ਸ਼ਮੀ ਦੀ ਟੀਮ ‘ਚ ਵਾਪਸੀ ਉੱਤੇ ਬੋਲੇ ਰੋਹਿਤ ਸ਼ਰਮਾ, ‘ਟੀਮ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ ਪਰ…’

ਐਡੀਲੇਡ ਟੈਸਟ ‘ਚ ਮਿਲੀ ਹਾਰ ਤੋਂ ਬਾਅਦ ਸ਼ਮੀ ਨੂੰ ਆਸਟ੍ਰੇਲੀਆ ਦੌਰੇ ‘ਤੇ ਭੇਜਣ ਦੀ ਮੰਗ ਤੇਜ਼ ਹੋ ਗਈ ਹੈ। ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਟੀਮ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਖੁੱਲ੍ਹੇ ਹਨ ਪਰ ਨਾਲ ਹੀ ਸ਼ਰਮਾ ਨੇ ਉਨ੍ਹਾਂ ਦੀ ਫਿਟਨੈੱਸ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ। ਉਥੇ ਹੀ ਮੁਹੰਮਦ ਸ਼ਮੀ ਲਗਾਤਾਰ ਘਰੇਲੂ ਕ੍ਰਿਕਟ ਖੇਡ ਰਹੇ ਹਨ ਅਤੇ ਵਿਕਟਾਂ ਲੈਣ ਦੇ ਨਾਲ-ਨਾਲ ਬੱਲੇਬਾਜ਼ੀ ‘ਚ ਵੀ ਤਾਕਤ ਦਿਖਾ ਰਹੇ ਹਨ। ਬਾਰਡਰ ਗਾਵਸਕਰ ਟਰਾਫੀ ਸੀਰੀਜ਼ ਭਾਰਤੀ ਟੀਮ ਲਈ ਬਹੁਤ ਮਹੱਤਵਪੂਰਨ ਹੈ।
ਟੀਮ ਇੰਡੀਆ ਨੂੰ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਲਈ 3-2 ਨਾਲ ਜਿੱਤ ਦੀ ਲੋੜ ਹੈ। ਭਾਰਤ ਨੇ 5 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਜਿੱਤ ਕੇ ਬੜ੍ਹਤ ਬਣਾ ਲਈ ਸੀ ਪਰ ਆਸਟਰੇਲੀਆ ਨੇ ਐਡੀਲੇਡ ਵਿੱਚ ਜਿੱਤ ਦਰਜ ਕਰਕੇ ਬਰਾਬਰੀ ਕਰ ਲਈ। ਹੁਣ ਬਾਕੀ ਬਚੇ 3 ਮੈਚਾਂ ‘ਚੋਂ ਭਾਰਤ ਨੂੰ 2 ਜਿੱਤਣ ਦੀ ਲੋੜ ਹੈ, ਨਹੀਂ ਤਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ।
ਕੀ ਰੋਹਿਤ ਅਤੇ ਸ਼ਮੀ ਵਿਚਾਲੇ ਸਭ ਕੁਝ ਠੀਕ ਚੱਲ ਰਿਹਾ ਹੈ?
ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਕਪਤਾਨ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਵਿਚਕਾਰ ਸਭ ਕੁਝ ਠੀਕ ਨਹੀਂ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ। ਪਿਛਲੇ ਦਿਨਾਂ ਵਿੱਚ ਜਿਸ ਤਰ੍ਹਾਂ ਨਾਲ ਦੋਵਾਂ ਖਿਡਾਰੀਆਂ ਦੇ ਬਿਆਨ ਸਾਹਮਣੇ ਆਏ ਹਨ, ਉਸ ਤੋਂ ਸਵਾਲ ਉਠਣੇ ਸੁਭਾਵਿਕ ਹਨ। ਸ਼ਮੀ ਦਾ ਨਾਂ ਆਸਟਰੇਲੀਆ ਦੌਰੇ ਲਈ ਚੁਣੀ ਗਈ ਟੀਮ ਵਿੱਚ ਸ਼ਾਮਲ ਨਹੀਂ ਸੀ। ਕਪਤਾਨ ਰੋਹਿਤ ਸ਼ਰਮਾ ਨੇ ਚੋਣ ‘ਤੇ ਕਿਹਾ ਸੀ ਕਿ ਉਨ੍ਹਾਂ ਦੀ ਸੱਟ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ ਅਤੇ ਟੀਮ ਉਨ੍ਹਾਂ ‘ਤੇ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ।
ਇਸ ਬਿਆਨ ਤੋਂ ਬਾਅਦ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਮੁਹੰਮਦ ਸ਼ਮੀ ਨੇ ਬਿਆਨ ਦਿੱਤਾ ਸੀ ਕਿ ਉਹ ਪੂਰੀ ਤਰ੍ਹਾਂ ਫਿੱਟ ਹਨ ਅਤੇ ਉਨ੍ਹਾਂ ਨੇ ਚੰਗੀ ਗੇਂਦਬਾਜ਼ੀ ਵੀ ਸ਼ੁਰੂ ਕਰ ਦਿੱਤੀ ਹੈ। ਆਸਟ੍ਰੇਲੀਆ ਦੌਰੇ ‘ਤੇ ਜਾਣ ਲਈ ਟੀਮ ਕੋਲ ਅਜੇ ਸਮਾਂ ਹੈ ਅਤੇ ਉਹ ਵਾਪਸੀ ਦਾ ਦਾਅਵਾ ਪੇਸ਼ ਕਰਨਗੇ।
ਰੋਹਿਤ ਨੇ ਸ਼ਮੀ ਦੀ ਫਿਟਨੈੱਸ ਬਾਰੇ ਦਿੱਤਾ ਇਹ ਬਿਆਨ
ਪਿੰਕ ਬਾਲ ਟੈਸਟ ‘ਚ ਭਾਰਤ ਦੀ ਹਾਰ ਤੋਂ ਬਾਅਦ ਜਦੋਂ ਰੋਹਿਤ ਸ਼ਰਮਾ ਤੋਂ ਸ਼ਮੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ਟੀਮ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਖੁੱਲ੍ਹੇ ਹਨ ਪਰ ਫਿਟਨੈੱਸ ਸਭ ਤੋਂ ਵੱਡਾ ਮੁੱਦਾ ਹੈ। ਉਹ ਫਿਰ ਜ਼ਖਮੀ ਹੋ ਗਏ ਤਾਂ ਇਸ ਲਈ ਅਸੀਂ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ। ਟੀਮ ਨਹੀਂ ਚਾਹੇਗੀ ਕਿ ਉਹ ਜਲਦਬਾਜ਼ੀ ‘ਚ ਵਾਪਸੀ ਕਰਨ ਅਤੇ ਇਸ ਕਾਰਨ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏ।
ਇਕ ਪਾਸੇ ਕਪਤਾਨ ਨੇ ਫਿਟਨੈੱਸ ‘ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਦੂਜੇ ਪਾਸੇ ਮੁਹੰਮਦ ਸ਼ਮੀ ਸਈਅਦ ਮੁਸ਼ਤਾਕ ਅਲੀ ਟਰਾਫੀ ‘ਚ ਬੰਗਾਲ ਲਈ ਗੇਂਦਬਾਜ਼ੀ ਅਤੇ ਬੱਲੇਬਾਜ਼ੀ ‘ਚ ਮਜ਼ਬੂਤੀ ਦਿਖਾ ਰਹੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਉਨ੍ਹਾਂ ਦੀ ਫਿਟਨੈੱਸ ‘ਤੇ ਸਵਾਲ ਖੜ੍ਹੇ ਹੋ ਰਹੇ ਹਨ ਤਾਂ ਉਹ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕਿਵੇਂ ਕਰ ਰਹੇ ਹਨ। ਸ਼ਮੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਬੰਗਾਲ ਦੀ ਟੀਮ ਨੂੰ ਕੁਆਰਟਰ ਫਾਈਨਲ ‘ਚ ਪਹੁੰਚਾਇਆ ਹੈ।