ਨਾਮੀ ਅਦਾਕਾਰਾ ਦੀ 24 ਸਾਲ ਦੀ ਉਮਰ ‘ਚ ਹੋਈ ਮੌਤ, ਘਰ ਵਿੱਚੋਂ ਮਿਲੀ ਲਾਸ਼

ਕੋਰੀਅਨ ਫਿਲਮਾਂ ਦੇਖਣ ਦੇ ਸ਼ੌਕੀਨ ਲੋਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਦੱਖਣੀ ਕੋਰੀਆ ਦੀ ਮਸ਼ਹੂਰ ਅਦਾਕਾਰਾ ਕਿਮ ਸੇ ਰੌਨ (Kim Sae-ron) ਸਿਰਫ਼ 24 ਸਾਲ ਦੀ ਉਮਰ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। 16 ਫਰਵਰੀ ਨੂੰ ਮਿਲੀ ਅਦਾਕਾਰਾ ਦੀ ਲਾਸ਼ ਤੋਂ ਹਰ ਕੋਈ ਹੈਰਾਨ ਹੈ। ਕਿਮ ਸੇ ਰੌਨ (Kim Sae-ron) ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਪਾਇਆ ਹੈ, ਹਾਲਾਂਕਿ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ।
ਕਿਮ ਦੇ ਪ੍ਰਸ਼ੰਸਕ ਜਾਣਦੇ ਹਨ ਕਿ ਉਹ ਕਈ ਮਸ਼ਹੂਰ ਡਰਾਮਿਆਂ ਵਿੱਚ ਕੰਮ ਕਰ ਚੁੱਕੀ ਹੈ। ਕਿਮ ਸੇ ਰੌਨ ‘ਬਲੱਡਹਾਊਂਡਸ’, ‘ਲੀਵਰੇਜ’, ‘ਮਿਰਰ ਆਫ਼ ਦ ਵਿਚ’, ‘ਟੂ ਬੀ ਕੰਟੀਨਿਊਡ’ ਅਤੇ ‘ਹਾਈ ਸਕੂਲ – ਲਵ ਆਨ’ ਵਰਗੇ ਸ਼ੋਅ ਵਿੱਚ ਕੰਮ ਕਰ ਚੁੱਕੀ ਹੈ। ਅਜਿਹੇ ਕਈ ਸ਼ੋਅਜ਼ ਵਿੱਚ ਉਸਦੇ ਕਿਰਦਾਰਾਂ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਅਦਾਕਾਰਾ ਦਾ ਅਚਾਨਕ ਦੇਹਾਂਤ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਵੱਡਾ ਝਟਕਾ ਹੈ।
ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਕਿਮ ਸੇ ਰੌਨ ਦੀ ਲਾਸ਼ ਸੋਲ ਦੇ ਸੋਂਗਡੋਂਗ-ਗੁ ਵਿੱਚ ਉਸਦੇ ਘਰ ਵਿੱਚੋਂ ਮਿਲੀ। ਅਦਾਕਾਰਾ ਦੇ ਕਿਸੇ ਜਾਣਕਾਰ ਨੇ ਸ਼ਾਮ 4:50 ਵਜੇ ਐਮਰਜੈਂਸੀ ਸਰਵਿਸਿਜ਼ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦਾ ਖਿਲਾਸਾ ਹੋਇਆ। ਸ਼ੁਰੂਆਤੀ ਪੁਲਿਸ ਜਾਂਚ ਵਿੱਚ ਕਿਸੇ ਸਾਜ਼ਿਸ਼ ਦਾ ਖੁਲਾਸਾ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਕਿਸੇ ਅਪਰਾਧਿਕ ਗਤੀਵਿਧੀ ਦਾ ਸ਼ੱਕ ਨਹੀਂ ਹੈ। ਹਾਲਾਂਕਿ, ਮੌਤ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।
ਚੋਸੁਨ ਬਿਜ਼ ਰਿਪੋਰਟ ਦੇ ਅਨੁਸਾਰ, ਪੁਲਿਸ ਅਧਿਕਾਰੀ ਨੇ ਇੱਕ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ, ‘ਕਿਮ ਦੀ ਮੌਤ ਵਿੱਚ ਹੁਣ ਤੱਕ ਕਿਸੇ ਬਾਹਰੀ ਹਮਲੇ ਜਾਂ ਅਪਰਾਧਿਕ ਗਤੀਵਿਧੀ ਦੇ ਕੋਈ ਸੰਕੇਤ ਨਹੀਂ ਮਿਲੇ ਹਨ, ਪਰ ਮੌਤ ਦੇ ਕਾਰਨਾਂ ਦੀ ਜਾਂਚ ਜਾਰੀ ਹੈ।’
ਕਿਮ ਕਾਈ ਰੌਨ ਦੀ ਮੌਤ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਇੰਨੀ ਛੋਟੀ ਉਮਰ ਵਿੱਚ ਉਸ ਦਾ ਅਚਾਨਕ ਇਸ ਦੁਨੀਆਂ ਤੋਂ ਚਲੇ ਜਾਣਾ ਬਿਲਕੁਲ ਵੀ ਸੁਭਾਵਿਕ ਨਹੀਂ ਲੱਗਦਾ। ਇਹੀ ਕਾਰਨ ਹੈ ਕਿ ਪੁਲਿਸ ਸਾਰੇ ਸੰਭਾਵਿਤ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਪਰ ਸ਼ੁਰੂਆਤੀ ਜਾਂਚ ਵਿੱਚ ਮੌਤ ਦੇ ਕਾਰਨ ਨਾਲ ਸਬੰਧਤ ਕੋਈ ਵੱਡੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਦਾਕਾਰਾ ਦੀ ਮੌਤ ਉਸ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਫਿਲਮ ਇੰਡਸਟਰੀ ਲਈ ਇੱਕ ਵੱਡਾ ਸਦਮਾ ਹੈ।