ਦੋ ਨੌਜਵਾਨਾਂ ਦਾ ਫਰਜ਼ੀ ਐਨਕਾਊਂਟਰ ਕਰਨ ਵਾਲੇ ਸਾਬਕਾ ਪੁਲਿਸ ਅਫਸਰਾਂ ਨੂੰ ਉਮਰ ਕੈਦ Two former policemen sentenced in fake encounter case in punjab – News18 ਪੰਜਾਬੀ

1992 ਦੇ ਫਰਜ਼ੀ ਪੁਲਿਸ ਮੁਕਾਬਲੇ ਦੇ ਕੇਸ ਵਿੱਚ ਅਦਾਲਤ ਨੇ ਦੋ ਤਤਕਾਲੀ ਪੁਲਿਸ ਅਫਸਰਾਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। 1992 ਵਿੱਚ ਫੌਜ ਵਿੱਚ ਤਾਇਨਾਤ ਬਲਦੇਵ ਅਤੇ ਅੰਮ੍ਰਿਤਸਰ ਨੇੜੇ ਇੱਕ ਪਿੰਡ ਦੇ ਵਸਨੀਕ ਲਖਵਿੰਦਰ ਦਾ ਫਰਜ਼ੀ ਐਨਕਾਊਂਟਰ ਹੋਇਆ ਸੀ।
ਦੋਵਾਂ ਪਰਿਵਾਰਾਂ ਨੇ ਰੋਂਦੇ ਹੋਏ ਕਿਹਾ ਕਿ ਇੰਨੇ ਸਾਲਾਂ ਬਾਅਦ ਫੈਸਲਾ ਆਇਆ ਹੈ, ਹਾਲਾਂਕਿ ਇਸ ਮਾਮਲੇ ਵਿਚ ਜਿਹੜੇ ਦੋ ਵਿਅਕਤੀ ਬਰੀ ਹੋਏ ਹਨ, ਉਨ੍ਹਾਂ ਖਿਲਾਫ ਹਾਈਕੋਰਟ ਦਾ ਰੁਖ ਕੀਤਾ ਜਾਵੇਗਾ। 32 ਸਾਲ ਪਹਿਲਾਂ ਅੰਮ੍ਰਿਤਸਰ ਵਿਚ ਹੋਏ ਬਲਦੇਵ ਸਿੰਘ ਉਰਫ਼ ਦੇਬਾ ਅਤੇ ਲਖਵਿੰਦਰ ਦੇ ਝੂਠੇ ਮੁਕਾਬਲੇ ਦੇ ਮਾਮਲੇ ਵਿੱਚ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਅੱਜ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ। ਅਦਾਲਤ ਨੇ ਚਾਰ ਦਿਨ ਪਹਿਲਾਂ ਹੀ ਇਨ੍ਹਾਂ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਦੋਸ਼ੀਆਂ ਵਿਚ ਤਤਕਾਲੀ ਐਸਐਚਓ ਮਜੀਠਾ ਪੁਰਸ਼ੋਤਮ ਸਿੰਘ ਅਤੇ ਏਐਸਆਈ ਗੁਰਭਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ ਨੂੰ ਕਤਲ ਅਤੇ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਜਦੋਂਕਿ ਇੰਸਪੈਕਟਰ ਚਮਨ ਲਾਲ ਅਤੇ ਡੀਐਸਪੀ ਐਸਐਸ ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਗਿਆ। ਹਾਲਾਂਕਿ, ਫਰਜ਼ੀ ਮੁਕਾਬਲੇ ਦੇ ਸਮੇਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਅੱਤਵਾਦੀ ਸਨ, ਜਿਨ੍ਹਾਂ ‘ਤੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਦਾਅਵਾ ਕੀਤਾ ਗਿਆ ਸੀ ਉਹ ਕਤਲ, ਫਿਰੌਤੀ, ਲੁੱਟ-ਖੋਹ ਆਦਿ ਦੇ ਸੈਂਕੜੇ ਮਾਮਲਿਆਂ ਵਿੱਚ ਸ਼ਾਮਲ ਸੀ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੈਣੀ ਬਸਕਰੇ ਦਾ ਰਹਿਣ ਵਾਲਾ ਫ਼ੌਜੀ ਬਲਦੇਵ ਸਿੰਘ ਛੁੱਟੀ ’ਤੇ ਆਇਆ ਹੋਇਆ ਸੀ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਉਸ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਕਤਲ ਕਰ ਦਿੱਤਾ ਗਿਆ।
ਦੂਜਾ ਮਾਮਲਾ 16 ਸਾਲਾ ਨਾਬਾਲਗ ਲਖਵਿੰਦਰ ਸਿੰਘ ਦੇ ਕਤਲ ਨਾਲ ਸਬੰਧਤ ਸੀ। ਉਸ ਨੂੰ ਵੀ ਘਰੋਂ ਚੁੱਕ ਕੇ ਉਸੇ ਤਰ੍ਹਾਂ ਮਾਰ ਦਿੱਤਾ ਗਿਆ। ਪਰ ਇਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰਕ ਮੈਂਬਰ ਕਾਫੀ ਦੇਰ ਤੱਕ ਉਸ ਦੀ ਭਾਲ ਕਰਦੇ ਰਹੇ। ਉਸ ਨੇ ਇਹ ਮਾਮਲਾ ਅਦਾਲਤ ਤੱਕ ਪੁੱਤਿਆ। ਸੀਬੀਆਈ ਨੇ ਇਹ ਵੀ ਪਾਇਆ ਕਿ ਪੁਲਿਸ ਦੁਆਰਾ ਦਿਖਾਏ ਗਏ ਕਥਿਤ ਮੁਕਾਬਲੇ ਵਾਲੀ ਥਾਂ ‘ਤੇ ਪੁਲਿਸ ਵਾਹਨਾਂ ਦੀ ਆਵਾਜਾਈ ਬਾਰੇ ਲਾਗ ਬੁੱਕ ਵਿੱਚ ਕੋਈ ਐਂਟਰੀ ਨਹੀਂ ਸੀ। ਪੁਲਿਸ ਨੇ ਇੱਥੋਂ ਤੱਕ ਕਿਹਾ ਸੀ ਕਿ ਬਲਦੇਵ ਸਿੰਘ ਦੇਬਾ ਮੁਕਾਬਲੇ ਵਿਚ ਜ਼ਖਮੀ ਹੋ ਗਿਆ ਸੀ, ਹਾਲਾਂਕਿ, ਦੇਬਾ ਦੀ ਪੋਸਟਮਾਰਟਮ ਰਿਪੋਰਟ ਦੇ ਅਨੁਸਾਰ, ਉਸ ਦੀ ਮੌਤ ਤੁਰੰਤ ਹੋ ਗਈ ਸੀ।