ਐਕਸ਼ਨ ਮੋਡ ‘ਚ ਟਰੰਪ!, ਇਹ ਲੋਕ ਹੋਣਗੇ ਡਿਪੋਰਟ, ਜਾਣੋ ਪੰਜਾਬੀਆਂ ‘ਤੇ ਪਵੇਗਾ ਕੀ ਅਸਰ?

ਡੋਨਲਡ ਟਰੰਪ (Donald Trump) ਵੱਲੋਂ ਅੱਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣ ਤੋਂ ਫੌਰੀ ਮਗਰੋਂ ਪਰਵਾਸ, ਸਰਹੱਦੀ ਸੁਰੱਖਿਆ, ਊਰਜਾ ਤੇ ਪ੍ਰਸ਼ਾਸਨਿਕ ਨੀਤੀਆਂ ਸਣੇ ਹੋਰ ਕਈ ਮਸਲਿਆਂ ਨੂੰ ਲੈ ਕੇ ਸਰਕਾਰੀ ਹੁਕਮਾਂ ਉਤੇ ਸਹੀ ਪਾਉਣ ਦੀ ਉਮੀਦ ਹੈ।
ਟਰੰਪ ਦੇ ਇਕ ਕਰੀਬੀ ਸਹਿਯੋਗੀ ਨੇ ਇਹ ਦਾਅਵਾ ਕੀਤਾ ਹੈ। ਵਾਲ ਸਟਰੀਟ ਜਰਨਲ ਨੇ ਕਿਹਾ, ‘‘ਇਨ੍ਹਾਂ ਹੁਕਮਾਂ ਦੀ ਵਿਸ਼ਾਲਤਾ, ਜੋ ਪਰਵਾਸ, ਊਰਜਾ ਅਤੇ ਸਰਕਾਰੀ ਭਰਤੀ ਨੀਤੀਆਂ ਵਿੱਚ ਵੱਡੇ ਬਦਲਾਅ ਲਿਆਉਣਗੇ, ਉਸ ਅਹਿਮੀਅਤ ਨੂੰ ਦਰਸਾਉਂਦੀ ਹੈ ਜਿਸ ਨਾਲ ਟਰੰਪ ਅਤੇ ਉਨ੍ਹਾਂ ਦੀ ਟੀਮ ਇੱਕ ਪ੍ਰਮੁੱਖ ਏਜੰਡੇ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।’’
ਟਰੰਪ ਨੇ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਪਹਿਲੇ ਹੀ ਦਿਨ ਉਨ੍ਹਾਂ ਨੇ ਇਮੀਗ੍ਰੇਸ਼ਨ ‘ਤੇ ਸਖ਼ਤ ਪਾਬੰਦੀਆਂ ਲਗਾਉਣ ਦੀ ਗੱਲ ਕਹੀ ਹੈ। ਟਰੰਪ ਨੇ ਵਾਅਦਾ ਕੀਤਾ ਕਿ ਉਹ ਅਮਰੀਕਾ ਦੇ ਹਰ ਸੰਕਟ ਨੂੰ ‘ਇਤਿਹਾਸਕ ਗਤੀ ਅਤੇ ਤਾਕਤ’ ਨਾਲ ਹੱਲ ਕਰਨਗੇ।’
ਟਰੰਪ ਨੇ ਵੱਡੇ ਪੱਧਰ ਉਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਸੰਕਲਪ ਲਿਆ ਹੈ। ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਇਸ ਪੈਮਾਨੇ ਦੀ ਮੁਹਿੰਮ ਨੂੰ ਪੂਰਾ ਹੋਣ ਵਿੱਚ ਕਈ ਸਾਲ ਲੱਗ ਸਕਦੇ ਹਨ ਅਤੇ ਇਹ ਬਹੁਤ ਖਰਚੀਲਾ ਹੋਵੇਗਾ। ਜੇਕਰ ਟਰੰਪ ਇਸ ਫੈਸਲੇ ਨੂੰ ਸੱਚਮੁੱਚ ਲਾਗੂ ਕਰਦੇ ਹਨ ਤਾਂ ਇਸ ਦਾ ਅਸਰ ਉਨ੍ਹਾਂ ਭਾਰਤੀਆਂ ‘ਤੇ ਵੀ ਪਵੇਗਾ ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਹਨ।
ਇਸ ਦੌਰਾਨ ਟਰੰਪ ਨੇ ਆਪਣੇ ਹਲਫ਼ਦਾਰੀ ਸਮਾਗਮ ਦੀ ਪੂਰਬਲੀ ਸੰਧਿਆ ਆਪਣੇ ਹਮਾਇਤੀਆਂ ਤੇ ਦੇਸ਼ ਵਾਸੀਆਂ ਨਾਲ ਵਾਅਦਾ ਕੀਤਾ ਕਿ ਉਹ ਅਮਰੀਕਾ ਦੇ ਸਾਹਮਣੇ ਆਉਣ ਵਾਲੇ ਹਰ ਸੰਕਟ ਨੂੰ ਦੂਰ ਕਰਨ ਲਈ ਤੇਜ਼ੀ ਨਾਲ ਕੰਮ ਕਰਨਗੇ। ਟਰੰਪ ਨੇ ‘ਕੈਪੀਟਲ ਵਨ ਐਰੀਨਾ’ ਸਟੇਡੀਅਮ ਵਿੱਚ ਆਪਣੇ ਹਮਾਇਤੀਆਂ ਨੂੰ ਕਿਹਾ, ‘‘ਮੈਂ ਤੇਜ਼ੀ ਅਤੇ ਮਜ਼ਬੂਤੀ ਨਾਲ ਕੰਮ ਕਰਾਂਗਾ ਅਤੇ ਸਾਡੇ ਦੇਸ਼ ਦੇ ਸਾਹਮਣੇ ਆਉਣ ਵਾਲੇ ਹਰ ਸੰਕਟ ਦਾ ਹੱਲ ਕਰਾਂਗਾ। ਸਾਨੂੰ ਇਹ ਕਰਨਾ ਹੀ ਪਵੇਗਾ।’’ ਕਾਬਲੇਗੌਰ ਹੈ ਕਿ ਟਰੰਪ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਸਟੇਡੀਅਮ ਵਿੱਚ ‘ਮੇਕ ਅਮੈਰੀਕਾ ਗ੍ਰੇਟ’ ਪ੍ਰੋਗਰਾਮ ਕਰਵਾਇਆ ਗਿਆ ਸੀ।
ਇਸ ਦੌਰਾਨ ਟਰੰਪ ਨੇ TikTok ਦੀ ਵਾਪਸੀ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਮਕਬੂਲ ਸ਼ਾਰਟ ਵੀਡੀਓ ਐਪ ਦਾ 50 ਫੀਸਦ ਹਿੱਸਾ ਮਿਲਣਾ ਚਾਹੀਦਾ ਹੈ। ਹਾਲ ਹੀ ਵਿਚ ਲਾਗੂ ਇਕ ਕਾਨੂੰਨ ਕਰਕੇ ਸ਼ਨਿੱਚਰਵਾਰ ਰਾਤ ਤੋਂ TikTok ਅਮਰੀਕਾ ਵਿਚ ਬੰਦ ਹੋ ਗਿਆ ਸੀ। ਹਾਲਾਂਕਿ ਟਰੰਪ ਨੇ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਵਜੋਂ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਇਕ ਕਾਰਜਕਾਰੀ ਹੁਕਮ ’ਤੇ ਸਹੀ ਪਾਉਣਗੇ, ਜਿਸ ਨਾਲ ਕਾਨੂੰਨ ਦੇ ਅਮਲ ਵਿਚ ਦੇਰੀ ਕੀਤੀ ਜਾਵੇਗੀ। ਇਸ ਮਗਰੋਂ TikTok ਮਹਿਜ਼ 24 ਘੰਟਿਆਂ ਅੰਦਰ ਮੁੜ ਚਾਲੂ ਹੋ ਜਾਵੇਗਾ।