Google Map ਵਿਚ ਦੇਖ ਟੁੱਟੇ ਪੁਲ ‘ਤੇ ਚੜ੍ਹਾ ਦਿੱਤੀ ਕਾਰ, 2 ਸਕੇ ਭਰਾਵਾਂ ਸਣੇ 3 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਨਿਰਮਾਣ ਅਧੀਨ ਪੁਲ ‘ਤੇ ਚੜ੍ਹੀ ਕਾਰ ਰਾਮਗੰਗਾ ਨਦੀ ‘ਚ ਜਾ ਡਿੱਗੀ। ਹਾਦਸੇ ਵਿੱਚ ਦੋ ਸਕੇ ਭਰਾਵਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਮਗੰਗਾ ਨਦੀ ‘ਤੇ ਬਣਿਆ ਪੁਲ ਟੁੱਟਿਆ ਹੋਇਆ ਸੀ। ਡਰਾਈਵਰ ਗੂਗਲ ਮੈਪ ਦੀ ਮਦਦ ਨਾਲ ਗੱਡੀ ਚਲਾ ਰਿਹਾ ਸੀ। ਜਦੋਂ ਤੱਕ ਡਰਾਈਵਰ ਨੂੰ ਪਤਾ ਲੱਗਾ ਕਿ ਅੱਗੇ ਕੋਈ ਸੜਕ ਨਹੀਂ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਐਤਵਾਰ ਸਵੇਰੇ ਅੱਲਾਪੁਰ ਪਿੰਡ ਦੇ ਲੋਕ ਖੇਤਾਂ ਵੱਲ ਨਿਕਲੇ। ਜਦੋਂ ਕੁਝ ਲੋਕ ਰਾਮਗੰਗਾ ਵੱਲ ਵਧੇ ਤਾਂ ਉਨ੍ਹਾਂ ਦੇਖਿਆ ਕਿ ਪਾਣੀ ਵਿਚ ਖੂਨ ਵਹਿ ਰਿਹਾ ਸੀ। ਅੱਗੇ ਜਾ ਕੇ ਦੇਖਿਆ ਕਿ ਇੱਕ ਕਾਰ ਡਿੱਗੀ ਹੋਈ ਸੀ, ਜਿਸ ਵਿੱਚ ਤਿੰਨ ਵਿਅਕਤੀ ਫਸੇ ਹੋਏ ਸਨ। ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ।
ਫਰੂਖਾਬਾਦ ਦੇ ਰਹਿਣ ਵਾਲੇ ਸਨ ਤਿੰਨੋਂ ਨੌਜਵਾਨ
ਦੱਸ ਦੇਈਏ ਕਿ ਹੁਣ ਤੱਕ ਬਦਾਊਂ ਦੇ ਦਾਤਾਗੰਜ ਅਤੇ ਬਰੇਲੀ ਦੇ ਫਰੀਦਪੁਰ ਨੂੰ ਜੋੜਨ ਲਈ ਕੋਈ ਸੜਕ ਨਹੀਂ ਸੀ। ਪਿਛਲੇ ਸਾਲ ਭਾਰੀ ਮੀਂਹ ਕਾਰਨ ਇਸ ਪੁਲ ਦਾ ਅੱਧਾ ਹਿੱਸਾ ਢਹਿ ਗਿਆ ਸੀ, ਉਦੋਂ ਤੋਂ ਇਸ ਦਾ ਨਿਰਮਾਣ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਬਾਕੀ ਬਚੇ ਹਿੱਸੇ ‘ਤੇ ਆਵਾਜਾਈ ਨੂੰ ਰੋਕਣ ਲਈ ਦੋ ਫੁੱਟ ਮੋਟੀ ਦੀਵਾਰ ਬਣਾਈ ਗਈ ਸੀ, ਜਿਸ ‘ਚ ਹੌਲੀ-ਹੌਲੀ ਤਰੇੜਾਂ ਆ ਗਈਆਂ ਅਤੇ ਇਸ ਨੂੰ ਹਟਾ ਦਿੱਤਾ ਗਿਆ। ਦੂਜੇ ਸਿਰੇ ‘ਤੇ ਪੁਲ ਦੇ ਨਵੇਂ ਪਿੱਲਰ ਆਦਿ ਬਣਾਏ ਜਾ ਰਹੇ ਹਨ।
.jpeg)
ਪੁਲਸ ਮੁਤਾਬਕ ਸ਼ਨੀਵਾਰ ਨੂੰ ਫਰੂਖਾਬਾਦ ਦੇ ਰਹਿਣ ਵਾਲੇ ਦੋ ਭਰਾ ਕੌਸ਼ਲ ਅਤੇ ਵਿਵੇਕ ਆਪਣੇ ਦੋਸਤ ਨਾਲ ਗਾਜ਼ੀਆਬਾਦ ਤੋਂ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਗੂਗਲ ਮੈਪ ਦੀ ਮਦਦ ਨਾਲ ਰਸਤਾ ਲੱਭਿਆ ਸੀ। ਗੂਗਲ ਮੈਪ ਨੇ ਵੀ ਇਸ ਪੁਲ ਦਾ ਰਸਤਾ ਦਿਖਾਇਆ, ਇਸ ਲਈ ਡਰਾਈਵਰ ਨੇ ਪੁਲ ‘ਤੇ ਕਾਰ ਭਜਾ ਦਿੱਤੀ। ਰਾਤ ਦਾ ਹਨੇਰਾ ਸੀ ਅਤੇ ਡਰਾਈਵਰ ਨੂੰ ਪਤਾ ਨਹੀਂ ਸੀ ਕਿ 30 ਮੀਟਰ ਬਾਅਦ ਕੋਈ ਸੜਕ ਨਹੀਂ ਹੈ। ਇਸ ਕਾਰਨ ਉਸ ਦੀ ਕਾਰ ਰਾਮਗੰਗਾ ਵਿੱਚ ਡਿੱਗ ਗਈ। ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪ੍ਰਸ਼ਾਸਨ ‘ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ
ਹਾਦਸੇ ਤੋਂ ਬਾਅਦ ਪ੍ਰਸ਼ਾਸਨ ‘ਤੇ ਕਈ ਸਵਾਲ ਖੜ੍ਹੇ ਹੋ ਗਏ ਹਨ। ਜਿਸ ਦਾ ਜਵਾਬ ਅਜੇ ਤੱਕ ਕਿਸੇ ਨੂੰ ਨਹੀਂ ਮਿਲਿਆ। ਫਿਲਹਾਲ ਪੁਲਸ ਅਤੇ ਪ੍ਰਸ਼ਾਸਨ ਨੇ ਸਾਰੇ ਤੱਥਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਆਪਣੀ ਮੌਤ ਤੋਂ ਪਹਿਲਾਂ ਗੰਭੀਰ ਜ਼ਖਮੀ ਕਾਰ ਸਵਾਰ ਨੇ ਗੂਗਲ ਮੈਪ ਤੋਂ ਰੂਟ ਚੈੱਕ ਕਰਨ ਦੀ ਗੱਲ ਕਹੀ ਸੀ, ਇਸ ਲਈ ਇਸਦਾ ਖੁਲਾਸਾ ਹੋਇਆ। ਅਜੇ ਤੱਕ ਪੁਲਸ ਤੀਜੇ ਮ੍ਰਿਤਕ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਕਰ ਸਕੀ ਹੈ।