ਰਿਹਾਈ ਪਿੱਛੋਂ ਜੇਲ੍ਹ ‘ਚੋਂ ਖੁਸ਼ੀ-ਖੁਸ਼ੀ ਬਾਹਰ ਨਿਕਲ ਰਿਹਾ ਸੀ ਕੈਦੀ, ਰਜਿਸਟਰ ‘ਤੇ ਦਸਤਖਤ ਕਰਦੇ ਸਮੇਂ ਅਚਾਨਕ ਹੋ ਗਈ ਮੌਤ

ਪੱਛਮੀ ਰਾਜਸਥਾਨ ਦੀ ਬਾੜਮੇਰ ਜ਼ਿਲ੍ਹਾ ਜੇਲ੍ਹ ਵਿਚ ਇੱਕ ਕੈਦੀ ਦੀ ਸਿਹਤ ਅਚਾਨਕ ਵਿਗੜ ਜਾਣ ਕਾਰਨ ਮੌਤ ਹੋ ਗਈ। ਜ਼ਮਾਨਤ ਉਤੇ ਰਿਹਾਅ ਹੋਣ ਸਮੇਂ ਕੈਦੀ ਦੀ ਮੌਤ ਹੋਈ। ਇਸ ਨਾਲ ਜੇਲ੍ਹ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ ਹੈ। ਕੈਦੀ ਦੀ ਲਾਸ਼ ਨੂੰ ਸਥਾਨਕ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਉੱਥੇ ਅੱਜ ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਕਰਵਾਇਆ ਜਾਵੇਗਾ।
ਜੁਡੀਸ਼ੀਅਲ ਮੈਜਿਸਟਰੇਟ ਨੇ ਮੁਰਦਾਘਰ ਪਹੁੰਚ ਕੇ ਲਾਸ਼ ਦੀ ਵੀਡੀਓਗ੍ਰਾਫੀ ਕਰਵਾਈ। ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਬਾੜਮੇਰ ਦੇ ਡੀਐਸਪੀ ਰਮੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੰਡਰ ਟਰਾਇਲ ਕੈਦੀ ਭੋਮਾਰਾਮ ਹਿਰਨ ਦੇ ਸ਼ਿਕਾਰ ਦਾ ਦੋਸ਼ੀ ਸੀ। ਇਸ ਮਾਮਲੇ ਵਿੱਚ ਉਹ ਬਾੜਮੇਰ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਸੀ। ਉਹ ਧੂਰੀਮੰਨਾ ਥਾਣਾ ਖੇਤਰ ਦੇ ਖੁਮੇ ਕੀ ਬੇਰੀ ਪਿੰਡ ਦਾ ਰਹਿਣ ਵਾਲਾ ਸੀ। ਉਸ ਨੂੰ ਸ਼ੁੱਕਰਵਾਰ ਨੂੰ ਜ਼ਮਾਨਤ ਮਿਲ ਗਈ। ਸ਼ਾਮ ਨੂੰ ਉਸ ਦਾ ਭਰਾ ਉਸ ਨੂੰ ਲੈਣ ਆਇਆ। ਭੋਮਾਰਾਮ ਜੇਲ੍ਹ ਤੋਂ ਬਾਹਰ ਆਉਣ ਤੋਂ ਪਹਿਲਾਂ ਉੱਥੇ ਰਜਿਸਟਰ ‘ਤੇ ਦਸਤਖਤ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਉਹ ਉੱਥੇ ਹੀ ਡਿੱਗ ਗਿਆ।
ਅੱਜ ਮੈਡੀਕਲ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ
ਇਸ ਨਾਲ ਜੇਲ੍ਹ ਪ੍ਰਸ਼ਾਸਨ ਦੇ ਸਾਹ ਸੂਤੇ ਗਏ। ਕੈਦੀ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ। ਪਰ ਉਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਕੈਦੀ ਦੀ ਲਾਸ਼ ਨੂੰ ਉਥੇ ਹੀ ਮੁਰਦਾਘਰ ਵਿੱਚ ਰਖਵਾ ਦਿੱਤਾ।
ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਬਾਅਦ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਪੁਲਿਸ, ਜੁਡੀਸ਼ੀਅਲ ਮੈਜਿਸਟਰੇਟ ਅਤੇ ਕੈਦੀ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ। ਇਸ ਉਤੇ ਜੁਡੀਸ਼ੀਅਲ ਮੈਜਿਸਟਰੇਟ ਹਸਪਤਾਲ ਪੁੱਜੇ ਅਤੇ ਕੈਦੀ ਦੀ ਵੀਡੀਓਗ੍ਰਾਫੀ ਕਰਵਾਈ। ਕੈਦੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ। ਅੱਜ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਵੀਰਵਾਰ ਰਾਤ ਫਲੋਦੀ ਜ਼ਿਲੇ ਦੇ ਡੇਚੂ ਥਾਣੇ ‘ਚ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਸੀ। ਪੁਲਿਸ ਉਸ ਨੌਜਵਾਨ ਨੂੰ ਬਲਾਤਕਾਰ ਦੇ ਮਾਮਲੇ ‘ਚ ਪੁੱਛਗਿੱਛ ਲਈ ਥਾਣੇ ਲੈ ਕੇ ਆਈ ਸੀ। ਉਥੇ ਹੀ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਥੇ ਹੰਗਾਮਾ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਦੂਜੇ ਪਾਸੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਉਸ ਦੀ ਕੁੱਟਮਾਰ ਕੀਤੀ ਹੈ। ਇਸ ਕਾਰਨ ਉਸ ਦੀ ਮੌਤ ਹੋ ਗਈ ਹੈ।
- First Published :