31 ਮਾਰਚ ਤੱਕ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ PPF ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਅਕਾਊਂਟ

ਨਵੀਂ ਦਿੱਲੀ- ਪਬਲਿਕ ਪ੍ਰੋਵੀਡੈਂਟ ਫੰਡ (PPF) ਅਤੇ ਸੁਕੰਨਿਆ ਸਮ੍ਰਿਧੀ ਯੋਜਨਾ (SSY) ਪ੍ਰਸਿੱਧ ਨਿਵੇਸ਼ ਸਕੀਮਾਂ ਹਨ। ਇਨ੍ਹਾਂ ਦੋਵਾਂ ਸਕੀਮਾਂ ਵਿੱਚ, ਨਾ ਸਿਰਫ਼ ਵਧੀਆ ਵਿਆਜ ਮਿਲਦਾ ਹੈ, ਸਗੋਂ ਟੈਕਸ ਵਿੱਚ ਛੋਟ ਵੀ ਮਿਲਦੀ ਹੈ। ਇਸ ਵੇਲੇ ਪੀਪੀਐਫ ‘ਤੇ 7.1 ਪ੍ਰਤੀਸ਼ਤ ਵਿਆਜ ਦਿੱਤਾ ਜਾ ਰਿਹਾ ਹੈ। ਸੁਕੰਨਿਆ ਸਮ੍ਰਿਧੀ ਯੋਜਨਾ ਖਾਤਾ ਸਿਰਫ਼ 10 ਸਾਲ ਤੋਂ ਘੱਟ ਉਮਰ ਦੀ ਬੱਚੀ ਦੇ ਨਾਮ ‘ਤੇ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਦੁਆਰਾ ਖੋਲ੍ਹਿਆ ਜਾ ਸਕਦਾ ਹੈ। ਇਨ੍ਹਾਂ ਦੋਵਾਂ ਸਕੀਮਾਂ ਵਿੱਚ, ਇੱਕ ਵਿੱਤੀ ਸਾਲ ਵਿੱਚ ਘੱਟੋ-ਘੱਟ ਰਕਮ ਜਮ੍ਹਾ ਕਰਨਾ ਜ਼ਰੂਰੀ ਹੈ। ਇਸ ਲਈ, ਜੇਕਰ ਤੁਸੀਂ 31 ਮਾਰਚ ਤੱਕ ਇਨ੍ਹਾਂ ਦੋਵਾਂ ਯੋਜਨਾਵਾਂ ਵਿੱਚ ਘੱਟੋ-ਘੱਟ ਨਿਵੇਸ਼ ਨਹੀਂ ਕਰਦੇ, ਤਾਂ ਤੁਹਾਡੇ ਖਾਤੇ ਇਨਐਕਟਿਵ (ਬੰਦ) ਹੋ ਸਕਦੇ ਹਨ ਅਤੇ ਤੁਹਾਨੂੰ ਉਨ੍ਹਾਂ ਨੂੰ ਮੁੜ ਚਾਲੂ ਕਰਨ ਲਈ ਜੁਰਮਾਨਾ ਭਰਨਾ ਪੈ ਸਕਦਾ ਹੈ।
ਪਬਲਿਕ ਪ੍ਰੋਵੀਡੈਂਟ ਫੰਡ (PPF): PPF ਖਾਤਾ ਧਾਰਕਾਂ ਲਈ ਘੱਟੋ-ਘੱਟ ਜਮ੍ਹਾਂ ਰਕਮ 500 ਰੁਪਏ ਹੈ, ਜਿਸਦਾ ਮਤਲਬ ਹੈ ਕਿ ਤੁਹਾਨੂੰ ਇੱਕ ਵਿੱਤੀ ਸਾਲ ਵਿੱਚ ਇਸ ਵਿੱਚ ਘੱਟੋ-ਘੱਟ 500 ਰੁਪਏ ਦਾ ਨਿਵੇਸ਼ ਕਰਨਾ ਪਵੇਗਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਹਾਡਾ ਖਾਤਾ ਬੰਦ ਹੋ ਸਕਦਾ ਹੈ। ਜੇਕਰ ਤੁਸੀਂ ਇਹ ਪੈਸੇ ਜਮ੍ਹਾ ਨਹੀਂ ਕਰਵਾਉਂਦੇ, ਤਾਂ ਤੁਹਾਨੂੰ 50 ਰੁਪਏ ਜੁਰਮਾਨਾ ਭਰਨਾ ਪਵੇਗਾ। ਇਸ ਲਈ, ਜੇਕਰ ਤੁਸੀਂ ਖਾਤੇ ਨੂੰ ਕਿਰਿਆਸ਼ੀਲ ਰੱਖਣਾ ਚਾਹੁੰਦੇ ਹੋ ਅਤੇ ਜੁਰਮਾਨੇ ਤੋਂ ਬਚਣਾ ਚਾਹੁੰਦੇ ਹੋ, ਤਾਂ 31 ਮਾਰਚ, 2025 ਤੋਂ ਪਹਿਲਾਂ ਘੱਟੋ-ਘੱਟ ਲੋੜੀਂਦੀ ਰਕਮ ਜਮ੍ਹਾ ਕਰੋ।
SSY ਅਕਾਊਂਟ ਲਈ ਨਿਯਮ
ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਘੱਟੋ-ਘੱਟ ਜਮ੍ਹਾਂ ਰਕਮ ਵੀ ਪ੍ਰਤੀ ਵਿੱਤੀ ਸਾਲ 250 ਰੁਪਏ ਹੈ। ਇਸ ਵੇਲੇ ਇਸ ਸਕੀਮ ਵਿੱਚ 8.2% ਵਿਆਜ ਦਿੱਤਾ ਜਾ ਰਿਹਾ ਹੈ। ਜੇਕਰ ਇਹ ਵਿੱਤੀ ਸਾਲ ਵਿੱਚ ਜਮ੍ਹਾ ਨਹੀਂ ਕੀਤਾ ਜਾਂਦਾ ਹੈ, ਤਾਂ ਖਾਤਾ ਬੰਦ ਕੀਤਾ ਜਾ ਸਕਦਾ ਹੈ। ਜੇਕਰ ਰਕਮ ਸਮੇਂ ਸਿਰ ਜਮ੍ਹਾ ਨਹੀਂ ਕਰਵਾਈ ਜਾਂਦੀ, ਤਾਂ 50 ਰੁਪਏ ਦੀ ਵਾਧੂ ਫੀਸ ਦੇਣੀ ਪਵੇਗੀ। SSY ਖਾਤਾ 21 ਸਾਲਾਂ ਲਈ ਵੈਧ ਰਹਿੰਦਾ ਹੈ ਜਾਂ 18 ਸਾਲ ਦੀ ਉਮਰ ਤੋਂ ਬਾਅਦ ਲੜਕੀ ਦੇ ਵਿਆਹ ‘ਤੇ ਬੰਦ ਕੀਤਾ ਜਾ ਸਕਦਾ ਹੈ। ਹਾਲਾਂਕਿ, ਧੀ ਦੇ 18 ਸਾਲ ਦੀ ਹੋਣ ਤੋਂ ਬਾਅਦ ਉੱਚ ਸਿੱਖਿਆ ਲਈ ਅੰਸ਼ਕ ਤੌਰ ‘ਤੇ ਪੈਸੇ ਕਢਵਾਉਣ ਦੀ ਆਗਿਆ ਹੈ।
ਟੈਕਸ ਛੋਟ ਦਾ ਲਾਭ
ਪੀਪੀਐਫ ਅਤੇ ਐਸਐਸਵਾਈ ਦੋਵਾਂ ਸਕੀਮਾਂ ਵਿੱਚ ਨਿਵੇਸ਼ ਕਰਨ ਨਾਲ ਆਮਦਨ ਕਰ ਐਕਟ ਦੀ ਧਾਰਾ 80ਸੀ ਦੇ ਤਹਿਤ ਟੈਕਸ ਛੋਟ ਦਾ ਲਾਭ ਮਿਲਦਾ ਹੈ। ਇਸ ਤਹਿਤ 1.5 ਲੱਖ ਰੁਪਏ ਤੱਕ ਦੇ ਸਾਲਾਨਾ ਨਿਵੇਸ਼ ‘ਤੇ ਟੈਕਸ ਦੀ ਬਚਤ ਕੀਤੀ ਜਾ ਸਕਦੀ ਹੈ।