ਬ੍ਰਿਟੇਨ ਦੇ ਸਭ ਤੋਂ ਸਫਲ ਪ੍ਰਵਾਸੀਆਂ ਵਿੱਚ ਭਾਰਤੀ ਸਭ ਤੋਂ ਮੂਹਰੇ, ਨੌਕਰੀਆਂ-ਵਪਾਰ ਤੇ ਰਾਜਨੀਤੀ ‘ਚ ਮਾਰ ਰਹੇ ਮੱਲਾਂ…

ਬ੍ਰਿਟੇਨ ਵਿੱਚ ਭਾਰਤੀ ਡਾਇਸਪੋਰਾ ਪਿਛਲੇ ਕਈ ਦਹਾਕਿਆਂ ਤੋਂ ਵੱਧ-ਫੁੱਲ ਰਿਹਾ ਹੈ। ਇੱਥੇ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਚੰਗੀਆਂ ਨੌਕਰੀਆਂ ਤੇ ਆਪਣਾ ਕਾਰੋਬਾਰ ਕਰ ਰਹੇ ਹਨ। ਤੁਲਨਾ ਕਰਨ ‘ਤੇ ਪਤਾ ਲੱਗਦਾ ਹੈ ਕਿ ਕਿਰਾਏ ਦੇ ਮਕਾਨਾਂ ‘ਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਇੱਥੇ ਹੋਰ ਭਾਈਚਾਰਿਆਂ ਦੇ ਮੁਕਾਬਲੇ ਘੱਟ ਹੈ।
71 ਪ੍ਰਤੀਸ਼ਤ ਭਾਰਤੀ ਆਪਣੇ ਘਰ ਦੇ ਮਾਲਕ ਹਨ ਅਤੇ ਸਭ ਤੋਂ ਵੱਧ ਸਮਾਜਿਕ ਤੌਰ ‘ਤੇ ਸਸ਼ਕਤ ਹਨ। ਸਿੱਖਿਆ ਦੇ ਮਾਮਲੇ ‘ਚ ਭਾਰਤੀ ਭਾਈਚਾਰਾ 95 ਫੀਸਦੀ ਦੇ ਨਾਲ ਪਹਿਲੇ ਸਥਾਨ ‘ਤੇ ਹੈ, ਜਦਕਿ ਚੀਨੀ ਮੂਲ ਦੇ ਲੋਕ 90 ਫੀਸਦੀ ਦੇ ਨਾਲ ਦੂਜੇ ਸਥਾਨ ‘ਤੇ ਹਨ। ਨੌਕਰੀਆਂ ਦੇ ਮਾਮਲੇ ਵਿੱਚ ਬ੍ਰਿਟਿਸ਼ ਭਾਰਤੀ ਭਾਈਚਾਰੇ ਦੇ ਲੋਕ ਸਿਰਫ ਬ੍ਰਿਟਿਸ਼ ਲੋਕਾਂ ਤੋਂ ਪਿੱਛੇ ਹਨ। ਇਸ ਤੋਂ ਇਲਾਵਾ ਸਭ ਤੋਂ ਵੱਧ ਭਾਰਤੀ ਮੂਲ ਦੇ ਲੋਕ ਲਗਭਗ 49 ਫੀਸਦੀ ਦੇ ਨਾਲ ਕੰਪਨੀਆਂ ‘ਚ ਉੱਚ ਅਹੁਦਿਆਂ ‘ਤੇ ਕੰਮ ਕਰ ਰਹੇ ਹਨ।
ਪਾਲਿਸੀ ਐਕਸਚੇਂਜ ਦੁਆਰਾ ਪ੍ਰਕਾਸ਼ਿਤ ਇੱਕ ਨਵੀਂ ਰਿਪੋਰਟ, “A Portrait of Modern Britain” ਵਿੱਚ ਇਹ ਰਿਸਰਚ ਸਾਹਮਣੇ ਆਈ ਹੈ। ਰਿਪੋਰਟ ਵਿੱਚ ਬ੍ਰਿਟਿਸ਼ ਭਾਰਤੀਆਂ ਨੂੰ “ਆਧੁਨਿਕ ਬ੍ਰਿਟੇਨ ਵਿੱਚ ਸਭ ਤੋਂ ਸਫਲ ਨਸਲੀ-ਧਾਰਮਿਕ ਸਮੂਹਾਂ ਵਿੱਚੋਂ ਇੱਕ” ਦੱਸਿਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ-ਬੰਗਲਾਦੇਸ਼ੀ ਭਾਈਚਾਰੇ ਵਿੱਚ ਕਿੱਤਿਆਂ ਵਿੱਚ ਕੰਮ ਕਰਨ ਵਾਲਿਆਂ ਦੀ ਸਭ ਤੋਂ ਘੱਟ ਪ੍ਰਤੀਸ਼ਤਤਾ ਹੈ ਅਤੇ ਸਭ ਤੋਂ ਘੱਟ ਪ੍ਰਤੀ ਘੰਟਾ ਵੇਤਨ ਦਰ ਹੈ।
ਪ੍ਰਵਾਸੀ ਆਪਣੇ ਮੂਲ ਦੇਸ਼ਾਂ ਨਾਲ ਵਧੇਰੇ ਜੁੜੇ ਹੋਏ ਹਨ…
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਵਾਸੀ ਡਿਜੀਟਲ ਸੰਚਾਰ ਦੇ ਕਾਰਨ ਆਪਣੇ ਮੂਲ ਦੇਸ਼ਾਂ ਨਾਲ ਜ਼ਿਆਦਾ ਜੁੜੇ ਹੋਏ ਹਨ। ਇਹੀ ਕਾਰਨ ਸੀ ਕਿ ਲੈਸਟਰ ਵਿੱਚ ਟਕਰਾਅ ਸ਼ੁਰੂ ਹੋਇਆ। ਰਿਪੋਰਟ ਵਿੱਚ ਪਿਛਲੀਆਂ ਆਮ ਚੋਣਾਂ ਤੋਂ ਪਹਿਲਾਂ ਲਿਆਂਦੇ ਗਏ ਹਿੰਦੂ ਅਤੇ ਸਿੱਖ ਮੈਨੀਫੈਸਟੋ ਦੀ ਆਲੋਚਨਾ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ “ਖੁੱਲ੍ਹੇਆਮ ਫਿਰਕੂ ਚੋਣ ਰਾਜਨੀਤੀ” ਦਾ ਹਿੱਸਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਰਤਾਨੀਆ ਵਿੱਚ ਗੋਰੇ ਗ੍ਰੈਜੂਏਟਾਂ ਦੀ ਤਰੱਕੀ ਦੀ ਰਫ਼ਤਾਰ ਮੁਕਾਬਲਤਨ ਘੱਟ ਹੈ। ਜਦੋਂ ਕਿ ਉੱਚ ਸਿੱਖਿਆ ਵਾਲੇ ਕੁਝ ਸਮੂਹ, ਜਿਵੇਂ ਕਿ ਭਾਰਤੀ ਹਿੰਦੂ, ਤੇਜ਼ੀ ਨਾਲ ਅੱਗੇ ਵਧ ਰਹੇ ਹਨ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਾਰੀਆਂ ਨਸਲੀ ਘੱਟ ਗਿਣਤੀਆਂ ਨੂੰ ਬ੍ਰਿਟਿਸ਼ ਹੋਣ ‘ਤੇ ਮਾਣ ਹੈ। ਇਹ ਲੋਕ ਅਮਰੀਕਾ, ਜਰਮਨੀ ਅਤੇ ਫਰਾਂਸ ਦੇ ਮੁਕਾਬਲੇ ਬਰਤਾਨੀਆ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਲੋਕ ਮਹਿਸੂਸ ਕਰਦੇ ਹਨ ਕਿ “ਬ੍ਰਿਟੇਨ ਵਿਸ਼ਵ ਵਿੱਚ ਚੰਗਿਆਈ ਲਈ ਇੱਕ ਤਾਕਤ ਰਿਹਾ ਹੈ” ਅਤੇ ਉਹ ਬਰਤਾਨੀਆ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ। ਬਰਤਾਨੀਆ ਵਿਚ ਵੱਡੇ ਹੋ ਰਹੇ ਬੱਚਿਆਂ ਨੂੰ ਇਸ ਦੇ ਇਤਿਹਾਸ ‘ਤੇ ਮਾਣ ਕਰਨਾ ਸਿਖਾਇਆ ਜਾਣਾ ਚਾਹੀਦਾ ਹੈ।