ਐਮਸਟਰਡਮ ਦੇ ਟੂਰਿਸਟ ਹੌਟਸਪੌਟ ‘ਤੇ ਚਾਕੂਬਾਜ਼ੀ ਕਾਰਨ ਦਹਿਸ਼ਤ! ਕਈ ਲੋਕ ਜ਼ਖਮੀ, ਪੁਲਿਸ ਨੇ ਇਲਾਕੇ ਨੂੰ ਘੇਰਿਆ

ਐਮਸਟਰਡਮ ਦੇ ਡੈਮ ਸਕੁਏਅਰ ‘ਤੇ ਵੀਰਵਾਰ ਨੂੰ ਚਾਕੂ ਮਾਰਨ ਦੀ ਘਟਨਾ ਵਾਪਰੀ, ਜਿਸ ‘ਚ ਪੰਜ ਲੋਕ ਜ਼ਖਮੀ ਹੋ ਗਏ। ਡੱਚ ਪੁਲਿਸ ਨੇ ਕਿਹਾ ਕਿ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਘਟਨਾ ਵਾਲੀ ਥਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਹਮਲੇ ਦਾ ਕਾਰਨ ਅਤੇ ਮਕਸਦ ਸਪੱਸ਼ਟ ਨਹੀਂ ਹੈ। ਪੁਲਸ ਨੇ ਬਿਆਨ ‘ਚ ਕਿਹਾ, ‘ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।’ ਜ਼ਖਮੀਆਂ ਦੀ ਹਾਲਤ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਐਮਸਟਰਡਮ ਦੀ ਮੇਅਰ ਫੇਮਕੇ ਹਲਸੇਮਾ ਘਟਨਾ ਤੋਂ ਬਾਅਦ ਟਾਊਨ ਹਾਲ ਦੀ ਮੀਟਿੰਗ ਅੱਧ ਵਿਚਾਲੇ ਛੱਡ ਗਈ। ANP ਨਿਊਜ਼ ਏਜੰਸੀ ਦੁਆਰਾ ਲਈਆਂ ਗਈਆਂ ਤਸਵੀਰਾਂ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਜ਼ਖਮੀ ਵਿਅਕਤੀ ਨੂੰ ਐਂਬੂਲੈਂਸ ਵਿੱਚ ਸਟ੍ਰੈਚਰ ‘ਤੇ ਲਿਜਾਇਆ ਜਾ ਰਿਹਾ ਸੀ।
ਰੌਲਾ ਪੈਣ ‘ਤੇ ਮਚ ਗਈ ਹਫੜਾ-ਦਫੜੀ
ਪੁਲਿਸ ਵੈਨਾਂ, ਐਂਬੂਲੈਂਸਾਂ ਅਤੇ ਇੱਕ ਟਰਾਮਾ ਹੈਲੀਕਾਪਟਰ ਨੂੰ ਘਟਨਾ ਸਥਾਨ ‘ਤੇ ਤਾਇਨਾਤ ਕੀਤਾ ਗਿਆ ਹੈ। ਇੱਕ ਚਸ਼ਮਦੀਦ ਨੇ ਕਿਹਾ ਕਿ ਉਸਨੇ ਇੱਕ “ਭਿਆਨਕ ਚੀਕ” ਸੁਣੀ, ਜਿਸ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਸਟੋਰ ਦੇ ਇੱਕ ਕਰਮਚਾਰੀ ਨੇ ਕਿਹਾ, “ਅਚਾਨਕ ਬਹੁਤ ਸਾਰੇ ਲੋਕ ਚੀਕਣ ਅਤੇ ਭੱਜਣ ਲੱਗੇ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਦੀ ਵੀਡੀਓ ਜਾਂ ਤਸਵੀਰਾਂ ਹਨ, ਤਾਂ ਉਹ ਜਾਂਚ ਲਈ ਅਪਲੋਡ ਕਰਨ।