ ਨਾਲੋਂ ਇੱਕ ਦਵਾਈ ਸੀ ਅਤੇ ਇਸ ਵਿੱਚ ਠੰਢਕ ਦੇਣ ਵਾਲੇ ਗੁਣ ਹੁੰਦੇ ਹਨ। ਇਹੀ ਕਾਰਨ ਹੈ ਕਿ ਗਰਮੀਆਂ ਵਿੱਚ ਇਸ ਦੀ ਮੰਗ ਹਮੇਸ਼ਾ ਰਹਿੰਦੀ ਹੈ। ਭਾਵੇਂ ਇਸ ਦੇ ਤੱਤ ਕਈ ਸਾਲਾਂ ਤੋਂ ਇੱਕੋ ਜਿਹੇ ਹੀ ਰਹੇ ਹਨ, ਪਰ ਹੁਣ ਨਵੀਂ ਤਕਨਾਲੋਜੀ ਦੇ ਆਉਣ ਨਾਲ ਇਸ ਨੂੰ ਤਿਆਰ ਕਰਨ ਦੇ ਤਰੀਕੇ ਵਿੱਚ ਬਦਲਾਅ ਆਇਆ ਹੈ। ਜਦੋਂ ਇਸ ਨੂੰ 1907 ਵਿੱਚ ਲਾਂਚ ਕੀਤਾ ਗਿਆ ਸੀ, ਤਾਂ ਇਹ ਸ਼ਾਇਦ ਇੱਕ ਛੋਟੀ ਜਿਹੀ ਰਸੋਈ ਵਿੱਚ ਬਣਾਇਆ ਜਾਂਦਾ ਸੀ, ਪਰ ਅੱਜ ਇਸ ਨੂੰ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਕੇ ਫੈਕਟਰੀਆਂ ਵਿੱਚ ਤਿਆਰ ਕੀਤਾ ਜਾਂਦਾ ਹੈ। ਇਸ ਡਰਿੰਕ ਨੂੰ ਤਿਆਰ ਕਰਨ ਲਈ, ਠੰਡੀਆਂ ਸਬਜ਼ੀਆਂ, ਫਲਾਂ ਦੇ ਰਸ ਅਤੇ ਖੁਸ਼ਬੂਦਾਰ ਅਰਕ ਵਰਤੇ ਜਾਂਦੇ ਹਨ। ਸਮੇਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਹੁਣ ਇਸ ਦਾ ਸ਼ੂਗਰ ਫ੍ਰੀ ਵਰਜ਼ਨ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ।
‘ਰੂਹ ਅਫਜ਼ਾ’ ਨਾਮ ਕਿੱਥੋਂ ਆਇਆ: ਇਸ ਸ਼ਾਨਦਾਰ ਡਰਿੰਕ ਦਾ ਨਾਮ ‘ਰੂਹ ਅਫਜ਼ਾ’ ਰੱਖਿਆ ਗਿਆ ਸੀ। ਜਿਸ ਦਾ ਅਰਥ ਹੈ ਆਤਮਾ ਨੂੰ ਤਾਜ਼ਗੀ ਦੇਣਾ। ਇਹ ਡਰਿੰਕ ਲਾਂਚ ਹੁੰਦੇ ਹੀ ਤੁਰੰਤ ਭਾਰਤੀਆਂ ਨੂੰ ਪਸੰਦ ਆ ਗਈ। “ਰੂਹ ਅਫ਼ਜ਼ਾ” ਸ਼ਬਦ ਇੱਕ ਕਿਤਾਬ ‘ਮਸਨਵੀ ਗੁਲਜ਼ਾਰ ਏ ਨਸੀਮ’ ਤੋਂ ਲਿਆ ਗਿਆ ਹੈ। ਇਸ ਕਿਤਾਬ ਦੇ ਲੇਖਕ ਲਖਨਊ ਦੇ ਪੰਡਿਤ ਦਯਾ ਸ਼ੰਕਰ ‘ਨਸੀਮ’ ਸਨ। ਸ਼ੁਰੂ ਵਿੱਚ ਦਿੱਲੀ ਦੀ ਤੇਜ਼ ਗਰਮੀ ਤੋਂ ਰਾਹਤ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ, ਰੂਹ ਅਫਜ਼ਾ ਜਲਦੀ ਹੀ ਦੱਖਣੀ ਏਸ਼ੀਆ, ਵਿਦੇਸ਼ਾਂ ਅਤੇ ਇੱਥੋਂ ਤੱਕ ਕਿ ਖਾੜੀ ਦੇਸ਼ਾਂ ਵਿੱਚ ਵੀ ਬਹੁਤ ਪ੍ਰਸਿੱਧੀ ਪ੍ਰਾਪਤ ਕਰਨ ਲੱਗਾ।
ਹਕੀਮ ਅਬਦੁਲ ਮਜੀਦ ਦੁਆਰਾ ਤਿਆਰ ਕੀਤਾ ਗਿਆ ਇਹ ਸ਼ਰਬਤ ਲੋਕਾਂ ਵਿੱਚ ਇੰਨਾ ਮਸ਼ਹੂਰ ਹੋਇਆ ਕਿ ਲੋਕ ਇਸ ਨੂੰ ਖਰੀਦਣ ਲਈ ਆਪਣੇ ਘਰਾਂ ਤੋਂ ਭਾਂਡੇ ਲੈ ਕੇ ਜਾਣ ਲੱਗੇ। 1915 ਤੱਕ, ਰੂਹ ਅਫ਼ਜ਼ਾ ਦਾ ਨਾਮ ਦਿੱਲੀ ਵਿੱਚ ਹਰ ਕਿਸੇ ਦੀ ਜ਼ੁਬਾਨ ‘ਤੇ ਸੀ। ਪਰ ਇਸ ਨੂੰ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚਾਉਣ ਲਈ, ਹਕੀਮ ਅਬਦੁਲ ਮਾਜਿਦ ਨੇ ਇਸ ਦੀ ਬ੍ਰਾਂਡਿੰਗ ਸ਼ੁਰੂ ਕਰ ਦਿੱਤੀ। ਇਸ ਲਈ, ਰੂਹ ਅਫਜ਼ਾ ਦਾ ਲੋਗੋ ਮੁੰਬਈ ਦੇ ਇੱਕ ਪ੍ਰਿੰਟਿੰਗ ਪ੍ਰੈਸ ਤੋਂ ਬਣਾਇਆ ਗਿਆ ਸੀ, ਜਦੋਂ ਕਿ ਬੋਤਲ ਦਾ ਡਿਜ਼ਾਈਨ ਜਰਮਨੀ ਵਿੱਚ ਤਿਆਰ ਕੀਤਾ ਗਿਆ ਸੀ। ਅੱਜ ਹਮਦਰਦ ਕੰਪਨੀ ਦਾ ਕਾਰੋਬਾਰ 25 ਤੋਂ ਵੱਧ ਦੇਸ਼ਾਂ ਵਿੱਚ ਹੈ ਅਤੇ ਇਸ ਕੋਲ 600 ਤੋਂ ਵੱਧ ਪ੍ਰਾਡਕਟ ਹਨ। 2020 ਦੇ ਅੰਕੜਿਆਂ ਅਨੁਸਾਰ, ਹਮਦਰਦ ਇੰਡੀਆ ਦਾ ਸਾਲਾਨਾ ਕਾਰੋਬਾਰ ਲਗਭਗ $70 ਮਿਲੀਅਨ ਹੈ। ਇਸ ਨੇ ਸਿਰਫ਼ ਰੂਹ ਅਫ਼ਜ਼ਾ ਦੀ ਵਿਕਰੀ ਤੋਂ $37 ਮਿਲੀਅਨ ਤੋਂ ਵੱਧ ਦੀ ਕਮਾਈ ਕੀਤੀ ਹੈ।