ਦਹੀਂ ਜਾਂ ਲੱਸੀ, ਤੁਹਾਡੀ ਸਿਹਤ ਲਈ ਕੀ ਹੈ ਸਭ ਤੋਂ ਸਹੀ? ਆਯੂਰਵੇਦ ਦੇ ਨਜ਼ਰੀਏ ਤੋਂ ਜਾਣੋ ਇਸ ਦਾ ਜਵਾਬ…

ਭਾਰਤੀ ਭੋਜਨ, ਖਾਸ ਕਰਕੇ ਉੱਤਰ ਭਾਰਤ ਦੇ ਭੋਜਨ ਵਿੱਚ ਦਹੀਂ ਤੇ ਲੱਸੀ ਸਾਡੀ ਖੁਰਾਕ ਦਾ ਇੱਕ ਜ਼ਰੂਰੀ ਹਿੱਸਾ ਹੈ। ਦਹੀਂ ਤੇ ਲੱਸੀ ਪਾਚਨ ਵਿੱਚ ਸਹਾਇਤਾ ਕਰਨ ਲਈ ਜਾਣੇ ਜਾਂਦੇ ਹਨ ਅਤੇ ਇਨ੍ਹਾਂ ਦੇ ਸੇਵਨ ਨਾਲ ਸਿਹਤ ਲਾਭ ਵੀ ਹੁੰਦੇ ਹਨ। ਦਹੀਂ ਪ੍ਰੋਬਾਇਓਟਿਕਸ ਦਾ ਇੱਕ ਵਧੀਆ ਸਰੋਤ ਹੈ, ਜੋ ਅੰਤੜੀਆਂ ਦੀ ਸਿਹਤ ਲਈ ਬਹੁਤ ਵਧੀਆ ਹੈ।
ਇਹ ਬੈਕਟੀਰੀਆ ਪੌਸ਼ਟਿਕ ਤੱਤਾਂ ਦੇ ਬਿਹਤਰ ਪਾਚਨ ਅਤੇ ਸਮਾਈ ਵਿੱਚ ਯੋਗਦਾਨ ਪਾਉਂਦੇ ਹਨ। ਦਹੀਂ ਵਿੱਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਅਤੇ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਮੁੱਚੀ ਸਿਹਤ ਲਈ ਪ੍ਰੋਟੀਨ ਵੀ ਜ਼ਰੂਰੀ ਹੈ। ਦਹੀਂ ਵਿੱਚ ਕੈਲਸ਼ੀਅਮ ਵੀ ਹੁੰਦਾ ਹੈ, ਜੋ ਕਿ ਮਜ਼ਬੂਤ ਹੱਡੀਆਂ ਅਤੇ ਦੰਦਾਂ ਲਈ ਜ਼ਰੂਰੀ ਹੈ। ਦਹੀਂ ਵਿੱਚ ਮੌਜੂਦ ਪ੍ਰੋਬਾਇਓਟਿਕਸ ਤੁਹਾਡੇ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਕਈ ਅਧਿਐਨਾਂ ‘ਚ ਇਹ ਪਾਇਆ ਗਿਆ ਹੈ ਕਿ ਦਹੀਂ ਖਾਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਮਿਲਦੀ ਹੈ।
ਲੱਸੀ ਦੇ ਸਰੀਰ ਨੂੰ ਹੋਣ ਵਾਲੇ ਲਾਭ:
ਉੱਥੇ ਹੀ ਜੇ ਲੱਸੀ ਦੀ ਗੱਲ ਕੀਤੀ ਜਾਵੇ ਤਾਂ ਲੱਸੀ ਵੀ ਇੱਕ ਡੇਅਰੀ ਉਤਪਾਦ ਹੈ ਅਤੇ ਦਹੀਂ ਤੋਂ ਬਣਾਇਆ ਜਾਂਦਾ ਹੈ। ਦਹੀਂ ਤੋਂ ਕਰੀਮ ਕੱਢਣ ਦੀ ਪ੍ਰਕਿਰਿਆ ਵਿੱਚ ਲੱਸੀ ਬਣਾਈ ਜਾਂਦੀ ਹੈ। ਇਸ ਦੇ ਆਪਣੇ ਕਈ ਫਾਇਦੇ ਹਨ। ਲੱਸੀ ਵਿੱਚ ਲੈਕਟਿਕ ਐਸਿਡ ਹੁੰਦਾ ਹੈ, ਜੋ ਪਾਚਨ ਵਿੱਚ ਮਦਦ ਕਰਦਾ ਹੈ ਅਤੇ ਪੇਟ ਨੂੰ ਠੰਡਾ ਰੱਖਦਾ ਹੈ। ਜੇਕਰ ਕਿਸੇ ਨੂੰ ਐਸੀਡਿਟੀ ਦੀ ਸਮੱਸਿਆ ਹੈ ਤਾਂ ਉਸ ਨੂੰ ਲੱਸੀ ਜ਼ਰੂਰ ਪੀਣੀ ਚਾਹੀਦੀ ਹੈ। ਦਹੀਂ ਦੀ ਤਰ੍ਹਾਂ, ਇਸ ਵਿੱਚ ਵੀ ਪ੍ਰੋਬਾਇਓਟਿਕਸ ਹੁੰਦੇ ਹਨ, ਜੋ ਅੰਤੜੀਆਂ ਲਈ ਸਿਹਤਮੰਦ ਹੁੰਦੇ ਹਨ।
ਲੱਸੀ ਵਿੱਚ ਕੈਲਸ਼ੀਅਮ, ਵਿਟਾਮਿਨ ਬੀ12, ਰਿਬੋਫਲੇਵਿਨ ਅਤੇ ਫਾਸਫੋਰਸ ਹੁੰਦਾ ਹੈ। ਦੁੱਧ ਦੀ ਤੁਲਨਾ ਵਿੱਚ ਲੱਸੀ ਵਿੱਚ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਘੱਟ ਚਰਬੀ ਵਾਲਾ ਭੋਜਨ ਖਾ ਰਹੇ ਹੋ ਤਾਂ ਲੱਸੀ ਇੱਕ ਚੰਗਾ ਵਿਕਲਪ ਹੋ ਸਕਦਾ ਹੈ। ਦਹੀਂ ਦੀ ਤਰ੍ਹਾਂ ਲੱਸੀ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ। ਸਰੀਰ ਹਾਈਡ੍ਰੇਟ ਰਹਿੰਦਾ ਹੈ। ਲੱਸੀ ‘ਚ ਚਰਬੀ ਬਹੁਤ ਘੱਟ ਹੁੰਦੀ ਹੈ ਅਤੇ ਇਸ ਨੂੰ ਪੀਣ ਤੋਂ ਬਾਅਦ ਤੁਸੀਂ ਬਿਲਕੁਲ ਪੇਟ ਭਰਿਆ ਮਹਿਸੂਸ ਕਰਦੇ ਹੋ। ਘੱਟ ਕੈਲੋਰੀ ਵਾਲਾ ਇਹ ਡਰਿੰਕ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
ਦਹੀਂ ਜਾਂ ਲੱਸੀ? ਤੁਹਾਡੇ ਲਈ ਕੀ ਹੈ ਬਿਹਤਰ:
ਆਯੁਰਵੇਦ ਵਿੱਚ ਦੋਹਾਂ ਦੇ ਫਾਇਦਿਆਂ ਨੂੰ ਦੇਖਦੇ ਹੋਏ ਲੱਸੀ ਨੂੰ ਜ਼ਿਆਦਾ ਫਾਇਦੇਮੰਦ ਦੱਸਿਆ ਗਿਆ ਹੈ। ਦਹੀਂ ਤੋਂ ਲੱਸੀ ਬਣਾਈ ਜਾਂਦੀ ਹੈ, ਪਰ ਇਸ ਵਿਚ ਪਾਣੀ ਹੋਣ ਕਾਰਨ ਇਸ ਦਾ ਫਰਮੈਂਟੇਸ਼ਨ ਪ੍ਰਭਾਵ ਘੱਟ ਜਾਂਦਾ ਹੈ, ਜਿਸ ਕਾਰਨ ਇਹ ਸਰੀਰ ਦੀ ਗਰਮੀ ਨੂੰ ਕੰਟਰੋਲ ਕਰਨ ਵਿਚ ਜ਼ਿਆਦਾ ਮਦਦਗਾਰ ਸਾਬਤ ਹੁੰਦੀ ਹੈ। ਪਾਚਨ ਕਿਰਿਆ ਲਈ ਲੱਸੀ ਦਹੀਂ ਤੋਂ ਵੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਭੁੰਨੇ ਜੀਰੇ ਦੇ ਨਾਲ ਲੱਸੀ ਮਿਲਾ ਕੇ ਪੀਣ ਨਾਲ ਹੋਰ ਵੀ ਕਈ ਸਿਹਤ ਲਾਭ ਹੁੰਦੇ ਹਨ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)