ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਦੀ ਫਿਲਮ ‘ਹੁਸ਼ਿਆਰ ਸਿੰਘ’ ਦਾ ਟ੍ਰੇਲਰ ਲਾਂਚ

ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਇਸ ਸਮੇਂ ਆਪਣੀ ਨਵੀਂ ਫਿਲਮ ‘ਹੁਸ਼ਿਆਰ ਸਿੰਘ’ (ਆਪਣਾ ਅਰਸਤੂ) ਨੂੰ ਲੈ ਕੇ ਖੂਬ ਚਰਚਾ ਵਿੱਚ ਹਨ, ਇਸ ਫਿਲਮ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਦੇ ਨਾਲ ਖੂਬਸੂਰਤ ਅਦਾਕਾਰਾ ਸਿੰਮੀ ਚਾਹਲ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।
ਫਿਲਮ ‘ਹੁਸ਼ਿਆਰ ਸਿੰਘ’ 7 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਹੁਣ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਇਸ ਫਿਲਮ ਵਿੱਚ ਅਦਾਕਾਰ ਨੇ ਪੜ੍ਹਾਈ ਵਰਗਾ ਬਹੁਤ ਹੀ ਜ਼ਰੂਰੀ ਅਤੇ ਸ਼ਾਨਦਾਰ ਮੁੱਦਾ ਚੁੱਕਿਆ ਹੈ। ਫਿਲਮ ਦਾ ਟ੍ਰੇਲਰ ਹੁਸ਼ਿਆਰ ਸਿੰਘ (ਸਤਿੰਦਰ ਸਰਤਾਜ) ਦੇ ਜਨਮ ਤੋਂ ਸ਼ੁਰੂ ਹੁੰਦਾ ਹੈ, ਫਿਰ ਉਹ ਪੜ੍ਹਦਾ ਹੈ ਅਤੇ ਇੱਕ ਦਿਨ ਉਹ ਖੁਦ ਅਧਿਆਪਕ ਬਣ ਜਾਂਦਾ ਹੈ, ਇਸ ਸਫ਼ਰ ਦੌਰਾਨ ਹੀ ਗਾਇਕ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਹੁਸ਼ਿਆਰ ਸਿੰਘ ਨੂੰ ਸਿੰਮੀ ਚਾਹਲ ਯਾਨੀ ਕੀਰਤ ਨਾਲ ਪਿਆਰ ਹੋ ਜਾਂਦਾ ਹੈ। ਫਿਲਮ ਨੇ ਸਕੂਲਾਂ ਵਿੱਚ ਹੁੰਦੀ ਪੜ੍ਹਾਈ ਉਤੇ ਕਈ ਤਰ੍ਹਾਂ ਸੁਆਲ ਚੁੱਕੇ ਗਏ ਹਨ। ਟ੍ਰੇਲਰ ਦੇ ਸ਼ਾਮਿਲ ਕੀਤੇ ਡਾਇਲਾਗ ਕਾਫੀ ਸ਼ਾਨਦਾਰ ਹਨ।
ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਸਰਤਾਜ ਅਤੇ ਸਿੰਮੀ ਤੋਂ ਇਲਾਵਾ BN ਸ਼ਰਮਾ, ਰਾਣਾ ਰਣਬੀਰ, ਮਲਕੀਤ ਰੌਣੀ, ਸਰਦਾਰ ਸੋਹੀ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਸੁੱਖੀ ਚਾਹਲ, ਪ੍ਰਕਾਸ਼ ਗਾਧੂ, ਨੇਹਾ ਦਿਆਲ, ਸੁਖਵਿੰਦਰ ਰਾਜ, ਬੱਲੀ ਬਲਜੀਤ, ਸੰਜੂ ਸੋਲੰਕੀ, ਦੀਪਕ ਨਿਆਜ਼, ਪਵਨ ਜੌਹਲ, ਨਵਦੀਪ ਕਲੇਰ, ਮੰਜੂ ਮਾਹਲ, ਜਗਤਾਰ ਔਲਖ ਵਰਗੇ ਸ਼ਾਨਦਾਰ ਅਦਾਕਾਰ ਹਨ। ਫਿਲਮ 7 ਫਰਵਰੀ 2025 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।
ਹੁਣ ਫਿਲਮ ਦਾ ਟ੍ਰੇਲਰ ਦੇਖ ਕੇ ਪ੍ਰਸ਼ੰਸਕ ਕਾਫੀ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, ‘ਇਸੇ ਸੋਚ ‘ਤੇ ਆਧਾਰਿਤ ਫਿਲਮ ਦੀ ਤਾਂ ਸਮਾਜ ਨੂੰ ਲੋੜ ਹੈ। ਬਹੁਤ ਵਧੀਆ ਵਿਸ਼ਾ।’ ਇੱਕ ਹੋਰ ਨੇ ਲਿਖਿਆ, ‘ਪੰਜਾਬੀ ਫਿਲਮਾਂ ‘ਚ ਇਹ ਨਿਵੇਕਲੀ ਕਿਸਮ ਦੀ ਪਹਿਲ ਹੈ, ਜਿਹੋ ਜਿਹੀ ਸਰਤਾਜ ਸਾਹਬ ਤੋਂ ਉਮੀਦ ਹੁੰਦੀ ਹੈ।’ ਇੱਕ ਹੋਰ ਨੇ ਲਿਖਿਆ, ‘ਸਰਤਾਜ ਅਤੇ ਸਿੰਮੀ ਚਾਹਲ ਨੂੰ ਸਭ ਤੋਂ ਪਹਿਲਾਂ ਨਵੀਂ ਫਿਲਮ ਦੀਆਂ ਮੁਬਾਰਕਾਂ ਹਨ। ਸਰਤਾਜ ਜੀ ਦਾ ਚਾਹੇ ਕੋਈ ਗੀਤ ਹੋਵੇ ਜਾਂ ਫਿਲਮ…ਹਰ ਇੱਕ ਚੀਜ਼ ਵਿੱਚ ਸਿੱਖਣ ਲਈ ਮਿਲਦਾ ਹੈ ਅਤੇ ਵਿਸ਼ਾ ਵੀ ਸਮਾਜ ਨਾਲ ਜੁੜੀਆਂ ਔਕੜਾਂ ਅਤੇ ਮਜ਼ਬੂਰੀਆਂ ਨਾਲ ਸੰਬੰਧਿਤ ਹੁੰਦਾ ਹੈ।’
ਇਸ ਦੌਰਾਨ ਜੇਕਰ ‘ਹੁਸ਼ਿਆਰ ਸਿੰਘ’ ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਇਹ ਪੰਜਾਬੀ ਸਿਨੇਮਾ ਦੀ ਪਹਿਲੀ ਅਜਿਹੀ ਫਿਲਮ ਹੈ, ਜਿਸ ਵਿੱਚ 85 ਤੋਂ ਜਿਆਦਾ ਅਦਾਕਾਰ ਇੱਕਠੇ ਨਜ਼ਰ ਆਉਣਗੇ। ਇਸ ਫਿਲਮ ਦਾ ਲੇਖਣ ਜਗਦੀਪ ਵੜਿੰਗ ਅਤੇ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਨੇ ਕੀਤਾ ਹੈ, ਇਹ ਜੋੜੀ ਇਸ ਤੋਂ ਪਹਿਲਾਂ ਕਈ ਸ਼ਾਨਦਾਰ ਫਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੀ ਹੈ।