ਜਸਪ੍ਰੀਤ ਬੁਮਰਾਹ ਬਣੇ ICC ‘ਟੈਸਟ ਕ੍ਰਿਕਟਰ ਆਫ ਦਿ ਈਅਰ’

ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲਈ ਸਾਲ 2024 ਯਾਦਗਾਰ ਰਿਹਾ। ਇਸ ਸਾਲ ਉਸ ਨੇ ਟੀਮ ਇੰਡੀਆ ਲਈ ਨਾ ਸਿਰਫ ਅਨਮੋਲ ਯੋਗਦਾਨ ਪਾਇਆ ਸਗੋਂ ਕਈ ਰਿਕਾਰਡ ਵੀ ਬਣਾਏ। ਹਾਲ ਹੀ ‘ਚ ਬੁਮਰਾਹ ਨੂੰ ICC ‘ਟੈਸਟ ਕ੍ਰਿਕਟਰ ਆਫ ਦਿ ਈਅਰ’ ਦਾ ਪੁਰਸਕਾਰ ਮਿਲਿਆ ਹੈ। ਹੁਣ ਬੁਮਰਾਹ ਨੂੰ ‘ਸਰ ਗਾਰਫੀਲਡ ਸੋਬਰਸ ਟਰਾਫੀ’ ਵੀ ਦਿੱਤੀ ਜਾਵੇਗੀ, ਜੋ ਆਈਸੀਸੀ ਵੱਲੋਂ ਸਾਲ ਦੇ ਸਰਵੋਤਮ ਕ੍ਰਿਕਟਰ ਨੂੰ ਦਿੱਤਾ ਜਾਣ ਵਾਲਾ ਸਨਮਾਨ ਹੈ। ਉਹ ਇਹ ਖਿਤਾਬ ਜਿੱਤਣ ਵਾਲਾ 5ਵਾਂ ਭਾਰਤੀ ਖਿਡਾਰੀ ਹੋਵੇਗਾ।
ICC ਦੀ ਟੀਮ ‘ਚ ਵੀ ਐਂਟਰੀ
ICC ਨੇ ਹਾਲ ਹੀ ਵਿੱਚ ਸਾਲ ਦੀ ਸਰਵੋਤਮ ਟੈਸਟ ਟੀਮ ਚੁਣੀ ਸੀ। ਬੁਮਰਾਹ ਦਾ ਨਾਂ ਪਲੇਇੰਗ ਇਲੈਵਨ ‘ਚ ਸੀ। ਆਈਸੀਸੀ ਨੇ ਬੁਮਰਾਹ ਬਾਰੇ ਆਪਣੀ ਰਿਲੀਜ਼ ਵਿੱਚ ਕਿਹਾ, ‘ਜਸਪ੍ਰੀਤ ਬੁਮਰਾਹ ਨੂੰ ਆਈਸੀਸੀ ਪੁਰਸਕਾਰਾਂ ਵਿੱਚ ਸਾਲ ਦੇ ਸਰਵੋਤਮ ਪੁਰਸ਼ ਕ੍ਰਿਕਟਰ ਲਈ ਸਰ ਗਾਰਫੀਲਡ ਸੋਬਰਸ ਪੁਰਸਕਾਰ ਲਈ ਚੁਣਿਆ ਗਿਆ ਹੈ। ਸਾਲ 2024 ਵਿੱਚ, ਉਸਨੇ ਟੈਸਟ ਅਤੇ ਸੀਮਤ ਓਵਰਾਂ ਦੇ ਫਾਰਮੈਟਾਂ ਵਿੱਚ ਵਿਰੋਧੀ ਟੀਮਾਂ ‘ਤੇ ਦਬਾਅ ਬਣਾਈ ਰੱਖਿਆ।
7 ਸਾਲ ਬਾਅਦ ਆਇਆ ਭਾਰਤੀ ਦਾ ਨਾਮ
7 ਸਾਲ ਬਾਅਦ ਇਸ ਆਈਸੀਸੀ ਐਵਾਰਡ ਲਈ ਕਿਸੇ ਭਾਰਤੀ ਦਾ ਨਾਮ ਆਇਆ ਹੈ। ਪਿਛਲੀ ਵਾਰ ਵਿਰਾਟ ਕੋਹਲੀ ਨੂੰ ਇਹ ਐਵਾਰਡ ਦਿੱਤਾ ਗਿਆ ਸੀ। ਰਾਹੁਲ ਦ੍ਰਾਵਿੜ (2004), ਸਚਿਨ ਤੇਂਦੁਲਕਰ (2010), ਰਵੀਚੰਦਰਨ ਅਸ਼ਵਿਨ (2016) ਅਤੇ ਵਿਰਾਟ ਕੋਹਲੀ (2017 ਅਤੇ 2018) ਨੂੰ ਇਹ ਪੁਰਸਕਾਰ ਮਿਲਿਆ ਹੈ।
ਰੈਂਕਿੰਗ ‘ਚ ਬੁਮਰਾਹ ਨੇ ਰਚਿਆ ਇਤਿਹਾਸ
ਬੁਮਰਾਹ ਦੀ ਤਾਰੀਫ ਕਰਦੇ ਹੋਏ ਆਈਸੀਸੀ ਨੇ ਕਿਹਾ, ‘ਬੁਮਰਾਹ ਦਾ ਹੁਨਰ ਆਈਸੀਸੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਝਲਕਦਾ ਹੈ ਜਿਸ ‘ਚ ਉਸ ਨੇ 900 ਅੰਕਾਂ ਦਾ ਅੰਕੜਾ ਪਾਰ ਕੀਤਾ ਹੈ। ਸਾਲ ਦੇ ਅੰਤ ਵਿੱਚ ਉਸ ਦੇ ਨਾਮ 907 ਅੰਕ ਸਨ, ਜੋ ਰੈਂਕਿੰਗ ਦੇ ਇਤਿਹਾਸ ਵਿੱਚ ਕਿਸੇ ਵੀ ਭਾਰਤੀ ਗੇਂਦਬਾਜ਼ ਲਈ ਸਭ ਤੋਂ ਵੱਧ ਹਨ।