ਗੱਡੀ ਨੂੰ ਸਕਰੈਪ ਕਰਨ ‘ਤੇ ਮਿਲੇਗੀ ਟੈਕਸ ਛੋਟ, ਟ੍ਰੈਫਿਕ ਚਲਾਨ ਵੀ ਹੋਵੇਗਾ ਮੁਆਫ਼

ਗੁਜਰਾਤ ਸਰਕਾਰ ਨੇ ਸੜਕਾਂ ਤੋਂ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਹਟਾਉਣ ਲਈ ਨਵੀਂ ਪਹਿਲ ਕੀਤੀ ਹੈ। ਹੁਣ ਜਿਹੜੇ ਵਾਹਨ ਮਾਲਕ ਆਪਣੇ ਵਾਹਨਾਂ ਨੂੰ ਸਕ੍ਰੈਪ ਕਰਵਾਉਂਦੇ ਹਨ, ਉਨ੍ਹਾਂ ਨੂੰ ਨਾ ਸਿਰਫ਼ ਵਾਹਨ ਟੈਕਸ ਵਿਚ ਛੋਟ ਮਿਲੇਗੀ ਇਸ ਤੋਂ ਇਲਾਵਾ ਸਕਰੈਪ ਕਰਨ ਵਾਲੇ ਵਾਹਨ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਜਾਰੀ ਕੀਤੇ ਚਲਾਨ ਦੀ ਰਕਮ ਵੀ ਮੁਆਫ ਕਰ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਹੋਰ ਜੁਰਮਾਨਾ ਲਗਾਇਆ ਜਾਂਦਾ ਹੈ ਤਾਂ ਉਸ ਨੂੰ ਵੀ ਮੁਆਫ ਕਰ ਦਿੱਤਾ ਜਾਵੇਗਾ।
ਇਹ ਰਿਆਇਤਾਂ ਅੱਠ ਸਾਲ ਤੋਂ ਪੁਰਾਣੇ ਟਰਾਂਸਪੋਰਟ ਵਾਹਨਾਂ ਨੂੰ ਸਕ੍ਰੈਪ ਕਰਨ ਲਈ ਦਿੱਤੀਆਂ ਗਈਆਂ ਹਨ। ਇਸ ਤਹਿਤ ‘ਰਜਿਸਟ੍ਰੇਸ਼ਨ ਐਂਡ ਵਰਕਸ ਆਫ ਵਹੀਕਲ ਸਕ੍ਰੈਪਿੰਗ ਫੈਸਿਲਿਟੀ’ (ਆਰ.ਵੀ.ਐੱਸ.ਐੱਫ.) ਰਾਹੀਂ ਬਕਾਇਆ ਟੈਕਸ, ਜੁਰਮਾਨਾ, ਵਿਆਜ ਅਤੇ ਚਲਾਨ ਦੀ ਛੋਟ ਦਿੱਤੀ ਜਾਵੇਗੀ। ਇਹ ਰਿਆਇਤਾਂ ਦੇਣ ਦਾ ਮਕਸਦ ਵਾਹਨ ਮਾਲਕਾਂ ਨੂੰ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਸਕ੍ਰੈਪ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਸਰਕੂਲਰ ਕੀਤਾ ਜਾਰੀ
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਟਰਾਂਸਪੋਰਟ ਵਿਭਾਗ ਨੇ ਇਸ ਸਕੀਮ ਨਾਲ ਸਬੰਧਤ ਚਾਰ ਸਰਕੂਲਰ ਜਾਰੀ ਕੀਤੇ ਹਨ।ਇਹਨਾਂ ਵਿੱਚੋਂ ਇੱਕ ਦੇ ਅਨੁਸਾਰ, ਜੇਕਰ RVSF ਵਿੱਚ ਅੱਠ ਸਾਲ ਤੋਂ ਪੁਰਾਣੇ ਵਾਹਨ ਨੂੰ ਸਕ੍ਰੈਪ ਕੀਤਾ ਜਾਂਦਾ ਹੈ ਤਾਂ ਮੋਟਰ ਵਹੀਕਲ ਐਕਟ, 1988 ਦੇ ਤਹਿਤ ਕੀਤੇ ਗਏ ਕਿਸੇ ਵੀ ਅਪਰਾਧ ਨੂੰ ਐਡਜਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਓਵਰ ਸਪੀਡਿੰਗ, ਰੈੱਡ ਲਾਈਟ ਜੰਪਿੰਗ ਵਰਗੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾਲ ਸਬੰਧਤ ਚਲਾਨ ਜਮ੍ਹਾ ਸਰਟੀਫਿਕੇਟ ਜਮ੍ਹਾ ਕਰਵਾਉਣ ‘ਤੇ ਮੁਆਫ ਕਰ ਦਿੱਤਾ ਜਾਵੇਗਾ।
ਇੱਕ ਸਾਲ ਲਈ ਲਾਗੂ ਰਹੇਗੀ ਟੈਕਸ ਛੋਟ
ਹੋਰ ਸਰਕੂਲਰ ਵਿੱਚ ਜ਼ੁਰਮਾਨਾ, ਵਿਆਜ ਅਤੇ ਟੈਕਸ ਛੋਟ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ। ਇਹ ਟੈਕਸ ਛੋਟ 1 ਮਈ, 2025 ਤੋਂ ਇੱਕ ਸਾਲ ਲਈ ਲਾਗੂ ਹੋਵੇਗੀ। ਵਾਹਨ ਦੀ ਉਮਰ ਉਸ ਦੀ ਪਹਿਲੀ ਰਜਿਸਟ੍ਰੇਸ਼ਨ ਮਿਤੀ ਤੋਂ ਨਿਰਧਾਰਤ ਕੀਤੀ ਜਾਵੇਗੀ ਅਤੇ ਇਹ ਸਾਰੇ ਵਾਹਨਾਂ ‘ਤੇ ਲਾਗੂ ਹੋਵੇਗੀ।
ਕਿਸ ਨੂੰ ਮਿਲੇਗਾ ਲਾਭ?
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਯੋਜਨਾ ਨਾਲ ਮੁੱਖ ਤੌਰ ‘ਤੇ ਟਰਾਂਸਪੋਰਟ ਵਾਹਨਾਂ ਨੂੰ ਫਾਇਦਾ ਹੋਵੇਗਾ। ਨਿੱਜੀ ਵਾਹਨਾਂ ਲਈ 15 ਸਾਲਾਂ ਲਈ ਇਕਮੁਸ਼ਤ ਟੈਕਸ ਹੈ, ਜਦੋਂ ਕਿ ਟਰਾਂਸਪੋਰਟ ਵਾਹਨਾਂ ਨੂੰ ਹਰ ਸਾਲ ਟੈਕਸ ਦੇਣਾ ਪੈਂਦਾ ਹੈ। ਜਿਨ੍ਹਾਂ ਵਾਹਨਾਂ ‘ਤੇ ਇਹ ਟੈਕਸ ਬਕਾਇਆ ਹੈ, ਜੇਕਰ ਉਨ੍ਹਾਂ ਨੂੰ ਸਕ੍ਰੈਪ ਕੀਤਾ ਜਾਂਦਾ ਹੈ, ਤਾਂ ਮੋਟਰ ਵਹੀਕਲ ਟੈਕਸ ਅਤੇ ਇਸ ‘ਤੇ ਲੱਗਣ ਵਾਲਾ ਵਿਆਜ ਵੀ ਮੁਆਫ ਕੀਤਾ ਜਾਵੇਗਾ।
15% ਤੱਕ ਅਤੇ 25% ਤੱਕ ਦੀ ਛੋਟ
ਸਕ੍ਰੈਪ ਵਾਹਨ ਦਾ ‘ਸਰਟੀਫਿਕੇਟ ਆਫ਼ ਡਿਪਾਜ਼ਿਟ’ ਦੇਣ ‘ਤੇ, ਵਿਅਕਤੀ ਨੂੰ ਨਵਾਂ ਵਾਹਨ ਖਰੀਦਣ ਵੇਲੇ ਰਜਿਸਟ੍ਰੇਸ਼ਨ ਫੀਸ ਵਿੱਚ ਛੋਟ ਮਿਲਦੀ ਹੈ। ਇਹ ਛੋਟ ਪ੍ਰਾਈਵੇਟ ਵਾਹਨਾਂ ਲਈ 25% ਅਤੇ ਵਪਾਰਕ ਵਾਹਨਾਂ ਲਈ 15% ਤੱਕ ਹੈ।