ਹੁਣ OYO ‘ਚ ਬੁਕਿੰਗ ਲਈ ਕਿਹੜੇ ਸਰਟੀਫਿਕੇਟ ਦੀ ਲੋੜ? ਨਵੇਂ ਸਾਲ ‘ਚ ਬਦਲੇ ਗਏ ਬੁਕਿੰਗ ਦੇ ਨਿਯਮ

ਹੋਟਲ ਬੁਕਿੰਗ ਕੰਪਨੀ OYO ਨੇ ਆਪਣੇ ਪਾਰਟਨਰ ਹੋਟਲਾਂ ਲਈ ਇੱਕ ਨਵਾਂ ਚੈੱਕ-ਇਨ ਨਿਯਮ ਲਾਗੂ ਕੀਤਾ ਹੈ। ਇਸ ਨਵੇਂ ਦਿਸ਼ਾ-ਨਿਰਦੇਸ਼ ਦੇ ਅਨੁਸਾਰ, ਅਣਵਿਆਹੇ ਜੋੜਿਆਂ ਨੂੰ ਹੁਣ OYO ਹੋਟਲਾਂ ਵਿੱਚ ਚੈੱਕ-ਇਨ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਨਿਯਮ ਸਭ ਤੋਂ ਪਹਿਲਾਂ ਮੇਰਠ ਵਿੱਚ ਲਾਗੂ ਕੀਤਾ ਗਿਆ ਹੈ ਅਤੇ 2025 ਤੋਂ ਇਸ ਦਾ ਪਾਲਣ ਕੀਤਾ ਜਾਵੇਗਾ। ਨਵੇਂ ਨਿਯਮ ਦੇ ਅਨੁਸਾਰ, ਸਾਰੇ ਜੋੜਿਆਂ ਨੂੰ ਹੁਣ OYO ‘ਤੇ ਚੈੱਕ-ਇਨ ਦੇ ਸਮੇਂ ਇੱਕ ਵੈਧ ਰਿਸ਼ਤੇ ਦਾ ਪ੍ਰਮਾਣ ਪੱਤਰ ਪੇਸ਼ ਕਰਨਾ ਹੋਵੇਗਾ, ਭਾਵੇਂ ਉਨ੍ਹਾਂ ਦੀ ਬੁਕਿੰਗ ਔਨਲਾਈਨ ਜਾਂ ਆਫਲਾਈਨ ਕੀਤੀ ਗਈ ਹੈ। OYO ਨੇ ਆਪਣੇ ਸਾਥੀ ਹੋਟਲਾਂ ਨੂੰ ਸਥਾਨਕ ਸਮਾਜਿਕ ਨਿਯਮਾਂ ਦੇ ਆਧਾਰ ‘ਤੇ ਜੋੜਿਆਂ ਲਈ ਬੁਕਿੰਗ ਰੱਦ ਕਰਨ ਦਾ ਅਧਿਕਾਰ ਦਿੱਤਾ ਹੈ। OYO ਦਾ ਕਹਿਣਾ ਹੈ ਕਿ ਇਹ ਫੈਸਲਾ ਸਮਾਜਿਕ ਸੰਵੇਦਨਸ਼ੀਲਤਾ ਅਤੇ ਸਥਾਨਕ ਕਾਨੂੰਨਾਂ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ।
ਮੇਰਠ ਤੋਂ ਹੋਈ ਇਸ ਦੀ ਸ਼ੁਰੂਆਤ
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਕ, OYO ਨੇ ਆਪਣੇ ਪਾਰਟਨਰ ਹੋਟਲਾਂ ਨੂੰ ਮੇਰਠ ‘ਚ ਇਸ ਨਿਯਮ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਨਿਯਮ ਦੇ ਪ੍ਰਭਾਵ ਅਤੇ ਫੀਡਬੈਕ ਦੇ ਆਧਾਰ ‘ਤੇ ਇਸ ਨੂੰ ਦੂਜੇ ਸ਼ਹਿਰਾਂ ‘ਚ ਵੀ ਲਾਗੂ ਕੀਤਾ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਮੇਰਠ ਅਤੇ ਕੁਝ ਹੋਰ ਸ਼ਹਿਰਾਂ ਦੇ ਨਾਗਰਿਕ ਸਮੂਹਾਂ ਅਤੇ ਸਥਾਨਕ ਨਿਵਾਸੀਆਂ ਨੇ ਅਣਵਿਆਹੇ ਜੋੜਿਆਂ ਨੂੰ ਚੈੱਕ-ਇਨ ਕਰਨ ਤੋਂ ਰੋਕਣ ਲਈ OYO ਨੂੰ ਮੰਗ ਕੀਤੀ ਸੀ। ਇਨ੍ਹਾਂ ਸਮੂਹਾਂ ਨੇ OYO ਨੂੰ “ਸਮਾਜ ਦੀਆਂ ਕਦਰਾਂ-ਕੀਮਤਾਂ ਦੇ ਅਨੁਕੂਲ” ਨੀਤੀ ਦੱਸਦੇ ਹੋਏ ਇਸ ਦਿਸ਼ਾ ਵਿੱਚ ਕਦਮ ਚੁੱਕਣ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
PTI ਨਾਲ ਗੱਲ ਕਰਦੇ ਹੋਏ, OYO ਉੱਤਰੀ ਭਾਰਤ ਦੇ ਖੇਤਰ ਮੁਖੀ, ਪਵਾਸ ਸ਼ਰਮਾ ਨੇ ਕਿਹਾ “OYO ਸੁਰੱਖਿਅਤ ਅਤੇ ਜ਼ਿੰਮੇਵਾਰ ਹਾਸਪੀਟੈਲਿਟੀ ਪ੍ਰੈਕਟਿਸ ਨੂੰ ਕਾਇਮ ਰੱਖਣ ਲਈ ਜਾਣਿਆ ਜਾਂਦਾ ਹੈ। “ਅਸੀਂ ਵਿਅਕਤੀਗਤ ਆਜ਼ਾਦੀਆਂ ਦਾ ਸਨਮਾਨ ਕਰਦੇ ਹਾਂ, ਪਰ ਸਥਾਨਕ ਕਾਨੂੰਨਾਂ ਅਤੇ ਸਮਾਜ ਦੇ ਵਿਚਾਰਾਂ ਨਾਲ ਕੰਮ ਕਰਨ ਦੀ ਸਾਡੀ ਜ਼ਿੰਮੇਵਾਰੀ ਵੀ ਹੈ।” ਸ਼ਰਮਾ ਨੇ ਇਹ ਵੀ ਕਿਹਾ ਕਿ ਕੰਪਨੀ ਸਮੇਂ-ਸਮੇਂ ‘ਤੇ ਇਸ ਨਿਯਮ ਦੀ ਸਮੀਖਿਆ ਕਰੇਗੀ। OYO ਨੇ ਕਿਹਾ ਕਿ ਇਹ ਨਵਾਂ ਨਿਯਮ ਬ੍ਰਾਂਡ ਨੂੰ ਪਰਿਵਾਰਾਂ, ਵਿਦਿਆਰਥੀਆਂ, ਵਪਾਰਕ ਸੈਲਾਨੀਆਂ, ਧਾਰਮਿਕ ਸੈਲਾਨੀਆਂ ਅਤੇ ਇਕੱਲੇ ਯਾਤਰੀਆਂ ਲਈ ਇੱਕ ਸੁਰੱਖਿਅਤ ਅਤੇ ਭਰੋਸੇਮੰਦ ਵਿਕਲਪ ਦੇ ਤੌਰ ‘ਤੇ ਸਥਾਪਤ ਕਰਨ ਦੇ ਉਸ ਦੇ ਵਿਜ਼ਨ ਦਾ ਹਿੱਸਾ ਹੈ।
- First Published :