ਪਾਕਿਸਤਾਨ ‘ਚ ਫਿਰ ਤੋਂ ਅੱਤਵਾਦੀ ਸਰਗਰਮ, ਵਿਦੇਸ਼ੀਆਂ ਨੂੰ ਅਗਵਾ ਕਰਨ ਦੀ ਰਚ ਰਹੇ ਸਾਜਿਸ਼, ਖੁਫੀਆ ਏਜੰਸੀ ਨੇ ਕੀਤਾ ਅਲਰਟ

ICC Champions Trophy 2025: ਇਸ ਵਾਰ ਪਾਕਿਸਤਾਨ ਆਈਸੀਸੀ ਚੈਂਪੀਅਨਜ਼ ਟਰਾਫੀ ਦੇ 9ਵੇਂ ਐਡੀਸ਼ਨ ਦੀ ਮੇਜ਼ਬਾਨੀ ਕਰ ਰਿਹਾ ਹੈ। ਕ੍ਰਿਕਟ ਮੈਚ ਦਾ ਆਨੰਦ ਲੈਣ ਲਈ ਭਾਰਤ ਅਤੇ ਵਿਦੇਸ਼ਾਂ ਤੋਂ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਪਾਕਿਸਤਾਨ ਪਹੁੰਚ ਰਹੇ ਹਨ। ਪਰ ਹੁਣ ਇਨ੍ਹਾਂ ਵਿਦੇਸ਼ੀ ਕ੍ਰਿਕਟ ਪ੍ਰਸ਼ੰਸਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ਪਾਕਿਸਤਾਨ ਇੰਟੈਲੀਜੈਂਸ ਬਿਊਰੋ (PIB) ਨੇ ਅਲਰਟ ਜਾਰੀ ਕੀਤਾ ਹੈ ਕਿ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ISKP) ਨੇ ਕਥਿਤ ਤੌਰ ‘ਤੇ ਪਾਕਿਸਤਾਨ ਪਹੁੰਚੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਹੈ।
ਵਿਦੇਸ਼ੀਆਂ ਨੂੰ ਅਗਵਾ ਕਰਨ ਅਤੇ ਫਿਰੌਤੀ ਦੀ ਮੰਗ ਕਰਨ ਦੀ ਸਾਜ਼ਿਸ਼
PIB ਨੇ ਕਿਹਾ ਕਿ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈਐਸਕੇਪੀ) ਅੱਤਵਾਦੀ ਸਮੂਹ ਵਿਦੇਸ਼ੀਆਂ ਨੂੰ ਅਗਵਾ ਕਰਨ ਅਤੇ ਫਿਰੌਤੀ ਦੀ ਮੰਗ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ।
ISKP ਖਾਸ ਤੌਰ ‘ਤੇ ਚੀਨ ਅਤੇ ਅਰਬ ਦੇਸ਼ਾਂ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ ਦਹਿਸ਼ਤ ਦਾ ਮਾਹੌਲ ਹੈ।
ਅਫਗਾਨ ਏਜੰਸੀ ਨੇ ਚੌਕਸੀ ਵਧਾਉਣ ਦੇ ਦਿੱਤੇ ਹੁਕਮ
ਜਾਣਕਾਰੀ ਮੁਤਾਬਕ ਅੱਤਵਾਦੀ ਸਮੂਹ ISKP ਸ਼ਹਿਰ ਦੇ ਬਾਹਰਲੇ ਖੇਤਰਾਂ ‘ਚ ਰਹਿਣ ਬਾਰੇ ਸੋਚ ਰਿਹਾ ਹੈ, ਜਿੱਥੇ ਉਨ੍ਹਾਂ ਨੂੰ ਕੈਮਰੇ ਨਾਲ ਨਹੀਂ ਦੇਖਿਆ ਜਾ ਸਕਦਾ। ਅਜਿਹੇ ਖੇਤਰਾਂ ਵਿੱਚ ਆਉਣ-ਜਾਣ ਲਈ ਸਿਰਫ਼ ਮੋਟਰਸਾਈਕਲ ਅਤੇ ਰਿਕਸ਼ਾ ਹੀ ਵਰਤਿਆ ਜਾ ਸਕਦਾ ਹੈ।
ਇਨ੍ਹਾਂ ਦਾ ਮੁੱਖ ਮਕਸਦ ਵਿਦੇਸ਼ੀਆਂ ਨੂੰ ਅਗਵਾ ਕਰਨਾ ਅਤੇ ਅਗਵਾਕਾਰਾਂ ਨੂੰ ਰਾਤ ਸਮੇਂ ਕਿਰਾਏ ਦੇ ਮਕਾਨਾਂ ਵਿੱਚ ਲੈ ਜਾਣਾ ਹੈ। ਅੱਤਵਾਦੀ ਬੰਦਰਗਾਹਾਂ, ਹਵਾਈ ਅੱਡਿਆਂ, ਦਫਤਰਾਂ ਅਤੇ ਹੋਟਲਾਂ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ।
ਪਾਕਿਸਤਾਨ ਦੀ ਚਿਤਾਵਨੀ ਤੋਂ ਬਾਅਦ ਅਫਗਾਨਿਸਤਾਨ ਦੇ ਜਨਰਲ ਡਾਇਰੈਕਟਰ ਆਫ ਇੰਟੈਲੀਜੈਂਸ (GID) ਨੇ ਵੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਮੁਤਾਬਕ ਆਈਐਸਕੇਪੀ ਅਫਗਾਨਿਸਤਾਨ ਵਿੱਚ ਮਹੱਤਵਪੂਰਨ ਥਾਵਾਂ ’ਤੇ ਹਮਲਾ ਕਰ ਸਕਦਾ ਹੈ। ਅਫਗਾਨ ਏਜੰਸੀ ਨੇ ਚੌਕਸੀ ਵਧਾਉਣ ਦੇ ਹੁਕਮ ਦਿੱਤੇ ਹਨ।
ਅੱਤਵਾਦੀ ਹਮਲਿਆਂ ਪਿੱਛੇ ਪਾਕਿਸਤਾਨ ਕਿਉਂ?
ਪਾਕਿਸਤਾਨ ਦਾ ਇਤਿਹਾਸ ਪਹਿਲਾਂ ਹੀ ਅੱਤਵਾਦੀ ਹਮਲਿਆਂ ਲਈ ਬਦਨਾਮ ਹੈ। ਇਨ੍ਹਾਂ ਵਿੱਚ ਮਾਰਚ 2024 ਵਿੱਚ ਸ਼ਾਂਗਲਾ ਵਿੱਚ ਚੀਨੀ ਇੰਜਨੀਅਰਾਂ ਉੱਤੇ ਹਮਲਾ ਅਤੇ 2009 ਵਿੱਚ ਲਾਹੌਰ ਵਿੱਚ ਸ਼੍ਰੀਲੰਕਾਈ ਟੀਮ ਉੱਤੇ ਹਮਲਾ ਸ਼ਾਮਲ ਹੈ।
ਦੋਵਾਂ ਘਟਨਾਵਾਂ ਨੇ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਲਈ ਪਾਕਿਸਤਾਨ ਦੀ ਸਮਰੱਥਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਤੇ ਹੁਣ ਇੱਕ ਵਾਰ ਫਿਰ ਪਾਕਿਸਤਾਨ ਵਿੱਚ ਚੱਲ ਰਹੀ ਆਈਸੀਸੀ ਚੈਂਪੀਅਨਜ਼ ਟਰਾਫੀ ਦੇਖਣ ਆਏ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਕੀ ਪਾਕਿਸਤਾਨ ਮਹਿਮਾਨ ਟੀਮ, ਅਧਿਕਾਰੀਆਂ ਅਤੇ ਦਰਸ਼ਕਾਂ ਦੀ ਸੁਰੱਖਿਆ ਯਕੀਨੀ ਬਣਾ ਸਕੇਗਾ?