IRCTC ਲਿਆਇਆ ਸਿੱਖ ਧਰਮ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਲਈ ਖ਼ਾਸ ਟੂਰ ਪੈਕੇਜ, ਇਨ੍ਹਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਦਾ ਮਿਲੇਗਾ ਮੌਕਾ…

ਭਾਰਤੀ ਰੇਲਵੇ ਦੀ ਸਹਾਇਕ ਕੰਪਨੀ Indian Railway Catering and Tourism Corporation ਯਾਨੀ IRCTC ਸਮੇਂ-ਸਮੇਂ ਉੱਤੇ ਲੋਕਾਂ ਲਈ ਕਈ ਤਰ੍ਹਾਂ ਦੇ ਧਾਰਮਿਕ ਟੂਰ ਪੈਕੇਜ ਲਿਆਉਂਦੀ ਰਹਿੰਦੀ ਹੈ। ਹੁਣ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ IRCTC ਨੇ ਸਿੱਖ ਧਰਮ ਨਾਲ ਸਬੰਧਿਤ 5 ਪਵਿੱਤਰ ਸਥਾਨਾਂ ਦੇ ਦਰਸ਼ਨਾਂ ਲਈ ਮੁੰਬਈ ਤੋਂ ਭਾਰਤ ਗੌਰਵ ਟੂਰਿਸਟ ਟ੍ਰੇਨ ਦੁਆਰਾ “ਗੁਰੂ ਕਿਰਪਾ ਯਾਤਰਾ” ਪੈਕੇਜ ਸ਼ੁਰੂ ਕੀਤਾ ਹੈ। ਇਹ ਟ੍ਰੇਨ ਤੁਹਾਨੂੰ ਭਾਰਤ ਦੇ 5 ਪ੍ਰਸਿੱਧ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਲੈ ਜਾਵੇਗੀ। ਇਹ 5 ਅਸਥਾਨ ਸਿੱਖ ਇਤਿਹਾਸ ਵਿੱਚ ਬਹੁਤ ਅਹਿਮੀਅਤ ਰੱਖਦੇ ਹਨ। ਤੁਹਾਨੂੰ ਦਸ ਦੇਈਏ ਕਿ ਤੁਸੀਂ ਬਹੁਤ ਆਸਾਨੀ ਨਾਲ ਪੈਕੇਜ ਬੁੱਕ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਸੀਂ ਕਿਵੇਂ ਬੁੱਕ ਕਰ ਸਕਦੇ ਹੋ ਅਤੇ ਇਸ ਦੀ ਕੀਮਤ ਕਿੰਨੀ ਹੋਵੇਗੀ। ਇਸ ਪੈਕੇਜ ਰਾਹੀਂ ਤੁਹਾਨੂੰ ਅੰਮ੍ਰਿਤਸਰ, ਬਠਿੰਡਾ, ਪਟਨਾ, ਨਾਂਦੇੜ ਅਤੇ ਅਨੰਦਪੁਰ ਸਥਿਤ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। IRCTC ਨੇ ਇਸ ਦੀ ਜਾਣਕਾਰੀ ਆਪਣੀ ਇੱਕ X ਪੋਸਟ ਰਾਹੀਂ ਸਾਂਝੀ ਕੀਤੀ ਹੈ।
IRCTC ਦੇ ਇਸ ਟੂਰ ਪੈਕੇਜ ਦਾ ਨਾਮ ਗੁਰੂ ਕਿਰਪਾ ਯਾਤਰਾ ਹੈ। ਇਸ ਪੈਕੇਜ ਵਿੱਚ ਤੁਹਾਨੂੰ 9 ਰਾਤਾਂ ਅਤੇ 10 ਦਿਨਾਂ ਦੀ ਯਾਤਰਾ ਕਰਨ ਦਾ ਮੌਕਾ ਮਿਲੇਗਾ। ਇਹ ਟੂਰ ਪੈਕੇਜ ਮੁੰਬਈ ਤੋਂ ਸ਼ੁਰੂ ਹੋਵੇਗਾ। ਖ਼ਾਸ ਗੱਲ ਇਹ ਹੈ ਕਿ ਤੁਹਾਨੂੰ ਸਿਰਫ਼ ਭੁਗਤਾਨ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਤੁਹਾਨੂੰ ਯਾਤਰਾ ਦੌਰਾਨ ਖਾਣ-ਪੀਣ ਅਤੇ ਰਹਿਣ ਦੀ ਚਿੰਤਾ ਨਹੀਂ ਕਰਨੀ ਪਵੇਗੀ। ਇਹ ਪੈਕੇਜ 30 ਨਵੰਬਰ ਤੋਂ ਸ਼ੁਰੂ ਹੋ ਚੁੱਕਾ ਹੈ।
ਜਾਣੋ ਕਿੰਨਾ ਹੋਵੇਗਾ ਟਰੇਨ ਦਾ ਕਿਰਾਇਆ:
ਗੁਰੂ ਕਿਰਪਾ ਯਾਤਰਾ ਟਰੇਨ ਵਿੱਚ ਕੁੱਲ 662 ਬਰਥ ਹੋਣਗੇ। ਇਸ ਵਿੱਚ 448 ਸਲੀਪਰ ਬਰਥ, 172 ਥਰਡ ਏਸੀ ਅਤੇ 42 ਸੈਕੰਡ ਏਸੀ ਬਰਥ ਹਨ। ਇਸ ਪੈਕੇਜ ਨੂੰ ਬੁੱਕ ਕਰਨ ਲਈ ਤੁਹਾਨੂੰ ਘੱਟੋ-ਘੱਟ 19,650 ਰੁਪਏ ਦਾ ਖਰਚਾ ਆਵੇਗਾ। ਇਸ ਯਾਤਰਾ ਲਈ, ਤੁਹਾਨੂੰ ਸਲੀਪਰ ਕਲਾਸ ਲਈ ਪ੍ਰਤੀ ਵਿਅਕਤੀ 19,650 ਰੁਪਏ, ਥਰਡ ਏਸੀ ਲਈ 28,505 ਰੁਪਏ ਅਤੇ ਸੈਕੰਡ ਏਸੀ ਲਈ 39,999 ਰੁਪਏ ਖ਼ਰਚ ਕਰਨੇ ਪੈਣਗੇ।
ਤੁਹਾਨੂੰ ਸਿੱਖ ਇਤਿਹਾਸ ਨਾਲ ਸਬੰਧਿਤ ਇਨ੍ਹਾਂ 5 ਪਵਿੱਤਰ ਸਥਾਨਾਂ ‘ਤੇ ਜਾਣ ਦਾ ਮਿਲੇਗਾ ਮੌਕਾ…
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ
ਬਠਿੰਡਾ: ਸ੍ਰੀ ਦਮਦਮਾ ਸਾਹਿਬ
ਪਟਨਾ: ਤਖ਼ਤ ਸ੍ਰੀ ਪਟਨਾ ਸਾਹਿਬ
ਨਾਂਦੇੜ: ਸ੍ਰੀ ਹਜ਼ੂਰ ਸਾਹਿਬ
ਅਨੰਦਪੁਰ: ਸ੍ਰੀ ਕੇਸਗੜ੍ਹ ਸਾਹਿਬ