ਪਾਕਿਸਤਾਨੀ ਫੌਜ ਨੇ 33 ਬਾਗੀਆਂ ਨੂੰ ਮਾਰਨ ਦਾ ਕੀਤਾ ਦਾਅਵਾ, BLA ਨੇ ਪਾਕਿਸਤਾਨੀ ਫੌਜ ਦੇ ਦਾਅਵਿਆਂ ਨੂੰ ਕੀਤਾ ਖਾਰਿਜ

ਇਨ੍ਹੀਂ ਦਿਨੀਂ ਪਾਕਿਸਤਾਨ ਹਰ ਪਾਸਿਓਂ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ। ਬਲੋਚਿਸਤਾਨ ਵਿੱਚ ਰੇਲ ਅਗਵਾ ਹੋਣ ਦੀ ਘਟਨਾ ‘ਤੇ ਰੂਸ ਅਤੇ ਅਫਗਾਨਿਸਤਾਨ ਵਰਗੇ ਮਿੱਤਰ ਮੰਨੇ ਜਾਂਦੇ ਦੇਸ਼ਾਂ ਤੋਂ ਇਸ ਨੂੰ ਫਟਕਾਰ ਅਤੇ ਤਾੜਨਾ ਮਿਲੀ ਸੀ ਅਤੇ ਹੁਣ ਭਾਰਤ ਤੋਂ ਵੀ ਇਸ ਨੂੰ ਥੋੜੀ ਫਟਕਾਰ ਮਿਲੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਜਾਫਰ ਐਕਸਪ੍ਰੈਸ ਨੂੰ ਹਾਈਜੈਕ ਕਰਨ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਭਾਰਤ ਨੇ ਪਾਕਿਸਤਾਨ ਦੀ ਇਸ ਬਕਵਾਸ ਨੂੰ ਸਖ਼ਤੀ ਨਾਲ ਨਕਾਰ ਦਿੱਤਾ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ (MEA) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਅਸੀਂ ਪਾਕਿਸਤਾਨ ਵੱਲੋਂ ਲਾਏ ਗਏ ਬੇਬੁਨਿਆਦ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ। ਪੂਰੀ ਦੁਨੀਆ ਜਾਣਦੀ ਹੈ ਕਿ ਗਲੋਬਲ ਅੱਤਵਾਦ ਦਾ ਕੇਂਦਰ ਕਿੱਥੇ ਹੈ। ਪਾਕਿਸਤਾਨ ਨੂੰ ਦੂਜਿਆਂ ‘ਤੇ ਉਂਗਲ ਉਠਾਉਣ ਅਤੇ ਆਪਣੀਆਂ ਅੰਦਰੂਨੀ ਅਸਫਲਤਾਵਾਂ ਲਈ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਆਤਮ ਚਿੰਤਨ ਕਰਨਾ ਚਾਹੀਦਾ ਹੈ।
ਪਾਕਿਸਤਾਨ ਨੇ ਕੀ ਕਿਹਾ?
ਇਸ ਕਾਰਨ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸ਼ਫਕਤ ਅਲੀ ਖਾਨ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਜਾਫਰ ਐਕਸਪ੍ਰੈਸ ‘ਤੇ ਹਮਲੇ ‘ਚ ਸ਼ਾਮਲ ਬਾਗੀ ਅਫਗਾਨਿਸਤਾਨ ‘ਚ ਆਪਣੇ ਨੇਤਾਵਾਂ ਦੇ ਸੰਪਰਕ ‘ਚ ਸਨ। ਸ਼ਫਕਤ ਅਲੀ ਖਾਨ ਨੇ ਆਪਣੀ ਹਫਤਾਵਾਰੀ ਪ੍ਰੈੱਸ ਬ੍ਰੀਫਿੰਗ ‘ਚ ਕਿਹਾ, ‘ਭਾਰਤ ਪਾਕਿਸਤਾਨ ‘ਚ ਅੱਤਵਾਦ ਨੂੰ ਉਤਸ਼ਾਹਿਤ ਕਰਨ ‘ਚ ਸ਼ਾਮਲ ਰਿਹਾ ਹੈ। ਜਾਫਰ ਐਕਸਪ੍ਰੈਸ ‘ਤੇ ਹੋਏ ਹਮਲੇ ‘ਚ ਵੀ ਅੱਤਵਾਦੀ ਅਫਗਾਨਿਸਤਾਨ ‘ਚ ਆਪਣੇ ਹੈਂਡਲਰਾਂ ਅਤੇ ਨੇਤਾਵਾਂ ਦੇ ਸੰਪਰਕ ‘ਚ ਸਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸਬੰਧ ਲੰਬੇ ਸਮੇਂ ਤੋਂ ਤਣਾਅਪੂਰਨ ਬਣੇ ਹੋਏ ਹਨ। ਪਾਕਿਸਤਾਨ ਦਾ ਦੋਸ਼ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਪਾਕਿਸਤਾਨ ਵਿੱਚ ਹਮਲੇ ਕਰਨ ਲਈ ਅਫਗਾਨ ਜ਼ਮੀਨ ਦੀ ਵਰਤੋਂ ਕਰ ਰਿਹਾ ਹੈ। ਹਾਲਾਂਕਿ ਕਾਬੁਲ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ।
ਪਾਕਿਸਤਾਨੀ ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਦੇ ਸਾਰੇ 33 ਬਾਗੀਆਂ ਨੂੰ ਮਾਰ ਦਿੱਤਾ ਹੈ, ਜਿਨ੍ਹਾਂ ਨੇ ਜਾਫਰ ਐਕਸਪ੍ਰੈੱਸ ਨੂੰ ਹਾਈਜੈਕ ਕੀਤਾ ਸੀ। ਹਾਲਾਂਕਿ ਪਾਕਿਸਤਾਨੀ ਫੌਜ ਨੇ ਇਸ ਕਥਿਤ ‘ਸਫਲ ਅਪਰੇਸ਼ਨ’ ਦੀ ਕੋਈ ਫੋਟੋ ਜਾਂ ਵੀਡੀਓ ਜਾਰੀ ਨਹੀਂ ਕੀਤੀ ਹੈ।
BLA ਨੇ ਦਿੱਤੀ ਚੁਣੌਤੀ
ਦੂਜੇ ਪਾਸੇ ਬਲੋਚ ਵਿਦਰੋਹੀ ਸੰਗਠਨ ਬੀਐੱਲਏ ਨੇ ਪਾਕਿਸਤਾਨੀ ਫੌਜ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ‘ਕਈ ਮੋਰਚਿਆਂ ‘ਤੇ ਅਜੇ ਵੀ ਜੰਗ ਜਾਰੀ ਹੈ।’ ਬੀਐੱਲਏ ਦੇ ਬੁਲਾਰੇ ਜ਼ਿੰਦ ਬਲੋਚ ਨੇ ਕਿਹਾ, ‘ਪਾਕਿਸਤਾਨੀ ਫੌਜ ਨਾ ਤਾਂ ਜੰਗ ਦੇ ਮੈਦਾਨ ‘ਤੇ ਜਿੱਤ ਹਾਸਲ ਕਰ ਸਕੀ ਹੈ ਅਤੇ ਨਾ ਹੀ ਆਪਣੇ ਬੰਧਕ ਸੈਨਿਕਾਂ ਨੂੰ ਛੁਡਾਉਣ ‘ਚ ਕਾਮਯਾਬ ਰਹੀ ਹੈ।’ ਉਸ ਨੇ ਪਾਕਿਸਤਾਨੀ ਫੌਜ ‘ਤੇ ‘ਆਪਣੇ ਹੀ ਸੈਨਿਕਾਂ ਨੂੰ ਛੱਡਣ ਅਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਮਰਨ ਲਈ ਛੱਡਣ’ ਦਾ ਦੋਸ਼ ਲਗਾਇਆ।
ਜਾਫਰ ਐਕਸਪ੍ਰੈਸ ਤੋਂ ਰਿਹਾਅ ਹੋਏ ਕੁਝ ਯਾਤਰੀ ਕਵੇਟਾ ਪਹੁੰਚੇ ਅਤੇ ਪਾਕਿਸਤਾਨੀ ਮੀਡੀਆ ਨੂੰ ਦੱਸਿਆ ਕਿ ਬਾਗੀਆਂ ਨੇ ਰੇਲਗੱਡੀ ‘ਤੇ ਕਬਜ਼ਾ ਕਰਨ ਤੋਂ ਤੁਰੰਤ ਬਾਅਦ ਆਪਣੀ ਮਰਜ਼ੀ ਨਾਲ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਰਿਹਾਅ ਕਰ ਦਿੱਤਾ ਸੀ। ਬੀ.ਐਲ.ਏ. ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ‘ਸੁਤੰਤਰ ਪੱਤਰਕਾਰਾਂ ਅਤੇ ਨਿਰਪੱਖ ਨਿਰੀਖਕਾਂ ਨੂੰ ਟਕਰਾਅ ਵਾਲੇ ਖੇਤਰ ‘ਚ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।’ ਸੰਗਠਨ ਦਾ ਮੰਨਣਾ ਹੈ ਕਿ ਜੇਕਰ ਪਾਕਿਸਤਾਨੀ ਫੌਜ ਸੱਚਮੁੱਚ ਜਿੱਤ ਜਾਂਦੀ ਤਾਂ ਇਸ ਨੇ ਪੱਤਰਕਾਰਾਂ ਨੂੰ ਇਲਾਕੇ ਵਿਚ ਜਾਣ ਤੋਂ ਨਹੀਂ ਰੋਕਿਆ ਹੁੰਦਾ। ਬੀ.ਐੱਲ.ਏ. ਦਾ ਕਹਿਣਾ ਹੈ ਕਿ ਫੌਜ ਵੱਲੋਂ ਪੱਤਰਕਾਰਾਂ ਦੇ ਦਾਖਲੇ ‘ਤੇ ਪਾਬੰਦੀ ਇਸ ਗੱਲ ਦਾ ਸਬੂਤ ਹੈ ਕਿ ‘ਹਕੀਕਤ ਕੁਝ ਹੋਰ ਹੈ ਅਤੇ ਪਾਕਿਸਤਾਨੀ ਫੌਜ ਆਪਣੀ ਹਾਰ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।’