H-1B ਵੀਜ਼ਾ ‘ਤੇ ਭਾਰਤੀਆਂ ਲਈ ਵੱਡੀ ਖ਼ਬਰ, ਟਰੰਪ ਨੇ ਕੀਤਾ ਇਹ ਵੱਡਾ ਐਲਾਨ – News18 ਪੰਜਾਬੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਾ ‘ਤੇ ਆਪਣੇ ਸਟੈਂਡ ਦਾ ਖੁਲਾਸਾ ਕੀਤਾ ਹੈ। ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਤੋਂ H-1B ਵੀਜ਼ਾ ‘ਤੇ ਸਵਾਲ ਪੁੱਛਿਆ ਗਿਆ। ਇਸ ‘ਤੇ ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਯੋਗ ਲੋਕ ਅਮਰੀਕਾ ਆਉਣ। ਟਰੰਪ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਉਹ ਦੇਸ਼ ਵਿੱਚ ‘ਬਹੁਤ ਸਮਰੱਥ ਲੋਕਾਂ’ ਨੂੰ ਲਿਆਉਣਾ ਚਾਹੁੰਦੇ ਹਨ। ਮੈਨੂੰ ਬਹਿਸ ਦੇ ਦੋਵੇਂ ਪੱਖ ਪਸੰਦ ਹਨ, ਪਰ ਮੈਂ ਇਹ ਵੀ ਚਾਹੁੰਦਾ ਹਾਂ ਕਿ ਬਹੁਤ ਯੋਗ ਲੋਕ ਸਾਡੇ ਦੇਸ਼ ਵਿੱਚ ਆਉਣ।
ਟਰੰਪ ਨੇ ਅੱਗੇ ਕਿਹਾ, ‘ਪਰ ਮੈਂ ਨਹੀਂ ਚਾਹੁੰਦਾ ਕਿ ਅਸੀਂ ਇਸਨੂੰ ਰੋਕੀਏ।’ ਅਤੇ ਮੈਂ ਸਿਰਫ਼ ਇੰਜੀਨੀਅਰਾਂ ਬਾਰੇ ਗੱਲ ਨਹੀਂ ਕਰ ਰਿਹਾ, ਮੈਂ ਹਰ ਪੱਧਰ ਦੇ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ। ਰਾਸ਼ਟਰਪਤੀ H-1B ਵੀਜ਼ਾ ‘ਤੇ ਆਪਣੇ ਸਮਰਥਕਾਂ ਵਿੱਚ ਚੱਲ ਰਹੀ ਬਹਿਸ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਦੇ ਕਰੀਬੀ ਸਹਿਯੋਗੀ ਅਤੇ ਟੇਸਲਾ ਦੇ ਬੌਸ ਐਲੋਨ ਮਸਕ H-1B ਵੀਜ਼ਾ ਦਾ ਸਮਰਥਨ ਕਰਦੇ ਹਨ ਕਿਉਂਕਿ ਇਸ ਦੇ ਚਲਦਿਆਂ ਹੀ ਯੋਗ ਤਕਨੀਕੀ ਪੇਸ਼ੇਵਰਾਂ ਅਮਰੀਕਾ ਵਿੱਚ ਆਉਂਦੇ ਹਨ। ਇਸ ਦੇ ਨਾਲ ਹੀ, ਟਰੰਪ ਦੇ ਬਹੁਤ ਸਾਰੇ ਸਮਰਥਕ ਇਸਦਾ ਵਿਰੋਧ ਕਰਦੇ ਹੋਏ ਕਹਿੰਦੇ ਹਨ ਕਿ ਇਹ ਅਮਰੀਕੀ ਨਾਗਰਿਕਾਂ ਤੋਂ ਨੌਕਰੀਆਂ ਖੋਹ ਲੈਂਦਾ ਹੈ।
ਟਰੰਪ ਦਾ ਇਹ ਰਵੱਈਆ ਕੁਝ ਹੱਦ ਤੱਕ ਭਾਰਤੀਆਂ ਲਈ ਰਾਹਤ ਦਾ ਕਾਰਨ ਬਣ ਸਕਦਾ ਹੈ। ਇਸਦਾ ਕਾਰਨ ਇਹ ਹੈ ਕਿ ਅਮਰੀਕਾ ਵਿੱਚ ਭਾਰਤੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। H1B ਵੀਜ਼ਾ ਪ੍ਰੋਗਰਾਮ ਵਿੱਚ ਕਿਸੇ ਵੀ ਬਦਲਾਅ ਦਾ ਸਿੱਧਾ ਅਸਰ ਭਾਰਤੀਆਂ ‘ਤੇ ਪੈਂਦਾ ਹੈ। ਹਾਲਾਂਕਿ, ਹੁਣ ਇਹ ਦੇਖਣਾ ਬਾਕੀ ਹੈ ਕਿ ਟਰੰਪ H1B ਵੀਜ਼ਾ ਬਾਰੇ ਕਿਵੇਂ ਅੱਗੇ ਵਧਦੇ ਹਨ। ਟਰੰਪ ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਉਹ ਇਸਨੂੰ ਨਹੀਂ ਰੋਕਣਗੇ ਪਰ ਕੁਝ ਬਦਲਾਅ ਕਰ ਸਕਦੇ ਹਨ।
ਕੀ ਹੈ H-1B ਵੀਜ਼ਾ
H-1B ਵੀਜ਼ਾ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਵਿਦੇਸ਼ੀ ਕਾਮਿਆਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਕੰਮ ਕਰਨ ਦੀ ਆਗਿਆ ਦਿੰਦਾ ਹੈ। ਇਸ ਪ੍ਰੋਗਰਾਮ ਦਾ ਖਾਸ ਕਰਕੇ ਤਕਨੀਕੀ ਖੇਤਰ ਵਿੱਚ ਵਿਸ਼ੇਸ਼ ਮਹੱਤਵ ਹੈ।