ਮਸ਼ਹੂਰ ਪੰਜਾਬੀ ਗਾਇਕ ਨੇ ਲਈ Prem Dhillon ਦੇ ਘਰ ‘ਤੇ ਹੋਈ ਫਾਇਰਿੰਗ ਦੀ ਜਿੰਮੇਵਾਰੀ ! ਪਾਈ Video

ਪਿਛਲੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਹਾਲਾਂਕਿ ਮਾਮਲੇ ਦੀ ਅਧਿਕਾਰਤ ਪੁਸ਼ਟੀ ਨੂੰ ਲੈਕੇ ਮਾਮਲਾ ਸਾਫ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਿਕ ਕੈਨੇਡਾ ਦੇ ਬਰੈਂਪਟਨ ’ਚ ਸਥਿਤ ਘਰ ਬਾਹਰ ਗੋਲੀਬਾਰੀ ਹੋਈ ਹੈ। ਫਾਈਰਿੰਗ ਦੀ ਜ਼ਿੰਮੇਵਾਰੀ ਗੈਂਗਸਟਰ ਗੁਰਜੰਟ ਜੰਟਾ ਨੇ ਇਕ ਕਥਿਤ ਫੇਸਬੁੱਕ ਪੋਸਟ ਜ਼ਰੀਏ ਲਈ ਹੈ। ਜਿਸਦੀ News18 ਪੁਸ਼ਟੀ ਨਹੀਂ ਕਰਦਾ।
ਹੁਣ ਇਸ ਮਾਮਲੇ ਵਿਚ ਤਾਜ਼ਾ ਅਪਡੇਟ ਇਹ ਆਈ ਹੈ ਕਿ ਇਕ ਹੋਰ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਵੀਡੀਓ ਪੋਸਟ ਕਰਕੇ ਪ੍ਰੇਮ ਢਿੱਲੋਂ ਦੇ ਘਰ ਉਤੇ ਹੋਈ ਫਾਇਰਿੰਗ ਦੀ ਜਿੰਮੇਵਾਰੀ ਲਈ ਹੈ। ਵੀਡੀਓ ਵਿਚ ਮਨਪ੍ਰੀਤ ਮੰਨਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਐ ਕਿ ‘ਪ੍ਰੇਮ ਢਿੱਲੋਂ ਦੇ ਘਰ ‘ਤੇ ਹਮਲਾ ਅਸੀਂ ਕਰਵਾਇਆ’। ਹਾਲਾਂਕਿ ਮਨਪ੍ਰੀਤ ਮੰਨਾ ਦਾ ਪ੍ਰੇਮ ਢਿੱਲੋਂ ਨਾਲ ਵਿਵਾਦ ਕੋਈ ਨਵਾਂ ਨਹੀਂ ਹੈ। ਪਿਛਲੇ ਦਿਨੀਂ ਪ੍ਰੇਮ ਢਿੱਲੋਂ ਦੇ ਕੁਝ ਸਾਥੀ ਮਨਪ੍ਰੀਤ ਮੰਨਾ ਦੇ ਪਿੰਡ, ਉਸਦੇ ਘਰ ਵੀ ਜਾ ਕੇ ਆਏ ਸਨ।
ਇਸ ਤੋਂ ਪਹਿਲਾਂ ਗੁਰਜੰਟ ਜੰਟਾ ਨੇ ਵੀ ਹਮਲੇ ਦੀ ਜਿੰਮੇਵਾਰੀ ਲਈ ਸੀ। ਜੰਟਾ ਜੋ ਕਿ ਜੈਪਾਲ ਭੁੱਲਰ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਖਾਲਿਸਤਾਨੀ ਅੱਤਵਾਦੀ ਅਰਸ਼ ਡਾਲਾ ਦਾ ਕਰੀਬੀ ਹੈ, ਜੋ ਇਸ ਸਮੇਂ ਆਸਟ੍ਰੇਲੀਆ ਵਿੱਚ ਹੈ। ਪੋਸਟ ਵਿੱਚ ਪੰਜਾਬੀ ਮਿਊਂਜ਼ਿਕ ਇੰਡਸਟਰੀ ਦੇ ਵਧਦੇ ਪ੍ਰਭਾਵ ਅਤੇ ਸਿੱਧੂ ਮੂਸੇਵਾਲਾ, ਜੱਗੂ ਭਗਵਾਨਪੁਰੀਆ ਵਰਗੇ ਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਗੁਰਜੰਟ ਜੰਟਾ ਨੇ ਪ੍ਰੇਮ ਢਿੱਲੋਂ ਨੂੰ ਆਖਰੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਤਰੀਕੇ ਨਹੀਂ ਸੁਧਾਰਦਾ ਤਾਂ ਉਸਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ਵਿੱਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਕੈਨੇਡੀਅਨ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ।
ਪੰਜਾਬੀ ਸੰਗੀਤ ਇੰਡਸਟਰੀ ਵਿੱਚ ਵਧਦੀਆਂ ਅਪਰਾਧਿਕ ਗਤੀਵਿਧੀਆਂ ਕਾਰਨ ਕਲਾਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਸੁਰੱਖਿਆ ਏਜੰਸੀਆਂ ਇਨ੍ਹਾਂ ਘਟਨਾਵਾਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ।