ਸੋਮਵਾਰ ਨੂੰ ਖੁੱਲ੍ਹੇ ਰਹਿਣਗੇ ਬੈਂਕ, ਈਦ ਮੌਕੇ ਨਹੀਂ ਹੋਵੇਗੀ ਛੁੱਟੀ, ਜਾਣੋ RBI ਨੇ ਕਿਉਂ ਚੁੱਕਿਆ ਇਹ ਕਦਮ…

ਵਿੱਤੀ ਸਾਲ 2024-25 ਨੂੰ ਖਤਮ ਹੋਣ ਵਿੱਚ ਕੁੱਝ ਹੀ ਦਿਨ ਬਚੇ ਹਨ ਅਤੇ ਇਸ ਦੇ ਨਾਲ ਹੀ ਵਿੱਤੀ ਸਾਲ ਦੇ ਅੰਤਿਮ ਦਿਨ ਯਾਨੀ 31 ਮਾਰਚ 2025 ਨੂੰ ਈਦ ਦਾ ਤਿਉਹਾਰ ਵੀ ਆ ਰਿਹਾ ਹੈ। ਹਰ ਸਾਲ ਈਦ ਦੇ ਤਿਉਹਾਰ ‘ਤੇ ਦੇਸ਼ ਦੀਆਂ ਬੈਂਕਾਂ ਬੰਦ ਰਹਿੰਦੀਆਂ ਹਨ ਪਰ ਇਸ ਵਾਰ RBI ਨੇ ਕੁੱਝ ਵੱਖਰਾ ਹੀ ਕਦਮ ਚੁੱਕਿਆ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਸੋਮਵਾਰ, 31 ਮਾਰਚ 2025 ਨੂੰ ਇਸ ਨੂੰ ਖੁੱਲ੍ਹਾ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਈਦ ਦੇ ਬਾਵਜੂਦ ਵੀ ਬੈਂਕ ਖੁੱਲ੍ਹੇ ਰਹਿਣਗੇ। ਇਹ ਹਦਾਇਤਾਂ ਉਨ੍ਹਾਂ ਸਾਰੇ ਬੈਂਕਾਂ ‘ਤੇ ਲਾਗੂ ਹੋਣਗੀਆਂ ਜੋ ਸਰਕਾਰੀ ਲੈਣ-ਦੇਣ ਨੂੰ ਸੰਭਾਲਦੇ ਹਨ। ਇਹ ਫੈਸਲਾ ਆਰਬੀਆਈ ਨੇ ਵਿੱਤੀ ਸਾਲ 2024-25 ਦੇ ਲੈਣ-ਦੇਣ ਨੂੰ ਸਹੀ ਢੰਗ ਨਾਲ ਨਿਪਟਾਉਣ ਲਈ ਲਿਆ ਹੈ।
31 ਮਾਰਚ ਨੂੰ ਪਹਿਲਾਂ ਛੁੱਟੀ ਕਿਉਂ ਸੀ?
ਦਰਅਸਲ, 31 ਮਾਰਚ, 2025 ਨੂੰ ਰਮਜ਼ਾਨ ਈਦ (ਈਦ-ਉਲ-ਫਿਤਰ) ਕਾਰਨ ਲਗਭਗ ਸਾਰੇ ਰਾਜਾਂ ਵਿੱਚ ਬੈਂਕ ਬੰਦ ਰਹਿਣ ਵਾਲੇ ਸਨ। ਬੈਂਕ ਸਿਰਫ਼ ਹਿਮਾਚਲ ਪ੍ਰਦੇਸ਼ (Himachal Pradesh) ਅਤੇ ਮਿਜ਼ੋਰਮ (Mizoram) ਵਿੱਚ ਹੀ ਖੁੱਲ੍ਹੇ ਰਹਿਣਗੇ। ਪਰ ਹੁਣ ਸਰਕਾਰ ਨੇ ਵਿੱਤੀ ਲੈਣ-ਦੇਣ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਬੈਂਕਾਂ ਨੂੰ ਖੁੱਲ੍ਹਾ ਰੱਖਣ ਦੇ ਹੁਕਮ ਦਿੱਤੇ ਹਨ।
ਕਿਹੜੀਆਂ ਸੇਵਾਵਾਂ ਲਈ ਖੁੱਲ੍ਹੇ ਰਹਿਣਗੇ ਬੈਂਕ?
1. ਸਰਕਾਰੀ ਟੈਕਸ ਭੁਗਤਾਨ – ਆਮਦਨ ਕਰ, ਜੀਐਸਟੀ, ਕਸਟਮ ਡਿਊਟੀ, ਐਕਸਾਈਜ਼ ਡਿਊਟੀ ਆਦਿ
2. ਪੈਨਸ਼ਨ ਅਤੇ ਸਰਕਾਰੀ ਗ੍ਰਾਂਟਾਂ ਦੀ ਅਦਾਇਗੀ
3. ਸਰਕਾਰੀ ਤਨਖਾਹਾਂ ਅਤੇ ਭੱਤਿਆਂ ਦੀ ਵੰਡ
4. ਸਰਕਾਰੀ ਸਕੀਮਾਂ ਅਤੇ ਸਬਸਿਡੀਆਂ ਨਾਲ ਸਬੰਧਤ ਭੁਗਤਾਨ
1 ਅਪ੍ਰੈਲ ਨੂੰ ਰਹੇਗੀ ਬੈਂਕ ਛੁੱਟੀ
ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ, 1 ਅਪ੍ਰੈਲ, 2025 ਨੂੰ ਵੀ ਜ਼ਿਆਦਾਤਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬੈਂਕ ਬੰਦ ਰਹਿਣਗੇ। ਹਰ ਸਾਲ ਵਾਂਗ, ਇਹ ਬੈਂਕਾਂ ਦੇ ਸਾਲਾਨਾ ਖਾਤੇ ਬੰਦ ਹੋਣ ਅਤੇ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਕਾਰਨ ਬੰਦ ਰਹੇਗਾ। ਹਾਲਾਂਕਿ, ਮੇਘਾਲਿਆ (Meghalaya), ਛੱਤੀਸਗੜ੍ਹ (Chhattisgarh), ਮਿਜ਼ੋਰਮ (Mizoram), ਪੱਛਮੀ ਬੰਗਾਲ (West Bengal) ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਸ ਦਿਨ ਬੈਂਕ ਖੁੱਲ੍ਹੇ ਰਹਿਣਗੇ।
ਜਾਰੀ ਰਹਿਣਗੀਆਂ ਡਿਜੀਟਲ ਬੈਂਕਿੰਗ ਸੇਵਾਵਾਂ
ਜੇਕਰ ਤੁਸੀਂ ਔਨਲਾਈਨ ਬੈਂਕਿੰਗ ਦੀ ਵਰਤੋਂ ਕਰਦੇ ਹੋ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਮੋਬਾਈਲ ਬੈਂਕਿੰਗ, ਔਨਲਾਈਨ ਫੰਡ ਟ੍ਰਾਂਸਫਰ ਅਤੇ ਸਰਕਾਰੀ ਟੈਕਸ ਭੁਗਤਾਨ ਵਰਗੀਆਂ ਡਿਜੀਟਲ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ। ਹਾਲਾਂਕਿ, ਗਾਹਕ ਕਿਸੇ ਵੀ ਅਪਡੇਟ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ।