ਪਹਿਲੇ 6 ਮੈਚਾਂ ‘ਚ 5 ਸੈਂਕੜੇ, ਹੁਣ ਇੱਕ ਓਵਰ ‘ਚ 28 ਦੌੜਾਂ, ਕਿੱਥੇ ਹਨ BCCI ਅਤੇ ਚੋਣਕਾਰਾਂ ਦੀਆਂ ਨਜ਼ਰਾਂ?

ਵਿਜੇ ਹਜ਼ਾਰੇ ਟਰਾਫੀ ‘ਚ ਬੇਮਿਸਾਲ ਪ੍ਰਦਰਸ਼ਨ ਕਰ ਰਹੇ ਕਰੁਣ ਨਾਇਰ ਨੇ ਸੈਮੀਫਾਈਨਲ ‘ਚ ਆਪਣੀ ਜ਼ਬਰਦਸਤ ਫਾਰਮ ਦਿਖਾਈ। ਵਿਦਰਭ ਦੇ ਕਪਤਾਨ ਕਰੁਣ ਨਾਇਰ ਨੇ ਮਹਾਰਾਸ਼ਟਰ ਖਿਲਾਫ ਇੱਕ ਓਵਰ ਵਿੱਚ 28 ਦੌੜਾਂ ਬਣਾਈਆਂ। ਰਜਨੀਸ਼ ਗੁਰਬਾਣੀ ਕਰੁਣ ਦੀ ਤੂਫਾਨੀ ਬੱਲੇਬਾਜ਼ੀ ਦਾ ਸ਼ਿਕਾਰ ਬਣੇ, ਜਿਨ੍ਹਾਂ ਦੇ ਆਖਰੀ ਓਵਰ ‘ਚ ਹਰ ਗੇਂਦ ਬਾਊਂਡਰੀ ਤੋਂ ਪਾਰ ਗਈ। ਵਿਦਰਭ ਨੇ ਆਪਣੇ ਕਪਤਾਨ ਕਰੁਣ ਨਾਇਰ ਦੀ ਸ਼ਾਨਦਾਰ ਪਾਰੀ ਅਤੇ ਯਸ਼ ਰਾਠੌਰ ਅਤੇ ਧਰੁਵ ਸ਼ੋਰੇ ਦੇ ਸੈਂਕੜੇ ਦੀ ਬਦੌਲਤ 380 ਦੌੜਾਂ ਬਣਾਈਆਂ। ਜਿਤੇਸ਼ ਸ਼ਰਮਾ ਨੇ ਵੀ 51 ਦੌੜਾਂ ਦੀ ਪਾਰੀ ਖੇਡੀ।
ਵਿਜੇ ਹਜ਼ਾਰੇ ਟਰਾਫੀ ਦਾ ਦੂਜਾ ਸੈਮੀਫਾਈਨਲ ਵੀਰਵਾਰ ਨੂੰ ਮਹਾਰਾਸ਼ਟਰ ਅਤੇ ਵਿਦਰਭ ਵਿਚਾਲੇ ਖੇਡਿਆ ਗਿਆ। ਵੀਰਵਾਰ ਨੂੰ ਹੋਏ ਇਸ ਮੈਚ ‘ਚ ਵਿਦਰਭ ਦੇ ਦੋਵੇਂ ਸਲਾਮੀ ਬੱਲੇਬਾਜ਼ ਯਸ਼ ਰਾਠੌਰ ਅਤੇ ਧਰੁਵ ਸ਼ੋਰੇ ਨੇ ਸੈਂਕੜੇ ਲਗਾਏ। ਯਸ਼ ਰਾਠੌੜ ਨੇ 116 ਦੌੜਾਂ ਅਤੇ ਧਰੁਵ ਸ਼ੋਰੇ ਨੇ 114 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ 224 ਦੌੜਾਂ ਦੀ ਸਾਂਝੇਦਾਰੀ ਕੀਤੀ। ਯਸ਼ ਰਾਠੌੜ ਦੇ ਆਊਟ ਹੋਣ ਕਾਰਨ ਇਹ ਜੋੜੀ ਟੁੱਟ ਗਈ। ਇਸ ਤੋਂ ਬਾਅਦ ਕਪਤਾਨ ਕਰੁਣ ਨਾਇਰ ਮੈਦਾਨ ‘ਤੇ ਆਏ।
ਕਰੁਣ ਨਾਇਰ 35ਵੇਂ ਓਵਰ ਵਿੱਚ ਬੱਲੇਬਾਜ਼ੀ ਕਰਨ ਆਏ। ਉਨ੍ਹਾਂ ਨੇ ਜਿਤੇਸ਼ ਸ਼ਰਮਾ ਦੇ ਨਾਲ 93 ਦੌੜਾਂ ਦੀ ਸਾਂਝੇਦਾਰੀ ਕਰ ਕੇ ਵਿਦਰਭ ਨੂੰ ਵੱਡੇ ਸਕੋਰ ਵੱਲ ਲਿਜਾਇਆ। ਜਿਤੇਸ਼ ਸ਼ਰਮਾ 49ਵੇਂ ਓਵਰ ਵਿੱਚ 51 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕਰੁਣ ਨਾਇਰ ਨੇ 50ਵੇਂ ਓਵਰ ‘ਚ ਆਪਣੀ ਜ਼ਬਰਦਸਤ ਫਾਰਮ ਦਿਖਾਈ। ਉਨ੍ਹਾਂ ਨੇ ਰਜਨੀਸ਼ ਗੁਰਬਾਣੀ ਦੇ ਇਸ ਓਵਰ ‘ਚ 2 ਛੱਕੇ ਅਤੇ 4 ਚੌਕੇ ਲਗਾਏ। ਉਨ੍ਹਾਂ ਨੇ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ ‘ਤੇ ਚੌਕਾ ਲਗਾਇਆ ਅਤੇ ਫਿਰ ਛੱਕਾ ਲਗਾਇਆ। ਅਗਲੀਆਂ ਤਿੰਨ ਗੇਂਦਾਂ ‘ਤੇ ਵੀ ਇਹੀ ਸਿਲਸਿਲਾ ਦੇਖਣ ਨੂੰ ਮਿਲਿਆ। ਚੌਥੀ ਅਤੇ ਪੰਜਵੀਂ ਗੇਂਦ ‘ਤੇ ਚੌਕੇ ਲਗਾਉਣ ਤੋਂ ਬਾਅਦ ਕਰੁਣ ਨੇ ਪਾਰੀ ਦੀ ਆਖਰੀ ਗੇਂਦ ‘ਤੇ ਛੱਕਾ ਜੜਿਆ।