ਕੌਣ ਦੇਵੇਗਾ ਪੁਤਿਨ ਦੀ ਗਰੰਟੀ? ਜ਼ੇਲੇਂਸਕੀ ਨੇ ਠੁਕਰਾਇਆ ਰੂਸ ਨਾਲ ਜੰਗਬੰਦੀ ਪ੍ਰਸਤਾਵ, ਟਰੰਪ ਲਈ ਅਪਣਾਇਆ ਨਰਮ ਰੁਖ਼

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਨਾਲ ਤੁਰੰਤ ਜੰਗਬੰਦੀ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਹੈ। ਜ਼ੇਲੇਂਸਕੀ ਦਾ ਕਹਿਣਾ ਹੈ ਕਿ ਯੂਕਰੇਨ ਸੁਰੱਖਿਆ ਗਾਰੰਟੀ ਤੋਂ ਬਿਨਾਂ ਜੰਗਬੰਦੀ ਨੂੰ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਲੜਾਈ ਸਪੱਸ਼ਟ ਸੁਰੱਖਿਆ ਗਾਰੰਟੀ ਤੋਂ ਬਿਨਾਂ ਖਤਮ ਹੋ ਜਾਂਦੀ ਹੈ ਤਾਂ ਇਹ ਹਰ ਕਿਸੇ ਲਈ ਅਸਫਲਤਾ ਹੋਵੇਗੀ ਕਿਉਂਕਿ ਇਸ ਨਾਲ ਵਲਾਦੀਮੀਰ ਪੁਤਿਨ ਦੁਬਾਰਾ ਹਮਲਾ ਕਰ ਸਕਦੇ ਹਨ।
ਜ਼ੇਲੇਂਸਕੀ ਨੇ ਇਹ ਵੀ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਯੂਕਰੇਨ ਦੇ ਅਮਰੀਕਾ ਨਾਲ ਸਬੰਧ ਸੁਧਰਨਗੇ। 10 ਤੋਂ ਵੱਧ ਯੂਰਪੀ ਨੇਤਾਵਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਤੋਂ ਬਾਅਦ, ਜ਼ੇਲੇਂਸਕੀ ਨੇ ਅਮਰੀਕਾ ਨਾਲ ਚੰਗੇ ਸਬੰਧਾਂ ਅਤੇ ਯੂਕਰੇਨ ਲਈ ਸੁਰੱਖਿਆ ਗਾਰੰਟੀਆਂ ਬਾਰੇ ਗੱਲ ਕੀਤੀ।
ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ ਜ਼ੇਲੇਨਸਕੀ ਨੇ 2014 ਵਿੱਚ ਕਰੀਮੀਆ ਨੂੰ ਆਪਣੇ ਨਾਲ ਮਿਲਾਉਣ ਤੋਂ ਬਾਅਦ ਪੂਰਬੀ ਯੂਕਰੇਨ ਵਿੱਚ ਰੂਸ ਵੱਲੋਂ ਜੰਗਬੰਦੀ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਡੇ ਕੋਲ ਸੁਰੱਖਿਆ ਗਾਰੰਟੀ ਨਹੀਂ ਹੈ, ਤਾਂ ਕੋਈ ਵੀ ਜੰਗਬੰਦੀ ਨੂੰ ਕੰਟਰੋਲ ਨਹੀਂ ਕਰ ਸਕਦਾ।” ਅਜਿਹੀ ਸਥਿਤੀ ਵਿੱਚ, ਫੌਜੀ ਤਾਕਤਾਂ ਦੁਆਰਾ ਸਮਰਥਤ ਵਿਧੀ ਤੋਂ ਬਿਨਾਂ ਲੜਾਈ ਰੋਕਣ ਲਈ ਸਹਿਮਤ ਹੋਣਾ ਇੱਕ ਗਲਤੀ ਹੋਵੇਗੀ।
ਅਮਰੀਕਾ ਵੱਲ ਵਧਾਇਆ ਸਮਝੌਤੇ ਦਾ ਹੱਥ
ਜ਼ੇਲੇਂਸਕੀ, ਜਿਨ੍ਹਾਂ ਦੀ ਹਾਲ ਹੀ ਵਿੱਚ ਵ੍ਹਾਈਟ ਹਾਊਸ ਵਿੱਚ ਡੋਨਾਲਡ ਟਰੰਪ ਨਾਲ ਮੁਲਾਕਾਤ ਹੋਈ ਸੀ, ਨੇ ਵੀ ਅਮਰੀਕਾ ਵੱਲ ਸਮਝੌਤਾ ਕਰਨ ਦਾ ਹੱਥ ਵਧਾਇਆ ਹੈ। ਜ਼ੇਲੇਂਸਕੀ ਨੇ X ‘ਤੇ ਇੱਕ ਪੋਸਟ ਵਿੱਚ ਲਿਖਿਆ “ਅਸੀਂ ਇੱਕ ਖਣਿਜ ਸਮਝੌਤੇ ‘ਤੇ ਦਸਤਖਤ ਕਰਨ ਲਈ ਤਿਆਰ ਹਾਂ।” ਇਹ ਸੁਰੱਖਿਆ ਦੀ ਗਰੰਟੀ ਵੱਲ ਪਹਿਲਾ ਕਦਮ ਹੋਵੇਗਾ ਪਰ ਇਹ ਕਾਫ਼ੀ ਨਹੀਂ ਹੈ। ਸਾਨੂੰ ਇਸ ਤੋਂ ਵੱਧ ਦੀ ਲੋੜ ਹੈ। ਸਾਡੀ ਸਥਿਤੀ ਮੁਸ਼ਕਲ ਹੈ ਪਰ ਅਸੀਂ ਲੜਨਾ ਨਹੀਂ ਛੱਡ ਸਕਦੇ। ਸਾਨੂੰ ਇਸ ਗੱਲ ਦੀ ਗਰੰਟੀ ਚਾਹੀਦੀ ਹੈ ਕਿ ਪੁਤਿਨ ਕੱਲ੍ਹ ਵਾਪਸ ਨਹੀਂ ਆਉਣਗੇ।
ਜ਼ੇਲੇਂਸਕੀ ਨੇ ਅੱਗੇ ਕਿਹਾ, ‘ਸੁਰੱਖਿਆ ਗਾਰੰਟੀ ਤੋਂ ਬਿਨਾਂ ਜੰਗਬੰਦੀ ਯੂਕਰੇਨ ਲਈ ਖ਼ਤਰਨਾਕ ਸਾਬਤ ਹੋਵੇਗੀ।’ ਅਸੀਂ ਤਿੰਨ ਸਾਲਾਂ ਤੋਂ ਰੂਸ ਨਾਲ ਲੜ ਰਹੇ ਹਾਂ। ਯੂਕਰੇਨੀ ਲੋਕਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਅਮਰੀਕਾ ਸਾਡੇ ਨਾਲ ਹੈ। ਅਸੀਂ ਸ਼ਾਂਤੀ ਦੇ ਹੱਕ ਵਿੱਚ ਹਾਂ। ਇਸੇ ਲਈ ਮੈਂ ਅਮਰੀਕਾ ਗਿਆ ਅਤੇ ਰਾਸ਼ਟਰਪਤੀ ਟਰੰਪ ਨੂੰ ਮਿਲਿਆ। ਇਹ ਖਣਿਜ ਸੌਦਾ ਸ਼ਾਂਤੀ ਵੱਲ ਇੱਕ ਕਦਮ ਹੈ। ਅਸੀਂ ਇਸ ਸੌਦੇ ਲਈ ਤਿਆਰ ਹਾਂ।
ਜ਼ੇਲੇਂਸਕੀ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਨ੍ਹਾਂ ਦੀ ਅਮਰੀਕਾ ਫੇਰੀ ਦਾ ਉਦੇਸ਼ ਰਾਸ਼ਟਰਪਤੀ ਟਰੰਪ ਨਾਲ ਮਿਲ ਕੇ ਸ਼ਾਂਤੀ ਦਾ ਰਸਤਾ ਲੱਭਣਾ ਸੀ। ਹਾਲਾਂਕਿ, ਇਸ ਮੁਲਾਕਾਤ ਦੇ ਵਿਚਕਾਰ, ਉਨ੍ਹਾਂ ਦੀ ਟਰੰਪ ਨਾਲ ਤਿੱਖੀ ਬਹਿਸ ਹੋ ਗਈ, ਜਿਸ ਕਾਰਨ ਉਨ੍ਹਾਂ ਦੀ ਫੇਰੀ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਈ। ਇਸ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਖਣਿਜ ਡੀਲ ਸਿਰੇ ਨਹੀਂ ਚੜ੍ਹ ਸਕੀ।