ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਪ੍ਰਪੋਜ਼ਲ, ਕੀ ਖ਼ਤਮ ਹੋਵੇਗਾ ਡੱਲੇਵਾਲ ਦਾ ਮਰਨ ਵਰਤ?

ਬੀਤੇ 54 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਦੀ ਜਾ ਰਹੀ ਹੈ। ਹੁਣ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਗੱਲਬਾਤ ਕਰਨ ਲਈ ਕੇਂਦਰ ਖੇਤੀਬਾੜੀ ਮੰਤਰਾਲੇ ਦਾ ਇੱਕ ਵਫ਼ਦ ਪੰਜਾਬ ਪੁਲਿਸ ਸਣੇ ਖਨੌਰੀ ਬਾਰਡਰ ‘ਤੇ ਪੁੱਜਿਆ।
ਇਸ ਵਫ਼ਦ ‘ਚ ਕੇਂਦਰ ਸਰਕਾਰ ਵੱਲੋਂ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜੁਆਇੰਟ ਸਕੱਤਰ ਪ੍ਰਿਆ ਰੰਜਨ ਸਮਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਖਨੌਰੀ ਬਾਰਡਰ ਵਿਖੇ ਪੁੱਜੇ ਤੇ ਉਨ੍ਹਾਂ ਡੱਲੇਵਾਲ ਦਾ ਹਾਲ-ਚਾਲ ਜਾਣਿਆ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ।
ਇਸ ਮੁਲਾਕਾਤ ਤੋਂ ਬਾਅਦ ਕਿਸਾਨਾਂ ਨੇ ਇਕ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇੱਕ ਪ੍ਰਪੋਜ਼ਲ ਦੇ ਦਿੱਤਾ ਹੈ। ਇਹ ਪ੍ਰਪੋਜ਼ਲ ਕੀ ਹੈ, ਇਸ ਬਾਰੇ ਛੇਤੀ ਹੀ ਜਾਣਕਾਰੀ ਦਿੱਤੀ ਜਾਵੇਗੀ। ਹਾਲਾਂਕਿ ਇਸ ਤੋਂ ਬਾਅਦ ਕਿਸਾਨਾਂ ਅੰਦਰ ਇਹ ਆਸ ਜਾਗ ਗਈ ਹੈ ਕਿ ਸ਼ਾਇਦ ਕੇਂਦਰ ਸਰਕਾਰ ਹੁਣ ਆਖ਼ਰ ਕਿਸਾਨੀ ਮੰਗਾਂ ਮੰਨ ਸਕਦੀ ਹੈ ਤੇ ਹੋ ਸਕਦਾ ਹੈ ਕਿ ਜਲਦੀ ਹੀ ਡੱਲੇਵਾਲ ਦਾ ਮਰਨ ਵਰਤ ਵੀ ਖ਼ਤਮ ਹੋ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 54 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬੇਹੱਦ ਨਾਜ਼ੁਕ ਸਥਿਤੀ ‘ਚ ਪਹੁੰਚ ਗਈ ਹੈ। ਉਨ੍ਹਾਂ ਦਾ ਭਾਰ 20 ਕਿੱਲੋ ਦੇ ਕਰੀਬ ਘਟ ਗਿਆ ਹੈ। ਉਨ੍ਹਾਂ ਲਈ ਪਾਣੀ ਤੱਕ ਪਚਾਉਣਾ ਔਖਾ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 54ਵਾਂ ਦਿਨ ਹੈ। ਉਨ੍ਹਾਂ ਦੀ ਹਾਲਤ ਬੇਹੱਦ ਹੀ ਨਾਜ਼ੁਕ ਬਣੀ ਪਈ ਹੈ। ਦੂਜੇ ਪਾਸੇ ਇੱਕ ਵਾਰ ਫਿਰ ਤੋਂ ਉਨ੍ਹਾਂ ਦੀ ਹਾਲਤ ਵਿਗੜਨ ਦੀ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਤੜਕਸਾਰ ਕਰੀਬ 2 ਵਜੇ ਜਗਜੀਤ ਸਿੰਘ ਡੱਲੇਵਾਲ ਨੂੰ ਉਲਟੀਆਂ ਆਉਣ ਲੱਗੀਆਂ।