ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਮਿਲੇਗੀ ਕਿੰਨੀ ਤਨਖ਼ਾਹ? ਜਾਣੋ ਦਿੱਲੀ ਵਿਧਾਨ ਸਭਾ ਨਾਲ ਜੁੜੀਆਂ ਕੁੱਝ ਦਿਲਚਸਪ ਗੱਲਾਂ

ਭਾਜਪਾ ਤੋਂ ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣਨ ਜਾ ਰਹੀ ਹੈ। ਉਹ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੀ ਚੌਥੀ ਔਰਤ ਹੈ। ਰੇਖਾ ਗੁਪਤਾ ਨੇ ਦਿੱਲੀ ਤੋਂ ਪੜ੍ਹਾਈ ਕੀਤੀ ਹੈ। ਉਹ ਮੂਲ ਰੂਪ ਵਿੱਚ ਜੀਂਦ, ਹਰਿਆਣਾ ਦੀ ਰਹਿਣ ਵਾਲੀ ਹੈ। ਜਦੋਂ ਉਹ ਦੋ ਸਾਲ ਦੀ ਸੀ, ਤਾਂ ਉਸਦਾ ਪਰਿਵਾਰ ਜੀਂਦ ਤੋਂ ਦਿੱਲੀ ਚਲਾ ਗਿਆ ਸੀ। ਕੀ ਤੁਸੀਂ ਜਾਣਦੇ ਹੋ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਹਰ ਮਹੀਨੇ ਕਿੰਨੀ ਤਨਖਾਹ ਮਿਲਦੀ ਹੈ? ਆਓ ਜਾਣਦੇ ਹਾਂ ਦਿੱਲੀ ਵਿਧਾਨ ਸਭਾ ਬਾਰੇ ਦਿਲਚਸਪ ਤੱਥਾਂ ਦੇ ਨਾਲ-ਨਾਲ ਤਨਖਾਹ ਅਤੇ ਸਹੂਲਤਾਂ ਬਾਰੇ…
ਸਵਾਲ 1. ਦਿੱਲੀ ਵਿਧਾਨ ਸਭਾ ਪਹਿਲੀ ਵਾਰ ਕਦੋਂ ਬਣੀ ਸੀ ?
ਜਵਾਬ: ਦਿੱਲੀ ਵਿਧਾਨ ਸਭਾ ਦਾ ਗਠਨ ਪਹਿਲੀ ਵਾਰ 7 ਮਾਰਚ 1952 ਨੂੰ ਭਾਗ C ਰਾਜ ਐਕਟ, 1951 ਦੇ ਤਹਿਤ ਕੀਤਾ ਗਿਆ ਸੀ। ਉਸ ਸਮੇਂ ਦਿੱਲੀ ਵਿਧਾਨ ਸਭਾ ਵਿੱਚ 48 ਮੈਂਬਰ ਸਨ।
ਸਵਾਲ-2 ਦਿੱਲੀ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ ?
ਜਵਾਬ- ਦਿੱਲੀ ਦੇ ਪਹਿਲੇ ਮੁੱਖ ਮੰਤਰੀ ਆਜ਼ਾਦੀ ਘੁਲਾਟੀਏ ਚੌਧਰੀ ਬ੍ਰਹਮ ਪ੍ਰਕਾਸ਼ ਯਾਦਵ ਸਨ।
ਸਵਾਲ 3. ਦਿੱਲੀ ਵਿਧਾਨ ਸਭਾ ਵਿੱਚ ਕਿੰਨੀਆਂ ਸੀਟਾਂ ਹਨ?
ਜਵਾਬ- ਇਸ ਵੇਲੇ ਦਿੱਲੀ ਵਿਧਾਨ ਸਭਾ ਵਿੱਚ ਕੁੱਲ 70 ਸੀਟਾਂ ਹਨ।
ਸਵਾਲ-4 ਦਿੱਲੀ ਵਿਧਾਨ ਸਭਾ ਦੀ ਇਮਾਰਤ ਕਦੋਂ ਬਣਾਈ ਗਈ ਸੀ?
ਜਵਾਬ- ਦਿੱਲੀ ਵਿਧਾਨ ਸਭਾ ਦੀ ਇਮਾਰਤ ਅਸਲ ਵਿੱਚ 1912 ਵਿੱਚ ਬਣਾਈ ਗਈ ਸੀ। ਇਸ ਨੂੰ ਈ. ਮੋਂਟੇਗ ਥਾਮਸ ਦੁਆਰਾ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਲਈ ਡਿਜ਼ਾਈਨ ਕੀਤਾ ਗਿਆ ਸੀ। ਇਸ ਇਮਾਰਤ ਵਿੱਚ 1919 ਤੋਂ 1927 ਤੱਕ ਕੇਂਦਰੀ ਵਿਧਾਨ ਸਭਾ ਵੀ ਸੀ।
ਸਵਾਲ-5 ਦਿੱਲੀ ਦੇ ਮੁੱਖ ਮੰਤਰੀ ਨੂੰ ਕਿੰਨੀ ਤਨਖਾਹ ਮਿਲਦੀ ਹੈ?
ਜਵਾਬ: ਦਿੱਲੀ ਦੇ ਮੁੱਖ ਮੰਤਰੀ, ਮੰਤਰੀਆਂ, ਸਪੀਕਰ ਨੂੰ ਵੀ ਤਨਖਾਹ ਅਤੇ ਭੱਤਿਆਂ ਸਮੇਤ 1 ਲੱਖ 70 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦਾ ਹੈ। ਦਿੱਲੀ ਉਨ੍ਹਾਂ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਮੁੱਖ ਮੰਤਰੀ ਨੂੰ ਸਭ ਤੋਂ ਵੱਧ ਤਨਖਾਹ ਮਿਲਦੀ ਹੈ।
ਸਵਾਲ-6 ਦਿੱਲੀ ਵਿੱਚ ਵਿਧਾਇਕਾਂ ਨੂੰ ਕਿੰਨੀ ਤਨਖਾਹ ਮਿਲਦੀ ਹੈ ?
ਜਵਾਬ: ਦਿੱਲੀ ਦੇ ਵਿਧਾਇਕਾਂ ਨੂੰ ਤਨਖਾਹ ਅਤੇ ਭੱਤਿਆਂ ਸਮੇਤ ਪ੍ਰਤੀ ਮਹੀਨਾ 90 ਹਜ਼ਾਰ ਰੁਪਏ ਮਿਲਦੇ ਹਨ। ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ਵਿੱਚ ਵਾਧਾ ਸਾਲ 2022 ਵਿੱਚ ਕੀਤਾ ਗਿਆ ਸੀ।