ਲਾਈਵ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਨੌਜਵਾਨ, Meta ਦੀ ਚੇਤਾਵਨੀ ਨਾਲ ਮੌਕੇ ‘ਤੇ ਪਹੁੰਚੀ ਪੁਲਿਸ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ Meta ਦੇ ਅਲਰਟ ਅਤੇ ਪੁਲਿਸ ਦੀ ਮੁਸਤੈਦੀ ਕਾਰਨ ਇੱਕ ਨੌਜਵਾਨ ਦੀ ਜਾਨ ਬਚ ਗਈ। ਦਰਅਸਲ, ਘਰ ਦੀ ਵੰਡ ਨੂੰ ਲੈ ਕੇ ਹੋਏ ਝਗੜੇ ਕਾਰਨ, ਇੱਕ ਨਿਰਾਸ਼ ਨੌਜਵਾਨ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਇਸ ਸੰਬੰਧੀ ਇੱਕ ਲਾਈਵ ਵੀਡੀਓ ਬਣਾਈ ਸੀ।
ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ Meta ਨੇ ਇਸ ਦਾ ਪਤਾ ਲਗਾਇਆ ਅਤੇ ਸਥਾਨਕ ਪੁਲਿਸ ਨੂੰ ਸੁਚੇਤ ਕੀਤਾ ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਨੂੰ ਬਚਾਇਆ। ਆਓ ਜਾਣਦੇ ਹਾਂ, ਕੀ ਸੀ ਪੂਰਾ ਮਾਮਲਾ…
ਮੈਟਾ ਤੋਂ ਅਲਰਟ ਮਿਲਣ ਤੋਂ ਤੁਰੰਤ ਬਾਅਦ, ਸਥਾਨਕ ਪੁਲਿਸ ਲੋਕੇਸ਼ਨ ਦੇ ਆਧਾਰ ‘ਤੇ ਨੌਜਵਾਨ ਤੱਕ ਪਹੁੰਚ ਗਈ। ਪੁਲਿਸ ਨੇ ਉਸ ਨੂੰ ਸ਼ਾਂਤ ਕੀਤਾ ਅਤੇ ਉਸ ਨੂੰ ਥਾਣੇ ਲਿਆਂਦਾ ਅਤੇ ਪੁੱਛਗਿੱਛ ਕੀਤੀ। ਨੌਜਵਾਨ ਨੇ ਕਿਹਾ ਕਿ ਉਸਦੇ ਭਰਾ ਨੇ ਉਸ ਨੂੰ ਘਰ ਵਿੱਚ ਹਿੱਸਾ ਨਹੀਂ ਦਿੱਤਾ। ਇਸ ਤੋਂ ਦੁਖੀ ਹੋ ਕੇ, ਉਸ ਨੇ ਆਪਣੇ ਫਾਂਸੀ ਦੀ ਵੀਡੀਓ ਲਾਈਵ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਕੌਂਸਲਿੰਗ ਕੀਤੀ ਅਤੇ ਉਸ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉੱਤਰ ਪ੍ਰਦੇਸ਼ ਪੁਲਿਸ ਅਤੇ ਮੈਟਾ ਦੀ ਮੁਸਤੈਦੀ ਕਾਰਨ ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ ਹਨ। ਸਤੰਬਰ ਵਿੱਚ, ਇੱਕ ਔਰਤ ਜੋ ਆਪਣੇ ਪਤੀ ਦੁਆਰਾ ਛੱਡ ਦਿੱਤੇ ਜਾਣ ਤੋਂ ਬਾਅਦ ਬਹੁਤ ਦੁਖੀ ਸੀ ਤੇ ਅਜਿਹਾ ਹੀ ਕਦਮ ਚੁੱਕਣ ਵਾਲੀ ਸੀ, ਨੂੰ ਬਚਾਇਆ ਗਿਆ। ਔਰਤ ਨੇ ਆਪਣੇ ਗਲੇ ਵਿੱਚ ਫਾਂਸੀ ਪਾ ਕੇ ਇੱਕ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ। ਇਸ ਤੋਂ ਬਾਅਦ, Meta ਤੋਂ ਮਿਲੇ ਅਲਰਟ ਦੀ ਮਦਦ ਨਾਲ, ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਔਰਤ ਨੂੰ ਬਚਾਇਆ ਗਿਆ।
ਪਿਛਲੇ ਦੋ ਸਾਲਾਂ ਵਿੱਚ, ਯੂਪੀ ਪੁਲਿਸ ਮੈਟਾ ਤੋਂ ਪ੍ਰਾਪਤ ਅਲਰਟਾਂ ਕਾਰਨ 656 ਜਾਨਾਂ ਬਚਾਉਣ ਦੇ ਯੋਗ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ 2023 ਵਿੱਚ ਮੇਟਾ ਤੇ ਪੁਲਿਸ ਵਿਭਾਗ ਵਿਚਕਾਰ ਇੱਕ ਸਾਂਝੇਦਾਰੀ ਹੋਈ ਸੀ। ਇਸ ਤਹਿਤ, ਜਿਵੇਂ ਹੀ ਮੈਟਾ ਖੁਦਕੁਸ਼ੀ ਦੀ ਸੰਭਾਵਨਾ ਨੂੰ ਦਰਸਾਉਂਦੀ ਪੋਸਟ ਦਾ ਪਤਾ ਲਗਾਉਂਦੀ ਹੈ, ਇਹ ਪੁਲਿਸ ਨੂੰ ਈਮੇਲ ਜਾਂ ਫੋਨ ਰਾਹੀਂ ਚੇਤਾਵਨੀ ਭੇਜਦੀ ਹੈ। ਇਸ ਲਈ ਡੀਜੀਪੀ ਹੈੱਡਕੁਆਰਟਰ ਵਿਖੇ ਇੱਕ ਸੋਸ਼ਲ ਮੀਡੀਆ ਸੈਂਟਰ ਬਣਾਇਆ ਗਿਆ ਹੈ। ਇਹ ਅਲਰਟ ਦਾ ਵਿਸ਼ਲੇਸ਼ਣ ਕਰਦਾ ਹੈ, ਵਿਅਕਤੀ ਦੀ ਸਥਿਤੀ ਦਾ ਪਤਾ ਲਗਾਉਂਦਾ ਹੈ ਅਤੇ ਸਬੰਧਤ ਜ਼ਿਲ੍ਹੇ ਤੋਂ ਪੁਲਿਸ ਨੂੰ ਮੌਕੇ ‘ਤੇ ਭੇਜਦਾ ਹੈ।