ਰਾਤ ਨੂੰ ਪ੍ਰੇਮਿਕਾ ਦੇ ਘਰ ਪਹੁੰਚਿਆ ਪ੍ਰੇਮੀ, ਜਾਗ ਗਿਆ ਪਰਿਵਾਰ..ਫਿਰ ਭੱਜ ਕੇ ਟੱਪ ਗਿਆ ਬਾਰਡਰ…

ਪਾਕਿਸਤਾਨ ਅਤੇ ਭਾਰਤ ਦੋਵਾਂ ਤੋਂ ਪਿਆਰ ‘ਚ ਪ੍ਰੇਮੀ-ਪ੍ਰੇਮਿਕਾ ਬਾਰਡਰ ਪਾਰ ਕਰਦੇ ਹਨ। ਪਰ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਇੱਕ ਪ੍ਰੇਮੀ ਪਾਕਿਸਤਾਨ ਤੋਂ ਭੱਜ ਕੇ ਆਇਆ ਹੈ। ਹਾਲਾਂਕਿ, ਨਾ ਤਾਂ ਉਹ ਆਪਣੀ ਪ੍ਰੇਮਿਕਾ ਦੇ ਪਿਆਰ ਵਿੱਚ ਭੱਜ ਕੇ ਆਇਆ ਹੈ ਅਤੇ ਨਾ ਹੀ ਪ੍ਰੇਮਿਕਾ ਦੇ ਨਾਲ ਭੱਜ ਕੇ ਆਇਆ ਹੈ।
ਦਰਅਸਲ, ਪ੍ਰੇਮੀ ਆਪਣੀ ਪ੍ਰੇਮਿਕਾ ਦੇ ਪਰਿਵਾਰ ਤੋਂ ਡਰ ਕੇ ਪਾਕਿਸਤਾਨ ਤੋਂ ਭੱਜ ਕੇ ਭਾਰਤ ਆ ਗਿਆ ਹੈ। ਹਾਲਾਂਕਿ ਬਾਅਦ ਵਿੱਚ ਉਸ ਨੇ ਦੱਸਿਆ ਕਿ ਉਸ ਨੇ ਗਲਤੀ ਨਾਲ ਸਰਹੱਦ ਪਾਰ ਕਰ ਲਿਆ ਸੀ।
ਦਰਅਸਲ, ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਉਸ ਨੂੰ ਫੜ ਕੇ ਪੁੱਛਗਿੱਛ ਕੀਤੀ, ਜਿਸ ਵਿਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਫਿਲਹਾਲ ਉਸ ਨੂੰ ਰਾਜਸਥਾਨ ਦੀ ਬਾੜਮੇਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸਰਹੱਦ ਪਾਰ ਕਰਕੇ ਭਾਰਤ ਪਹੁੰਚਣ ਵਾਲੇ 21 ਸਾਲਾ ਨੌਜਵਾਨ ਦਾ ਨਾਂ ਜਗਸੀ ਕੋਲੀ ਹੈ। BSF ਨੇ ਉਸ ਨੂੰ ਐਤਵਾਰ ਸਵੇਰੇ ਬਾੜਮੇਰ ਜ਼ਿਲ੍ਹੇ ਦੇ ਜਾਪੜਾ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਸੀ। ਬਾਅਦ ‘ਚ ਸੋਮਵਾਰ ਨੂੰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਪਾਕਿਸਤਾਨੀ ਕੁੜੀ ਨਾਲ ਸੀ ਅਫੇਅਰ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਜਗਸੀ ਸਥਾਨਕ ਲੋਕਾਂ ਤੋਂ ਬੱਸ ਬਾਰੇ ਪੁੱਛ ਰਿਹਾ ਸੀ। ਫਿਰ ਸ਼ੱਕ ਦੇ ਆਧਾਰ ‘ਤੇ ਉਸ ਨੂੰ ਫੜਿਆ ਗਿਆ। ਇੱਕ ਬੀਐਸਐਫ ਦੇ ਅਧਿਕਾਰੀ ਨੇ ਕਿਹਾ, ‘ਕੋਲੀ ਨੇ ਸਾਨੂੰ ਦੱਸਿਆ ਕਿ ਉਸ ਦਾ ਇੱਕ ਪਾਕਿਸਤਾਨੀ ਕੁੜੀ ਨਾਲ ਅਫੇਅਰ ਸੀ। ਉਸਨੇ ਦੱਸਿਆ ਸੀ ਕਿ ਉਸਦਾ ਪਿੰਡ ਅੰਤਰਰਾਸ਼ਟਰੀ ਬਾਰਡਰ ਤੋਂ ਲਗਭਗ 35 ਕਿਲੋਮੀਟਰ ਦੂਰ ਹੈ ਅਤੇ ਉਸਦੀ ਪ੍ਰੇਮਿਕਾ ਦਾ ਪਿੰਡ 8 ਕਿਲੋਮੀਟਰ ਦੂਰ ਹੈ।
ਜਗਸੀ ਦਾ ਇਹ ਵੀ ਦਾਅਵਾ ਹੈ ਕਿ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਫੜ ਲਿਆ। ਅਧਿਕਾਰੀ ਨੇ ਕਿਹਾ, ‘ਉਹ ਲੜਕੀ ਦੇ ਘਰੋਂ ਭੱਜਣ ਵਿਚ ਕਾਮਯਾਬ ਹੋ ਗਿਆ ਅਤੇ ਭੱਜਦਾ ਰਿਹਾ। ਹਨ੍ਹੇਰਾ ਹੋਣ ਕਾਰਨ ਉਸ ਨੂੰ ਪਤਾ ਨਹੀਂ ਲੱਗਾ ਕਿ ਉਹ ਕਿਸ ਦਿਸ਼ਾ ਵੱਲ ਭੱਜ ਰਿਹਾ ਹੈ। ਰੌਸ਼ਨੀ ਦਿਖਣ ‘ਤੇ ਉਹ ਉਸ ਵੱਲ ਭੱਜਿਆ ਅਤੇ ਵਾੜ ਪਾਰ ਕਰਕੇ ਜਾਪੜਾ ਪਿੰਡ ਪਹੁੰਚ ਗਿਆ।
BSF ਅਧਿਕਾਰੀ ਦਾ ਕਹਿਣਾ ਹੈ ਕਿ ਹੋ ਸਕਦਾ ਹੋਵੇ ਉਸ ਨੂੰ ਜੋ ਰੌਸ਼ਨੀ ਦਿਖੀ ਹੋਵੇ , ਉਹ ਬੀਐਸਐਫ ਦੀ ਫਲੱਡ ਲਾਈਟ ਹੋਵੇ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਕੋਲੀ 11ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਅੰਗਰੇਜ਼ੀ ਭਾਸ਼ਾ ਜਾਣਦਾ ਹੈ। ਉਸ ਨੇ ਦੱਸਿਆ ਕਿ ਉਸ ਦੀ ਪ੍ਰੇਮਿਕਾ ਉੱਚ ਜਾਤੀ ਦੀ ਹਿੰਦੂ ਹੈ, ਜਿਸ ਦੀ ਉਮਰ ਕਰੀਬ 17 ਸਾਲ ਹੈ। ਇੱਕ ਅਧਿਕਾਰੀ ਨੇ ਦੱਸਿਆ, “ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੇ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਉਸ ਤੋਂ ਪੁੱਛਗਿੱਛ ਕਰਨਗੇ।”