ਭਾਰਤ ‘ਚ ਦਾਖਲ ਹੋਇਆ ਚੀਨ ‘ਚ ਤਬਾਹੀ ਮਚਾਉਣ ਵਾਲਾ ਨਵਾਂ ਵਾਇਰਸ

HMPV First Case in India: ਚੀਨ ਵਿੱਚ ਤਬਾਹੀ ਮਚਾਉਣ ਵਾਲੇ HMPV ਵਾਇਰਸ ਨੇ ਹੁਣ ਭਾਰਤ ਵਿੱਚ ਦਸਤਕ ਦੇ ਦਿੱਤੀ ਹੈ। ਬੈਂਗਲੁਰੂ ਦੇ ਇਕ ਨਿੱਜੀ ਹਸਪਤਾਲ ‘ਚ 8 ਮਹੀਨੇ ਦੇ ਬੱਚੇ ‘ਚ ਹਿਊਮਨ ਮੈਟਾਪਨੀਓਮੋਵਾਇਰਸ (HMPV) ਦਾ ਮਾਮਲਾ ਸਾਹਮਣੇ ਆਇਆ ਹੈ।
ਹੈਰਾਨੀ ਦੀ ਗੱਲ ਹੈ ਕਿ ਬੱਚੇ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਹਸਪਤਾਲ ਦੀ ਲੈਬਾਰਟਰੀ ਵਿੱਚ ਕੀਤੇ ਗਏ ਟੈਸਟ ਵਿਚ ਐਚਐਮਪੀਵੀ ਵਾਇਰਸ ਦੀ ਪੁਸ਼ਟੀ ਹੋਈ ਹੈ। ਕਰਨਾਟਕ ਦੇ ਸਿਹਤ ਵਿਭਾਗ ਨੇ ਇਹ ਜਾਣਕਾਰੀ ਕੇਂਦਰ ਸਰਕਾਰ ਨੂੰ ਦਿੱਤੀ ਹੈ।
ਕਰਨਾਟਕ ਸਿਹਤ ਵਿਭਾਗ ICMR ਅਤੇ ਕੇਂਦਰੀ ਸਿਹਤ ਮੰਤਰਾਲੇ ਦੀਆਂ ਹੋਰ ਹਦਾਇਤਾਂ ਦੀ ਉਡੀਕ ਕਰ ਸਕਦਾ ਹੈ। ਹਾਲਾਂਕਿ, ਇਹ ਅਜੇ ਤੱਕ ਸਪੱਸ਼ਟ ਨਹੀਂ ਹੈ ਕਿ ਕੀ ਇਹ ਐਚਐਮਪੀਵੀ ਦਾ ਉਹੀ ਸਟ੍ਰੇਨ ਹੈ ਜੋ ਚੀਨ ਵਿੱਚ ਕੇਸਾਂ ਨੂੰ ਵਧਾ ਰਿਹਾ ਹੈ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ HMPV ਜ਼ਿਆਦਾਤਰ ਬੱਚਿਆਂ ਅਤੇ ਬਜ਼ੁਰਗਾਂ ਨੂੰ ਨਿਸ਼ਾਨਾ (HMPV First Case in India) ਬਣਾਉਂਦਾ ਹੈ। ਚੀਨ ਵਿੱਚ ਵੀ ਇਹ ਵਾਇਰਸ ਜਿਆਦਾਤਰ ਬੱਚਿਆਂ ਵਿੱਚ ਪਾਇਆ ਗਿਆ ਹੈ। ਇਸ ਦੇ ਲੱਛਣ ਕੋਰੋਨਾ ਵਰਗੇ ਹੀ ਹਨ। ਇਸ ਵਿਚ ਜ਼ੁਕਾਮ ਅਤੇ ਖੰਘ ਵੀ ਹੁੰਦੀ ਹੈ।
HMPV ਕੀ ਹੈ?
ਚੀਨ ਦਾ ਨਵਾਂ ਵਾਇਰਸ ਹਿਊਮਨ ਮੈਟਾਪਨੀਓਮੋਵਾਇਰਸ, ਜਿਸ ਨੂੰ HMPV ਵੀ ਕਿਹਾ ਜਾਂਦਾ ਹੈ, ਇੱਕ ਕਿਸਮ ਦਾ ਆਮ ਸਾਹ ਸੰਬੰਧੀ ਵਾਇਰਸ ਹੈ ਜੋ ਹਰ ਉਮਰ ਦੇ ਲੋਕਾਂ ਵਿੱਚ ਫੈਲ ਸਕਦਾ ਹੈ। ਇਸ ਵਾਇਰਸ ਦਾ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਉਤੇ ਜ਼ਿਆਦਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਵਾਇਰਸ ਨਾਲ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹੋ, ਤਾਂ ਤੁਸੀਂ ਵੀ ਇਸ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹੋ। ਇਸ ਦੇ ਕੁਝ ਆਮ ਲੱਛਣ ਹਨ- ਨੱਕ ਵਗਣਾ, ਗਲੇ ਵਿੱਚ ਖਰਾਸ਼, ਸਿਰ ਦਰਦ, ਥਕਾਵਟ, ਖੰਘ, ਬੁਖਾਰ ਜਾਂ ਜ਼ੁਕਾਮ ਮਹਿਸੂਸ ਹੋਣਾ।
ਕੇਰਲ, ਤੇਲੰਗਾਨਾ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ
ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਪਹਿਲਾਂ ਕੇਰਲ ਵਿੱਚ ਸਾਹਮਣੇ ਆਏ ਸਨ। ਕੇਰਲ ਅਤੇ ਤੇਲੰਗਾਨਾ ਦੀਆਂ ਸਰਕਾਰਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਚੀਨ ਵਿੱਚ ਵਾਇਰਲ ਬੁਖਾਰ ਅਤੇ ਸਾਹ ਦੀ ਲਾਗ ਦੇ ਵੱਡੇ ਪੱਧਰ ‘ਤੇ ਮਾਮਲਿਆਂ ਦੀਆਂ ਰਿਪੋਰਟਾਂ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ।