ਫਰਵਰੀ ‘ਚ ਚੈਂਪੀਅਨਸ ਟਰਾਫ਼ੀ ਤੋਂ ਪਹਿਲਾਂ ਭਾਰਤੀ ਟੀਮ ਖੇਡੇਗੀ ਕਿੰਨੇ ਵਨਡੇਅ ਮੈਚ, ਪੜ੍ਹੋ ਪੂਰੇ ਅੰਕੜੇ

ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਪਹਿਲਾਂ ਤੋਂ ਹੀ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵੱਲੋਂ ਕਰਵਾਏ ਜਾ ਰਹੇ ਟੂਰਨਾਮੈਂਟ ਨੂੰ ਲੈ ਕੇ ਪਹਿਲਾਂ ਹੀ ਕਾਫੀ ਹੰਗਾਮਾ ਹੋ ਚੁੱਕਾ ਹੈ। ਭਾਰਤ ਨੇ ਪਾਕਿਸਤਾਨ ‘ਚ ਜਾ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦੇ ਖਿਲਾਫ ਪਾਕਿਸਤਾਨ ਕ੍ਰਿਕਟ ਬੋਰਡ ਨੇ ਕਾਫੀ ਹੰਗਾਮਾ ਕੀਤਾ। ਆਖਰਕਾਰ ਉਸ ਨੂੰ ਹਾਈਬ੍ਰਿਡ ਮਾਡਲ ਵਿੱਚ ਟੂਰਨਾਮੈਂਟ ਕਰਵਾਉਣ ਦੀ ਬੀਸੀਸੀਆਈ ਦੀ ਮੰਗ ਨੂੰ ਸਵੀਕਾਰ ਕਰਨ ਲਈ ਮਜਬੂਰ ਹੋਣਾ ਪਿਆ। ਭਾਰਤੀ ਟੀਮ ਆਪਣੇ ਸਾਰੇ ਮੈਚ ਪਾਕਿਸਤਾਨ ਤੋਂ ਬਾਹਰ ਖੇਡੇਗੀ। ਇਹ ਮੈਗਾ ਈਵੈਂਟ 19 ਫਰਵਰੀ ਤੋਂ 9 ਮਾਰਚ ਦਰਮਿਆਨ ਕਰਵਾਇਆ ਜਾਣਾ ਹੈ।
ਭਾਰਤੀ ਟੀਮ ਨੂੰ ਬਾਰਡਰ ਗਾਵਸਕਰ ਟਰਾਫੀ ‘ਚ ਆਸਟ੍ਰੇਲੀਆ ਖਿਲਾਫ ਮਿਲੀ ਹਾਰ ਦਾ ਵੱਡਾ ਝਟਕਾ ਲੱਗਾ ਹੈ। ਇਸ ਦੌਰੇ ‘ਤੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਫਾਰਮ ਨੇ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਟੀਮ ਪ੍ਰਬੰਧਨ ਦੀ ਨੀਂਦ ਉਡਾ ਦਿੱਤੀ ਹੈ। ਦੋਵੇਂ ਦਿੱਗਜ ਟੂਰਨਾਮੈਂਟ ‘ਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ ਪਰ ਲਗਾਤਾਰ ਫਲਾਪ ਹੋਣ ਕਾਰਨ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇਗਾ ਜਾਂ ਨਹੀਂ ਇਸ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ ਬੀਸੀਸੀਆਈ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਚੈਂਪੀਅਨਸ ਟਰਾਫੀ ਵਿੱਚ ਰੋਹਿਤ ਟੀਮ ਇੰਡੀਆ ਦੀ ਕਪਤਾਨੀ ਕਰਨਗੇ।
ਚੈਂਪੀਅਨਸ ਟਰਾਫੀ ‘ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਭਾਰਤੀ ਟੀਮ ਕੋਲ ਤਿਆਰੀ ਲਈ ਸਿਰਫ 3 ਵਨਡੇਅ ਮੈਚ ਹੋਣਗੇ। ਟੂਰਨਾਮੈਂਟ ਇਸ ਫਾਰਮੈਟ ‘ਚ ਖੇਡਿਆ ਜਾਣਾ ਹੈ ਅਤੇ ਟੀਮ ਇੰਡੀਆ ਅਗਲੇ ਮਹੀਨੇ ਇੰਗਲੈਂਡ ਖਿਲਾਫ ਸੀਰੀਜ਼ ਖੇਡ ਕੇ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰੇਗੀ। ਭਾਰਤ ਨੇ ਚੈਂਪੀਅਨਸ ਟਰਾਫੀ ਦਾ ਪਹਿਲਾ ਮੈਚ 20 ਫਰਵਰੀ ਨੂੰ ਖੇਡਣਾ ਹੈ। ਇਸ ਤੋਂ ਪਹਿਲਾਂ 6 ਫਰਵਰੀ ਨੂੰ ਨਾਗਪੁਰ ‘ਚ ਇੰਗਲੈਂਡ ਖਿਲਾਫ ਪਹਿਲਾ ਵਨਡੇਅ ਖੇਡਿਆ ਜਾਵੇਗਾ। ਦੂਜਾ ਮੈਚ 9 ਫਰਵਰੀ ਨੂੰ ਕਟਕ ‘ਚ ਖੇਡਿਆ ਜਾਵੇਗਾ ਜਦਕਿ ਆਖਰੀ ਵਨਡੇਅ ਮੈਚ 12 ਫਰਵਰੀ ਨੂੰ ਅਹਿਮਦਾਬਾਦ ‘ਚ ਖੇਡਿਆ ਜਾਣਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਪਿਛਲੇ ਸਾਲ ਯਾਨੀ 2024 ‘ਚ ਸਿਰਫ ਤਿੰਨ ਵਨਡੇਅ ਮੈਚ ਖੇਡੇ ਸਨ। ਜਿਸ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੂਰੇ ਸਾਲ ‘ਚ ਟੀਮ ਦੇ ਖਾਤੇ ‘ਚ ਸਿਰਫ ਤਿੰਨ ਵਨਡੇਅ ਆਏ ਅਤੇ ਇਸ ਤੋਂ ਬਾਅਦ ਹੁਣ ਟੀਮ ਦੁਬਾਰਾ ਵਨਡੇਅ ਖੇਡੇਗੀ। ਭਾਵ 50 ਓਵਰਾਂ ਦੇ ਮੈਚ ਲਈ ਭਾਰਤੀ ਟੀਮ ਦੀ ਤਿਆਰੀ ਪੂਰੀ ਨਹੀਂ ਹੈ। ਹਰ ਕਿਸੇ ਨੂੰ 12 ਜਨਵਰੀ ਤੱਕ ਚੈਂਪੀਅਨਸ ਟਰਾਫੀ ਲਈ ਆਪਣੀ ਟੀਮ ਦਾ ਐਲਾਨ ਕਰਨਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇੰਗਲੈਂਡ ਖਿਲਾਫ ਵਨਡੇਅ ਸੀਰੀਜ਼ ਅਤੇ ਚੈਂਪੀਅਨਸ ਟਰਾਫੀ ਲਈ ਲਗਭਗ ਇੱਕੋ ਜਿਹੀ ਟੀਮ ਹੋਵੇਗੀ। ਇੱਕ ਜਾਂ ਦੋ ਬਦਲਾਅ ਹੋ ਸਕਦੇ ਹਨ।
- First Published :