ਤੁਹਾਡੀ ਨੀਂਦ ਨੂੰ ਪੂਰੀ ਤਰ੍ਹਾਂ ਖ਼ਰਾਬ ਕਰ ਸਕਦੀ ਹੈ Caffeine, ਜਾਣੋ ਰੋਜ਼ਾਨਾ ਕਿੰਨੀ ਮਾਤਰਾ ਹੈ ਸਹੀ

ਅਕਸਰ ਤਣਾਅ, ਮਾੜੀ ਜੀਵਨ ਸ਼ੈਲੀ ਅਤੇ ਕਈ ਵਾਰ ਗੈਰ-ਸਿਹਤਮੰਦ ਭੋਜਨ ਸਾਡੀ ਨੀਂਦ ਨੂੰ ਵਿਗਾੜ ਸਕਦੇ ਹਨ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਨੀਂਦ ਬਹੁਤ ਜ਼ਰੂਰੀ ਹੈ। ਕੀ ਤੁਸੀਂ ਜਾਣਦੇ ਹੋ ਕਿ ਕੈਫ਼ੀਨ ਦਾ ਨੀਂਦ ਨਾਲ ਡੂੰਘਾ ਸਬੰਧ ਹੈ? ਜੇਕਰ ਤੁਸੀਂ ਦਿਨ ਭਰ ਕੈਫ਼ੀਨ ਦੀ ਜ਼ਿਆਦਾ ਮਾਤਰਾ ਲੈਂਦੇ ਹੋ ਤਾਂ ਇਹ ਤੁਹਾਡੇ ਸਰੀਰ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਕਾਰਨ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਬਹੁਤ ਸਾਰੇ ਲੋਕਾਂ ਦਾ ਸਰੀਰ ਬਹੁਤ ਸੰਵੇਦਨਸ਼ੀਲ ਹੁੰਦਾ ਹੈ, ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਹਮੇਸ਼ਾ ਜ਼ਿਆਦਾ ਮਾਤਰਾ ਵਿੱਚ ਕੈਫ਼ੀਨ ਲੈਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਕੈਫ਼ੀਨ 24 ਘੰਟਿਆਂ ਤੱਕ ਸਰੀਰ ਵਿੱਚ ਮੌਜੂਦ ਰਹਿੰਦੀ ਹੈ। ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ, ਜੋ ਤੁਹਾਡੀ ਜੀਵਨ ਸ਼ੈਲੀ ਨੂੰ ਵਿਗਾੜ ਸਕਦੀ ਹੈ।
ਕੈਫ਼ੀਨ ਅਤੇ ਨੀਂਦ ਵਿਚਕਾਰ ਸਬੰਧਾਂ ਬਾਰੇ ਸਮੇਂ-ਸਮੇਂ ਉੱਤੇ ਕਈ ਸਿਹਤ ਮਾਹਿਰ ਸਾਨੂੰ ਸੁਚੇਤ ਕਰਦੇ ਰਹੇ ਹਨ। ਕਈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੈਫ਼ੀਨ ਦੀ ਖਪਤ ਨੀਂਦ ਨਾ ਆਉਣ ਦੇ ਸਮੇਂ ਨੂੰ ਵਧਾਉਂਦੀ ਹੈ, ਜਿਸ ਨਾਲ ਨੀਂਦ ਦੀ ਗੁਣਵੱਤਾ ‘ਤੇ ਅਸਰ ਪੈਂਦਾ ਹੈ। ਜੇਕਰ ਤੁਸੀਂ ਵੀ ਜ਼ਿਆਦਾ ਮਾਤਰਾ ‘ਚ ਕੈਫ਼ੀਨ ਲੈ ਰਹੇ ਹੋ ਤਾਂ ਇਹ ਤੁਹਾਨੂੰ ਡੂੰਘੀ ਨੀਂਦ ‘ਚ ਨਹੀਂ ਜਾਣ ਦੇਵੇਗੀ। ਇਸ ਕਾਰਨ ਤੁਸੀਂ ਅਚਾਨਕ ਨੀਂਦ ਤੋਂ ਜਾਗਣ ਅਤੇ ਬੇਚੈਨੀ ਦੇ ਲੱਛਣ ਆਪਣੇ ਅੰਦਰ ਦੇਖੋਗੇ। ਕਈ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੌਣ ਤੋਂ 6 ਘੰਟੇ ਪਹਿਲਾਂ ਕੈਫ਼ੀਨ ਦਾ ਸੇਵਨ ਕਰਨ ਨਾਲ ਨੀਂਦ ਵਿਗੜ ਸਕਦੀ ਹੈ।
ਕਈ ਰਿਸਰਚ ‘ਚ ਇਸ ਸਿਫ਼ਾਰਸ਼ ਕੀਤੀ ਗਈ ਹੈ ਕਿ ਸੌਣ ਤੋਂ ਘੱਟੋ-ਘੱਟ 6 ਘੰਟੇ ਪਹਿਲਾਂ ਕੈਫ਼ੀਨ ਦੀ ਮਾਤਰਾ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਕੈਫ਼ੀਨ ਦੇ ਪ੍ਰਭਾਵ ਆਮ ਤੌਰ ‘ਤੇ ਖਪਤ ਤੋਂ 30 ਮਿੰਟ ਬਾਅਦ ਸ਼ੁਰੂ ਹੁੰਦੇ ਹਨ। ਇਸ ਤੋਂ ਇਲਾਵਾ, ਬਹੁਤ ਕੁਝ ਇਸ ਦੀ ਵਰਤੋਂ ਅਤੇ ਇਸ ਦੀ ਮਾਤਰਾ ‘ਤੇ ਵੀ ਨਿਰਭਰ ਕਰਦਾ ਹੈ। ਕਈ ਲੋਕਾਂ ਵਿੱਚ ਇਸ ਦਾ ਅਸਰ ਦੇਰੀ ਨਾਲ ਵੀ ਹੁੰਦਾ ਹੈ।
ਕੈਫ਼ੀਨ ਕਈ ਤਰ੍ਹਾਂ ਦੇ ਭੋਜਨਾਂ ਵਿੱਚ ਪਾਈ ਜਾਂਦੀ ਹੈ, ਜਿਸ ਵਿੱਚ ਚਾਕਲੇਟ, ਸਾਫਟ ਡਰਿੰਕਸ, ਚਾਹ ਅਤੇ ਕੌਫ਼ੀ ਸ਼ਾਮਲ ਹਨ। ਇਹ ਕੁਝ ਦਵਾਈਆਂ ਵਿੱਚ ਵੀ ਪਾਈ ਜਾਂਦੀ ਹੈ। ਐਫਡੀਏ (Food and Drug Administration) ਸਿਫ਼ਾਰਿਸ਼ ਕਰਦਾ ਹੈ ਕਿ ਪ੍ਰਤੀ ਦਿਨ 400 ਮਿਲੀਗ੍ਰਾਮ ਕੈਫ਼ੀਨ ਆਮ ਤੌਰ ‘ਤੇ ਬਾਲਗਾਂ ਲਈ ਸੁਰੱਖਿਅਤ ਹੈ, ਪਰ ਚੰਗੀ ਅਤੇ ਵਧੀਆ ਨੀਂਦ ਲਈ ਇਸ ਦੇ ਸੇਵਨ ਨੂੰ ਸੀਮਤ ਕਰਨਾ ਬਹੁਤ ਜ਼ਰੂਰੀ ਹੈ।