ਮੋਦੀ ਸਰਕਾਰ ਨੇ ਦਿੱਤਾ ਦੀਵਾਲੀ ਦਾ ਤੋਹਫਾ, ਲੋਨ ਦੀ ਰਕਮ ਨੂੰ ਲੈ ਕੇ ਕੀਤਾ ਵੱਡਾ ਐਲਾਨ…

ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਦੇਸ਼ ਦੇ ਕਾਰੋਬਾਰੀਆਂ ਨੂੰ ਖੁਸ਼ਖਬਰੀ ਦਿੱਤੀ ਹੈ। ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY) ਦੇ ਤਹਿਤ ਲੋਨ ਦੀ ਸੀਮਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਹੈ। ਵਿੱਤ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 23 ਜੁਲਾਈ 2024 ਨੂੰ ਕੇਂਦਰੀ ਬਜਟ ਵਿੱਚ ਇਸ ਦਾ ਐਲਾਨ ਕੀਤਾ ਸੀ।
ਲੋਨ ਦੀ ਲਿਮਿਟ ਵਧਾਉਣ ਦਾ ਮਕਸਦ ਉਭਰਦੇ ਹੋਏ ਕਾਰੋਬਾਰੀਆਂ ਦੀ ਮਦਦ ਕਰਨਾ ਹੈ, ਤਾਂ ਜੋ ਉਨ੍ਹਾਂ ਕੋਲ ਜ਼ਿਆਦਾ ਫੰਡਾਂ ਦਾ ਵਿਕਲਪ ਹੋਵੇ। ਲੋਕ ਸਭਾ ‘ਚ ਬਜਟ ਪੇਸ਼ ਕਰਦੇ ਹੋਏ ਸੀਤਾਰਮਨ ਨੇ ਕਿਹਾ ਸੀ, ‘ਮੁਦਰਾ ਲੋਨ ਦੀ ਸੀਮਾ ਮੌਜੂਦਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਜਾਵੇਗੀ, ਜਿਨ੍ਹਾਂ ਉਦਮੀਆਂ ਨੇ ਪਹਿਲਾਂ ‘ਤਰੁਣ’ ਸ਼੍ਰੇਣੀ ਦੇ ਤਹਿਤ ਕਰਜ਼ਾ ਲਿਆ ਹੈ ਅਤੇ ਉਸਦਾ ਸਫਲਤਾਪੂਰਵਕ ਭੁਗਤਾਨ ਕੀਤਾ ਹੈ।
ਨਵੀਂ ਲੋਨ ਸ਼੍ਰੇਣੀ ‘ਤਰੁਣ ਪਲੱਸ’ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਉੱਦਮੀਆਂ ਲਈ ਹੈ, ਜਿਨ੍ਹਾਂ ਨੇ ਪਹਿਲਾਂ ‘ਤਰੁਣ’ ਸ਼੍ਰੇਣੀ ਦੇ ਅਧੀਨ ਕਰਜ਼ਾ ਲਿਆ ਹੈ ਅਤੇ ਹੁਣ ਸਫਲਤਾਪੂਰਵਕ ਕਰਜ਼ੇ ਦੀ ਅਦਾਇਗੀ ਕਰ ਦਿੱਤੀਹੈ। ਇਸ ਤੋਂ ਇਲਾਵਾ 20 ਲੱਖ ਰੁਪਏ ਤੱਕ ਦਾ ਲੋਨ ਕ੍ਰੈਡਿਟ ਗਾਰੰਟੀ ਫੰਡ ਮਾਈਕਰੋ ਯੂਨਿਟਸ (CGFMU) ਦੇ ਤਹਿਤ ਦਿੱਤਾ ਜਾਵੇਗਾ। ਜੋ ਉਦਯੋਗਪਤੀ ਦੇ ਮਜ਼ਬੂਤ ਈਕੋ-ਸਿਸਟਮ ਨੂੰ ਲੈ ਕੇ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਸਾਲ 2015 ਵਿੱਚ ਸ਼ੁਰੂ ਹੋਈ ਸੀ ਮੁਦਰਾ ਯੋਜਨਾ…
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਅਪ੍ਰੈਲ 2015 ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY) ਪੇਸ਼ ਕੀਤੀ ਸੀ। ਇਸ ਦਾ ਉਦੇਸ਼ ਆਮਦਨ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਲਈ ਗੈਰ-ਕਾਰਪੋਰੇਟ, ਗੈਰ-ਖੇਤੀਬਾੜੀ ਛੋਟੇ ਅਤੇ ਸੂਖਮ ਉੱਦਮੀਆਂ ਨੂੰ 10 ਲੱਖ ਰੁਪਏ ਤੱਕ ਦਾ ਆਸਾਨ ਅਤੇ ਕੋਲੈਟਰਲ-ਫ੍ਰੀ ਮਾਈਕ੍ਰੋ ਕ੍ਰੈਡਿਟ ਉਪਲੱਬਧ ਕਰਵਾਉਣਾ ਹੈ।
ਮੌਜੂਦਾ ਯੋਜਨਾ ਦੇ ਤਹਿਤ ਬੈਂਕ 3 ਵੱਖ-ਵੱਖ ਸ਼੍ਰੇਣੀਆਂ – ਸ਼ਿਸ਼ੂ (50,000 ਰੁਪਏ ਤੱਕ), ਕਿਸ਼ੋਰ (50,000 ਤੋਂ 5 ਲੱਖ ਰੁਪਏ ਦੇ ਵਿਚਾਲੇ ) ਅਤੇ ਤਰੁਣ (10 ਲੱਖ ਰੁਪਏ) ਦੇ ਤਹਿਤ 10 ਲੱਖ ਰੁਪਏ ਤੱਕ ਦਾ ਕੋਲੈਟਰਲ-ਫ੍ਰੀ ਲੋਨ ਮੁਹਈਆ ਕਰਵਾਉਂਦੇ ਹਨ।