HMPV Advisory- ਭਾਰਤ ‘ਚ HMPV Virus ਨੂੰ ਲੈ ਕੇ ਜਾਰੀ ਹੋਈ ਐਡਵਾਇਜ਼ਰੀ, ਸੂਬਿਆਂ ਨੂੰ ਹਦਾਇਤਾਂ

HMPV Virus Cases in India Live: ਚੀਨ ਤੋਂ ਬਾਅਦ ਹੁਣ HMPV ਵਾਇਰਸ ਭਾਰਤ ਵਿੱਚ ਵੀ ਦਾਖਲ ਹੋ ਗਿਆ ਹੈ। ਐਚਐਮਪੀਵੀ ਯਾਨੀ ਹਿਊਮਨ ਮੈਟਾਪਨੀਓਮੋਵਾਇਰਸ ਭਾਰਤ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ਵਿੱਚ ਉਸ ਸਮੇਂ ਹਲਚਲ ਮਚ ਗਈ ਜਦੋਂ ਸੋਮਵਾਰ ਨੂੰ ਇੱਕ ਦਿਨ ਵਿੱਚ ਤਕਰੀਬਨ 5 HMPV ਮਾਮਲੇ ਸਾਹਮਣੇ ਆਏ। ਇਸ ਕਾਰਨ ਸਿਹਤ ਮੰਤਰੀ ਜੇਪੀ ਨੱਡਾ ਨੂੰ ਖੁਦ ਬਿਆਨ ਦੇਣਾ ਪਿਆ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਕਿਹਾ ਕਿ ਸਰਕਾਰ ਸਥਿਤੀ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਇਸ ਸਮੇਂ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
ਭਾਰਤ ਵਿਚ HMPV ਦੇ ਕੇਸਾਂ ਵਿੱਚ ਵਾਧੇ ਦੇ ਵਿਚਕਾਰ ਕੇਂਦਰ ਨੇ ਮੰਗਲਵਾਰ ਨੂੰ ਸੂਬਿਆਂ ਨੂੰ ਸਾਹ ਸਬੰਧੀ ਬਿਮਾਰੀਆਂ ’ਤੇ ਨਿਗਰਾਨੀ ਦੀ ਸਮੀਖਿਆ ਕਰਨ ਲਈ ਕਿਹਾ ਹੈ। ਦੇਸ਼ ਵਿੱਚ ਹੁਣ ਤੱਕ ਕਰਨਾਟਕ (2), ਗੁਜਰਾਤ (1) ਅਤੇ ਤਮਿਲਨਾਡੂ (2) ਤੋਂ HMPV ਦੇ 7 ਕੇਸ ਰਿਪੋਰਟ ਹੋ ਚੁੱਕੇ ਹਨ। ਸਾਰੇ ਕੇਸ ਨੌਜਵਾਨ ਬੱਚਿਆਂ ਵਿੱਚ ਪਾਏ ਗਏ ਹਨ, ਜਿਨ੍ਹਾਂ ਦੀ ਉਮਰ 3 ਮਹੀਨੇ ਤੋਂ 13 ਸਾਲ ਤੱਕ ਹੈ।
ਕੇਂਦਰੀ ਸਿਹਤ ਸਚਿਵ ਪੁਨਿਆ ਸਲੀਲਾ ਸ੍ਰੀਵਾਸਤਵ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਇੱਕ ਵਰਚੁਅਲ ਮੀਟਿੰਗ ਦੌਰਾਨ ਕਿਹਾ ਕਿ ਸੂਬਿਆਂ ਨੂੰ ਇਨਫਲੂਐਂਜ਼ਾ-ਜਿਹੀਆਂ ਬਿਮਾਰੀਆਂ (ILI) ਅਤੇ ਗੰਭੀਰ ਸਾਹ ਸਬੰਧੀ ਇਨਫੈਕਸ਼ਨਾਂ (SARI) ਦੀ ਨਿਗਰਾਨੀ (HMPV Advisory) ਨੂੰ ਮਜ਼ਬੂਤ ਅਤੇ ਸਮੀਖਿਆ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਅਕਸਰ ਸਰਦੀਆਂ ਦੇ ਮਹੀਨਿਆਂ ਵਿੱਚ ਸਾਹ ਸਬੰਧੀ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ। ਸ੍ਰੀਵਾਸਤਵ ਨੇ ਕਿਹਾ, “ਦੇਸ਼ ਕਿਸੇ ਵੀ ਸੰਭਾਵਿਤ ਵਾਧੇ ਲਈ ਚੰਗੀ ਤਰ੍ਹਾਂ ਤਿਆਰ ਹੈ, HMPV ਤੋਂ ਜਨਤਾ ਲਈ ਕੋਈ ਵੀ ਚਿੰਤਾ ਦੀ ਗੱਲ ਨਹੀਂ ਹੈ ਕਿਉਂਕਿ ਇਹ ਵਿਸ਼ਵ ਭਰ ਵਿੱਚ 2001 ਤੋਂ ਮੌਜੂਦ ਹੈ।
ਜ਼ਿਕਰਯੋਗ ਹੈ ਕਿ ਇਹ ਮੀਟਿੰਗ ਭਾਰਤ ਵਿੱਚ ਸਾਹ ਸਬੰਧੀ ਬਿਮਾਰੀਆਂ ਦੀ ਮੌਜੂਦਾ ਸਥਿਤੀ ਅਤੇ HMPV ਦੇ ਕੇਸਾਂ ਦੇ ਸੰਦਰਭ ਵਿੱਚ ਕੀਤੀ ਗਈ ਸੀ। ਚੀਨ ਵਿੱਚ HMPV ਦੇ ਕੇਸਾਂ ਵਿੱਚ ਵਾਧੇ ਦੀਆਂ ਮੀਡੀਆ ਰਿਪੋਰਟਾਂ ਦੇ ਬਾਅਦ ਦੇਸ਼ ਵਿਚ ਸਿਹਤ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਹੈ। ਸ੍ਰੀਵਾਸਤਵ ਨੇ ਇੰਟੈਗਰੇਟਿਡ ਡਿਜ਼ੀਜ਼ ਸਰਵੀਲੈਂਸ ਪ੍ਰੋਗਰਾਮ (IDSP) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ILI/SARI (ਲਾਗ ਜਾਂ ਸਾਹ ਦੀਆਂ ਬੀਮਾਰੀਆਂ) ਮਾਮਲਿਆਂ ਵਿੱਚ ਕੋਈ ਅਸਧਾਰਨ ਵਾਧਾ ਨਹੀਂ ਹੋਇਆ ਹੈ।
ਸ੍ਰੀਵਾਸਤਵ ਨੇ ਸੂਬਿਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਸਾਧਾਰਨ ਉਪਾਵਾਂ ਨਾਲ ਜਾਗਰੂਕਤਾ ਵਧਾਉਣ। ਜਿਵੇਂ ਕਿ ਅਕਸਰ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਨਾਲ ਵਾਇਰਸ ਦੇ ਸੰਚਾਰ ਨੂੰ ਰੋਕਣਾ, ਬਿਨਾਂ ਧੋਤੇ ਹੋਏ ਹੱਥਾਂ ਨਾਲ ਉਨ੍ਹਾਂ ਦੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣ ਤੋਂ ਬਚਿਆ ਜਾਵੇ, ਉਨ੍ਹਾਂ ਲੋਕਾਂ ਨਾਲ ਨਜ਼ਦੀਕੀ ਸੰਪਰਕ ਤੋਂ ਬਚੋ ਜਿੰਨ੍ਹਾ ਵਿਚ ਬਿਮਾਰੀ ਦੇ ਲੱਛਣ ਨਜ਼ਰ ਆ ਰਹੇ ਹਨ, ਖੰਘਣ ਅਤੇ ਛਿੱਕਣ ਵੇਲੇ ਮੂੰਹ ਅਤੇ ਨੱਕ ਨੂੰ ਢੱਕ ਕੇ ਰੱਖੋ।