ਮਹਿੰਗਾਈ ਨੇ ਵਧਾਈਆਂ ਸੋਨੇ ਦੇ ਵਪਾਰੀਆਂ ਦੀਆਂ ਚਿੰਤਾਵਾਂ, ਤਿਉਹਾਰਾਂ ਦੌਰਾਨ ਨਹੀਂ ਦਿਖ ਰਹੀ ਭੀੜ, ਪੜ੍ਹੋ ਬਾਜ਼ਾਰ ਦੇ ਹਾਲਾਤ

ਸੋਨੇ (Gold) ਦੀਆਂ ਵਧਦੀਆਂ ਕੀਮਤਾਂ ਨੇ ਸੋਨੇ ਦੇ ਵਪਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਸਥਿਤੀ ਇਹ ਹੈ ਕਿ ਧਨਤੇਰਸ (Dhanteras) ਅਤੇ ਦੀਵਾਲੀ (Diwali) ਵਰਗੇ ਤਿਉਹਾਰਾਂ ਦਰਮਿਆਨ ਗਾਹਕਾਂ ਦੀ ਭੀੜ ਉਮੀਦ ਤੋਂ ਘੱਟ ਹੈ। ਵਪਾਰੀਆਂ ਨੂੰ ਡਰ ਹੈ ਕਿ ਇਸ ਸੀਜ਼ਨ ‘ਚ ਸੋਨੇ ਦੀ ਚਮਕ ਫਿੱਕੀ ਪੈ ਸਕਦੀ ਹੈ। ਦੱਸ ਦੇਈਏ ਕਿ ਪਿਛਲੇ ਧਨਤੇਰਸ ਤੋਂ ਹੁਣ ਤੱਕ ਸੋਨੇ ਦੀਆਂ ਕੀਮਤਾਂ ਵਿੱਚ 25-30 ਫੀਸਦੀ ਦਾ ਵਾਧਾ ਹੋਇਆ ਹੈ। ਇਹ ਕੀਮਤੀ ਧਾਤੂ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਆਪਣੇ ਉੱਚੇ ਪੱਧਰ ਦੇ ਨੇੜੇ ਬਣੀ ਹੋਈ ਹੈ।
23 ਅਕਤੂਬਰ (October) ਨੂੰ ਕੌਮਾਂਤਰੀ ਬਾਜ਼ਾਰ (International Market) ‘ਚ ਸੋਨਾ 2,759 ਡਾਲਰ (Dollar) ਪ੍ਰਤੀ ਔਂਸ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਇਹ 2,700 ਡਾਲਰ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ। ਮੁੰਬਈ (Mumbai) ਦੇ ਸਪਾਟ ਬਾਜ਼ਾਰ ‘ਚ ਸੋਨਾ 79,500 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ ਹੈ, ਜਦੋਂ ਕਿ ਪਿਛਲੇ ਧਨਤੇਰਸ ਦੌਰਾਨ ਇਹ ਕੀਮਤ 62,000 ਰੁਪਏ ਦੇ ਕਰੀਬ ਸੀ।
ਸੋਨੇ ਦੇ ਵਪਾਰੀਆਂ ਵਿਚ ਵਧ ਗਿਆ ਹੈ ਤਣਾਅ
ਹਾਲਾਂਕਿ ਪਿਛਲੇ ਹਫਤੇ ਦੇ ਰਿਕਾਰਡ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਥੋੜ੍ਹੀ ਗਿਰਾਵਟ ਆਈ ਹੈ, ਪਰ ਮੌਜੂਦਾ ਉੱਚੀਆਂ ਕੀਮਤਾਂ ਨੇ 2023 ਦੇ ਮੁਕਾਬਲੇ ਇਸ ਸਾਲ ਵਿਕਰੀ ਵਿੱਚ ਗਿਰਾਵਟ ਨੂੰ ਲੈ ਕੇ ਗਹਿਣਾ ਵਿਕਰੇਤਾਵਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਟਾਈਮਜ਼ ਆਫ਼ ਇੰਡੀਆ (Times of India) ਦੀ ਇੱਕ ਰਿਪੋਰਟ ਦੇ ਅਨੁਸਾਰ, ਅਵਿਨਾਸ਼ ਗੁਪਤਾ (Avinash Gupta), ਆਲ ਇੰਡੀਆ ਜੇਮ ਐਂਡ ਜਿਊਲਰੀ ਡੋਮੇਸਟਿਕ ਕੌਂਸਲ ((All India Gem Jewellry Domestic Council) ਦੇ ਡਾਇਰੈਕਟਰ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ਵਿੱਚ ਬੇਮਿਸਾਲ ਵਾਧਾ ਇਸ ਤਿਉਹਾਰੀ ਸੀਜ਼ਨ ਵਿੱਚ ਮੰਗ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਧਨਤੇਰਸ ਤੋਂ ਪਹਿਲਾਂ ਦੇ ਦਿਨਾਂ ਵਿੱਚ ਗਾਹਕਾਂ ਦੀ ਭੀੜ ਦੇਖਣ ਨੂੰ ਮਿਲਦੀ ਸੀ ਪਰ ਇਸ ਵਾਰ ਇਹ ਭੀੜ ਘੱਟ ਰਹੀ ਹੈ।
ਮੰਗ ਵਧਾਉਣ ਲਈ ਬ੍ਰਾਂਡ ਦੇ ਰਹੇ ਹਨ ਆਫਰ
ਰਿਪੋਰਟ ਮੁਤਾਬਕ ਇਸ ਵਾਰ ਛੋਟੇ ਆਕਾਰ ਦੇ ਸੋਨੇ ਦੇ ਗਹਿਣਿਆਂ, ਯਾਨੀ 1 ਲੱਖ ਰੁਪਏ ਤੋਂ ਘੱਟ ਕੀਮਤ ਵਾਲੇ ਗਹਿਣਿਆਂ ਦੀ ਮੰਗ ਜ਼ਿਆਦਾ ਹੈ। ਗੁਪਤਾ ਨੇ ਕਿਹਾ, “ਅਸੀਂ ਇਸ ਧਨਤੇਰਸ ਅਤੇ ਦੀਵਾਲੀ ‘ਤੇ ਪ੍ਰਤੀਕਾਤਮਕ ਖਰੀਦਦਾਰੀ ਦੀ ਉਮੀਦ ਕਰ ਰਹੇ ਹਾਂ, ਅਤੇ ਵਿਕਰੀ ਲਗਭਗ 20% ਘਟ ਸਕਦੀ ਹੈ।”
ਉੱਚੀਆਂ ਕੀਮਤਾਂ ਦੇ ਮੱਦੇਨਜ਼ਰ, ਗਹਿਣਿਆਂ ਦੇ ਬ੍ਰਾਂਡਾਂ ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕਈ ਪੇਸ਼ਕਸ਼ਾਂ ਅਤੇ ਸਕੀਮਾਂ ਪੇਸ਼ ਕੀਤੀਆਂ ਹਨ, ਤਾਂ ਜੋ ਲੋਕ ਸ਼ੋਅਰੂਮ ਵਿੱਚ ਆ ਕੇ ਖਰੀਦਦਾਰੀ ਕਰਨ।