ਰੈਪਰ ਬਾਦਸ਼ਾਹ ਦੇ ਕਲੱਬ ਬਾਹਰ ਧਮਾਕੇ ਦੀ ਗੈਂਗਸਟਰ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ! ਦੱਸਿਆ ਇਹ ਵੱਡਾ ਕਾਰਨ

Chandigarh club Blast News: ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਧਮਾਕਾ ਹੋਇਆ ਹੈ। ਜਿਸ ਕਾਰਨ ਚਿੰਤਾ ਦਾ ਮਾਹੌਲ ਹੈ। ਮੰਗਲਵਾਰ ਸਵੇਰੇ ਸੈਕਟਰ-26 ਸਥਿਤ ਇਕ ਕਲੱਬ ਦੇ ਕੋਲ ਦੋ ਜ਼ਬਰਦਸਤ ਧਮਾਕੇ ਹੋਏ। ਇਸ ਮੌਕੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਅਤੇ ਰੋਹਿਤ ਗੋਂਦਾਰਾ ਵੱਲੋਂ ਲਈ ਗਈ ਹੈ। ਇਕ ਫੇਸਬੁੱਕ ਪੋਸਟ ਦੇ ਜ਼ਰੀਏ ਗੋਲਡੀ ਬਰਾੜ ਵੱਲੋਂ ਇਸ ਕਾਂਡ ਦੀ ਜ਼ਿੰਮੇਵਾਰੀ ਲਈ ਗਈ ਹੈ।
ਗੋਲਡੀ ਬਰਾੜ ਦੀ ਇਸ ਪੋਸਟ ਤੋਂ ਬਾਅਦ ਚੰਡੀਗੜ੍ਹ ਪੁਲਿਸ ਚੌਕਸ ਹੋ ਗਈ ਹੈ। ਇਸ ਪੋਸਟ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਨਾਲ-ਨਾਲ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀ ਸੁਰੱਖਿਆ ਏਜੰਸੀ ਵੀ ਅਲਰਟ ਮੋਡ ‘ਤੇ ਹੈ। ਚੰਡੀਗੜ੍ਹ ਪੁਲਿਸ ਦਾ ਆਈਟੀ ਵਿੰਗ ਅਤੇ ਸਾਈਬਰ ਸੈੱਲ ਇਸ ‘ਤੇ ਕੰਮ ਕਰ ਰਿਹਾ ਹੈ, ਹਾਲਾਂਕਿ ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।
ਹਾਲਾਂਕਿ ਇਸ ਪੋਸਟ ‘ਚ ਇਹ ਵੀ ਲਿਖਿਆ ਗਿਆ ਹੈ ਕਿ ਅਸੀਂ ਰੈਪਰ ਬਾਦਸ਼ਾਹ ਅਤੇ ਹੋਰ ਕਲੱਬਾਂ ਤੋਂ ਪ੍ਰੋਟੈਕਸ਼ਨ ਮਨੀ ਮੰਗੀ ਸੀ ਪਰ ਸ਼ਾਇਦ ਉਹ ਸਾਡੀ ਗੱਲ ਨਹੀਂ ਸੁਣ ਰਹੇ ਸਨ, ਇਸੇ ਲਈ ਅਸੀਂ ਅਜਿਹਾ ਕੀਤਾ ਹੈ, ਜੋ-ਜੋ ਸਾਡੀ ਗੱਲ ਨਹੀਂ ਸੁਣ ਰਹੇ ਉਨ੍ਹਾਂ ਦਾ ਇਸ ਤੋਂ ਵੀ ਵੱਡਾ ਕੰਮ ਹੋਵੇਗਾ।
ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਧਮਾਕੇ ਕਰੂਡ ਬੰਬ ਨਾਲ ਕੀਤੇ ਗਏ ਸਨ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦੂਜੇ ਪਾਸੇ ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਕਲੱਬ ਪੰਜਾਬ ਦੇ ਇੱਕ ਮਸ਼ਹੂਰ ਗਾਇਕ ਦਾ ਹੈ।
ਪੁਲਿਸ ਨੇ ਕਿਹਾ, “ਇੱਕ ਘੱਟ ਤੀਬਰਤਾ ਵਾਲਾ ਧਮਾਕਾ ਡੀਓਰਾ ਦੇ ਬਾਹਰ ਹੋਇਆ ਜੋ ਸੇਵਿਲੀ ਬਾਰ ਅਤੇ ਲਾਉਂਜ ਦੇ ਨੇੜੇ ਹੈ, ਜੋ ਕਿ ਸੈਕਟਰ 26 ਵਿੱਚ ਰੈਪਰ ਬਾਦਸ਼ਾਹ ਦੀ ਮਲਕੀਅਤ ਹੈ। ਦੋਵੇਂ ਰੈਸਟੋਰੈਂਟ ਇੱਕ ਦੂਜੇ ਤੋਂ 30 ਮੀਟਰ ਦੂਰ ਹਨ।”
ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਚੰਡੀਗੜ੍ਹ ਦੇ ਸੈਕਟਰ 26 ਵਿੱਚ ਇੱਕ ਬਾਰ ਵਿੱਚ ਧਮਾਕਾ ਹੋਇਆ, ਜਿਸ ਨਾਲ ਇਮਾਰਤ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਅਧਿਕਾਰੀਆਂ ਮੁਤਾਬਕ ਮੋਟਰਸਾਈਕਲ ‘ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਨੇ ਤੜਕੇ 2.30 ਤੋਂ 2.45 ਵਜੇ ਦਰਮਿਆਨ ਇਕ ਨਿੱਜੀ ਕਲੱਬ ‘ਤੇ ਘੱਟ ਤੀਬਰਤਾ ਵਾਲਾ ਧਮਾਕਾਖੇਜ਼ ਸੁੱਟਿਆ।
ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ, ਧਮਾਕੇ ਨਾਲ ਕਈ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਮਾਮੂਲੀ ਢਾਂਚਾਗਤ ਨੁਕਸਾਨ ਹੋਇਆ। ਨੇੜਲੇ ਇੱਕ ਕਲੱਬ ਨੂੰ ਵੀ ਮਾਮੂਲੀ ਨੁਕਸਾਨ ਹੋਇਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਦੇਸੀ ਬੰਬ ਨਾਲ ਇਹ ਧਮਾਕੇ ਕੀਤੇ। ਧਮਾਕੇ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ।