ਕੀ ਸੱਚ-ਮੁੱਚ ਡੇਂਗੂ ਨੂੰ ਠੀਕ ਕਰਦਾ ਹੈ ਬੱਕਰੀ ਦਾ ਦੁੱਧ ? ਡਾਕਟਰ ਨੇ ਦਿੱਤਾ ਇਹ ਜਵਾਬ – News18 ਪੰਜਾਬੀ

ਭਾਰਤ ਵਿਚ ਹੁਣ ਮੀਂਹ ਦਾ ਮੌਸਮ ਚੱਲ ਰਿਹਾ ਹੈ। ਇਸ ਮੌਸਮ ਵਿਚ ਮੱਛਰ ਵਧਣ ਨਾਲ ਡੇਂਗੂ, ਮਲੇਰੀਆ ਤੇ ਚਿਕਨ ਗੁਨੀਆਂ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਲੱਗਦੀਆਂ ਹਨ। ਭਾਰਤ ਵਿਚ ਡੇਂਗੂ ਦੇ ਮਾਮਲੇ ਵਧਦੇ ਜਾ ਰਹੇ ਹਨ। ਇਲਾਜ ਦੇ ਨਾਲ ਨਾਲ ਮੰਨਿਆਂ ਜਾਂਦਾ ਹੈ ਕਿ ਬੱਕਰੀ ਦਾ ਦੁੱਧ ਡੇਂਗੂ ਦੇ ਮਰੀਜ਼ਾਂ ਲਈ ਬਹੁਤ ਗੁਣਕਾਰੀ ਹੈ। ਇਸ ਲਈ ਬੱਕਰੀ ਦੇ ਦੁੱਧੀ ਦੀ ਮੰਗ ਵੀ ਆਏ ਦਿਨ ਵਧ ਰਹੀ ਹੈ। ਪਰ ਇਹ ਜਾਣਨਾ ਮਹੱਤਵਪੂਰਨ ਹੈ ਕਿ ਕੀ ਬੱਕਰੀ ਦਾ ਦੁੱਧ ਡੇਂਗੂ ਦੇ ਇਲਾਜ ਵਿੱਚ ਅਸਲ ਵਿਚ ਮਦਦਗਾਰ ਹੈ ਜਾਂ ਇਹ ਸਿਰਫ਼ ਇਕ ਮਿੱਥ ਹੈ। ਆਓ ਆਯੁਰਵੇਦ ਡਾਕਟਰ ਵਿਨੈ ਖੁੱਲਰ ਤੋਂ ਜਾਣਦੇ ਹਾਂ ਕਿ ਕੀ ਹੈ ਅਸਲ ਸੱਚ।
ਬੱਕਰੀ ਦੇ ਦੁੱਧ ਵਿਚ ਪੌਸ਼ਟਿਕ ਤੱਤ
ਡਾ. ਵਿਨੈ ਖੁੱਲਰ ਨੇ ਦੱਸਿਆ ਕਿ ਬੱਕਰੀ ਦਾ ਦੁੱਧ ਕਿਸੇ ਵੀ ਵਿਅਕਤੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਵਿਚ ਦਰਜਨ ਤੋਂ ਵੱਧ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ‘ਚ ਵਿਟਾਮਿਨ ਬੀ6, ਬੀ12, ਸੀ ਅਤੇ ਡੀ ਦੇ ਨਾਲ-ਨਾਲ ਫੋਲੇਟ ਬਾਈਡਿੰਗ ਕੰਪੋਨੈਂਟਸ ਮੌਜੂਦ ਹੁੰਦੇ ਹਨ, ਜੋ ਸਰੀਰ ‘ਚ ਫੋਲਿਕ ਐਸਿਡ ਦੀ ਮਾਤਰਾ ਵਧਾਉਣ ‘ਚ ਮਦਦਗਾਰ ਹੁੰਦੇ ਹਨ।
ਕੀ ਬੱਕਰੀ ਦੇ ਦੁੱਧ ਨਾਲ ਮਿਲਦਾ ਹੈ ਡੇਂਗੂ ਤੋਂ ਛੁਟਕਾਰਾ
ਉਹਨਾਂ ਨੇ ਦੱਸਿਆ ਕਿ ਡੇਂਗੂ ਇਕ ਅਜਿਹੀ ਬਿਮਾਰੀ ਹੈ ਜਿਸ ‘ਤੇ ਆਪਣੇ ਆਪ ਕਾਬੂ ਪਾਇਆ ਜਾਂਦਾ ਹੈ | ਇਸ ਵਿਚ, ਸਰੀਰ ਦੀ ਪ੍ਰਤੀਰੋਧਕ ਪ੍ਰਤੀਕ੍ਰਿਆ ਪਹਿਲਾਂ ਪਲੇਟਲੈਟਸ ਦੀ ਗਿਣਤੀ ਨੂੰ ਘਟਾਉਂਦੀ ਹੈ ਅਤੇ ਫਿਰ ਆਪ ਹੀ ਪਲੇਟਲੈਟਸ ਦੀ ਗਿਣਤੀ ਵਧ ਜਾਂਦੀ ਹੈ। ਇਸ ਲਈ ਇਸ ਦਾ ਸਿਹਰਾ ਬੱਕਰੀ ਦੇ ਦੁੱਧ ਜਾਂ ਪਪੀਤੇ ਦੀਆਂ ਪੱਤੀਆਂ ਨੂੰ ਦੇਣਾ ਠੀਕ ਨਹੀਂ ਹੈ। ਸਰੀਰ ਦੇ ਪਲੇਟਲੈਟਸ ਕੁਦਰਤੀ ਤੌਰ ‘ਤੇ ਵਧਦੇ ਹਨ ਅਤੇ ਇਸ ਵਿੱਚ ਬੱਕਰੀ ਦੇ ਦੁੱਧ ਦਾ ਕੋਈ ਯੋਗਦਾਨ ਨਹੀਂ ਹੈ।
ਜ਼ਿਕਰਯੋਗ ਹੈ ਕਿ ਡਾਇਟੀਸ਼ੀਅਨ ਡਾ. ਆਭਾ ਸਿੰਘ ਨੇ ਦੱਸਿਆ ਹੈ ਕਿ ਬੱਕਰੀ ਦਾ ਦੁੱਧ ਗਾਂ ਅਤੇ ਮੱਝ ਦੇ ਦੁੱਧ ਤੋਂ ਥੋੜ੍ਹਾ ਵੱਖਰਾ ਹੁੰਦਾ ਹੈ। ਬੱਕਰੀ ਦੇ ਦੁੱਧ ਵਿਚ ਸੇਲੇਨਿਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਪਰ ਪਲੇਟਲੈਟਸ ਦੀ ਗਿਣਤੀ ਵਧਾਉਣ ਵਿੱਚ ਸੇਲੇਨੀਅਮ ਦਾ ਕੋਈ ਖਾਸ ਯੋਗਦਾਨ ਨਹੀਂ ਹੁੰਦਾ। ਡੇਂਗੂ ਦੇ ਮਰੀਜ਼ਾਂ ਨੂੰ ਬੱਕਰੀ ਦਾ ਦੁੱਧ ਪਿਆਉਣ ਨਾਲ ਪਲੇਟਲੈਟਸ ਨਹੀਂ ਵਧਦੇ। ਬੱਕਰੀ ਦੇ ਦੁੱਧ ਨਾਲ ਡੇਂਗੂ ਦਾ ਇਲਾਜ ਕਰਨਾ ਇਕ ਮਿੱਥ ਹੀ ਹੈ, ਹਾਲਾਂਕਿ ਬੱਕਰੀ ਦਾ ਦੁੱਧ ਪੌਸ਼ਟਿਕ ਹੁੰਦਾ ਹੈ।
ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।