ਰੋਹਿਤ ਸ਼ਰਮਾ ਦੀ ਤੂਫਾਨੀ ਵਾਪਸੀ, ਛੱਕਾ ਲਗਾ ਕੇ ਪੂਰਾ ਕੀਤਾ ਸੈਂਕੜਾ, ਆਲੋਚਕਾਂ ਨੂੰ ਦਿੱਤਾ ਠੋਕਵਾਂ ਜਵਾਬ – News18 ਪੰਜਾਬੀ

ਰੋਹਿਤ ਸ਼ਰਮਾ ਨੇ ਸੈਂਕੜਾ ਲਗਾ ਕੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਹ ਖੁਸ਼ੀ ਦਿੱਤੀ ਹੈ, ਜਿਸ ਦਾ ਉਹ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਹਿਟਮੈਨ ਰੋਹਿਤ ਨੇ ਇੰਗਲੈਂਡ ਖਿਲਾਫ ਦੂਜੇ ਵਨਡੇ ‘ਚ ਸ਼ਾਨਦਾਰ ਸੈਂਕੜਾ ਲਗਾਇਆ। ਰੋਹਿਤ ਸ਼ਰਮਾ ਨੇ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕਰਕੇ ਪ੍ਰਸ਼ੰਸਕਾਂ ਦੀ ਖੁਸ਼ੀ ਦੁੱਗਣੀ ਕਰ ਦਿੱਤੀ। ਵਨਡੇਅ ਮੈਚਾਂ ਵਿੱਚ ਇਹ ਰੋਹਿਤ ਦਾ 32ਵਾਂ ਸੈਂਕੜਾ ਹੈ। ਰੋਹਿਤ ਨੇ 16 ਮਹੀਨਿਆਂ ਬਾਅਦ ਸੈਂਕੜਾ ਲਗਾਇਆ ਹੈ।
ਭਾਰਤ ਅਤੇ ਇੰਗਲੈਂਡ ਵਿਚਾਲੇ ਐਤਵਾਰ ਨੂੰ ਕਟਕ ‘ਚ ਦੂਜਾ ਵਨਡੇ ਮੈਚ ਖੇਡਿਆ ਗਿਆ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 304 ਦੌੜਾਂ ਬਣਾਈਆਂ। ਜਵਾਬ ‘ਚ ਭਾਰਤ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਭਾਰਤੀ ਬੱਲੇਬਾਜ਼ੀ ਦੀ ਅਗਵਾਈ ਕਪਤਾਨ ਰੋਹਿਤ ਸ਼ਰਮਾ ਨੇ ਕੀਤੀ। ਉਸ ਨੇ ਪਹਿਲੇ 5 ਓਵਰਾਂ ‘ਚ 3 ਛੱਕੇ ਲਗਾ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ। ਫਲੱਡ ਲਾਈਟ ਫੇਲ ਹੋਣ ਕਾਰਨ ਸੱਤਵੇਂ ਓਵਰ ਵਿੱਚ ਲਗਭਗ 28 ਮਿੰਟ ਤੱਕ ਖੇਡ ਨੂੰ ਰੋਕ ਦਿੱਤਾ ਗਿਆ ਪਰ ਇਸ ਨਾਲ ਰੋਹਿਤ ਨੂੰ ਕੋਈ ਫਰਕ ਨਹੀਂ ਪਿਆ। ਮੈਦਾਨ ‘ਤੇ ਵਾਪਸੀ ਤੋਂ ਬਾਅਦ ਹਿਟਮੈਨ ਨੇ ਉਸੇ ਅੰਦਾਜ਼ ‘ਚ ਬੱਲੇਬਾਜ਼ੀ ਕੀਤੀ ਜਿਸ ਲਈ ਉਹ ਜਾਣਿਆ ਜਾਂਦਾ ਹੈ।