Jio ਨੇ ਵੀ Elon Musk ਦੀ SpaceX ਨਾਲ ਮਿਲਾਇਆ ਹੱਥ, ਭਾਰਤੀ ਲੋਕਾਂ ਨੂੰ ਮਿਲਣਗੀਆਂ ਕਿਫ਼ਾਇਤੀ Starlink ਸੇਵਾਵਾਂ

Jio ਨੇ 12 ਮਾਰਚ ਨੂੰ ਐਲੋਨ ਮਸਕ ਦੇ ਸਪੇਸਐਕਸ ਨਾਲ ਆਪਣੀ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸ ਤਹਿਤ, Jio ਭਾਰਤ ਵਿੱਚ ਸਟਾਰਲਿੰਕ ਦੀਆਂ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਪੇਸ਼ ਕਰੇਗਾ। ਇਸ ਤੋਂ ਪਹਿਲਾਂ 11 ਮਾਰਚ ਨੂੰ ਏਅਰਟੈੱਲ ਨੇ ਵੀ ਸਪੇਸਐਕਸ ਨਾਲ ਇਸੇ ਤਰ੍ਹਾਂ ਦੀ ਸਾਂਝੇਦਾਰੀ ਦਾ ਐਲਾਨ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਸਟਾਰਲਿੰਕ ਨੇ ਭਾਰਤ ਵਿੱਚ ਆਪਣੀ ਸਰਵਿਸ ਸ਼ੁਰੂ ਕਰਨ ਲਈ ਅਰਜ਼ੀ ਦਿੱਤੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਨੂੰ ਜਲਦੀ ਹੀ ਹਰੀ ਝੰਡੀ ਮਿਲ ਸਕਦੀ ਹੈ।
ਸਟਾਰਲਿੰਕ ਨੂੰ ਭਾਰਤ ਵਿੱਚ ਮਨਜ਼ੂਰੀ ਮਿਲਣ ਤੋਂ ਬਾਅਦ, Jio ਜਾਂ ਏਅਰਟੈੱਲ ਭਾਰਤ ਵਿੱਚ ਮਸਕ ਦੀ ਕੰਪਨੀ ਦੀ ਸਰਵਿਸ ਸ਼ੁਰੂ ਕਰਨ ਦੇ ਯੋਗ ਹੋਣਗੇ। ਨਵੀਨਤਮ ਸਾਂਝੇਦਾਰੀ ਦੇ ਤਹਿਤ, Jio ਅਤੇ ਸਟਾਰਲਿੰਕ ਭਾਰਤ ਵਿੱਚ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਨ ਵਿੱਚ ਇੱਕ ਦੂਜੇ ਦੀ ਮਦਦ ਕਰਨਗੇ।
ਏਅਰਟੈੱਲ ਵਾਂਗ, Jio ਵੀ ਸਟਾਰਲਿੰਕ ਪ੍ਰਾਡਕਟ ਆਪਣੇ ਰਿਟੇਲ ਅਤੇ ਔਨਲਾਈਨ ਸਟੋਰਾਂ ਵਿੱਚ ਉਪਲਬਧ ਕਰਵਾਏਗਾ। ਰਿਪੋਰਟਾਂ ਦੇ ਅਨੁਸਾਰ, ਸਟਾਰਲਿੰਕ ਉਪਕਰਣ Jio ਦੇ ਫਿਜ਼ੀਕਲ ਸਟੋਰਾਂ ਵਿੱਚ ਉਪਲਬਧ ਹੋਣਗੇ ਅਤੇ ਕੰਪਨੀ ਇੰਸਟਾਲੇਸ਼ਨ ਅਤੇ ਐਕਟੀਵੇਸ਼ਨ ਲਈ ਕਸਟਮਰ ਸਰਵਿਸ ਵੀ ਪ੍ਰਦਾਨ ਕਰੇਗੀ।
ਕੰਪਨੀ ਨੇ ਆਪਣੇ ਬਿਆਨ ਵਿੱਚ ਇਹ ਕਿਹਾ: ਰਿਲਾਇੰਸ Jio ਗਰੁੱਪ ਦੇ ਸੀਈਓ ਮੈਥਿਊ ਓਮਨ ਨੇ ਕਿਹਾ ਕਿ ਹਰ ਭਾਰਤੀ ਨੂੰ ਕਿਫਾਇਤੀ ਅਤੇ ਹਾਈ-ਸਪੀਡ ਬ੍ਰਾਡਬੈਂਡ ਤੱਕ ਪਹੁੰਚ ਪ੍ਰਦਾਨ ਕਰਨਾ Jio ਦੀ ਤਰਜੀਹ ਰਹੀ ਹੈ। ਸਪੇਸਐਕਸ ਨਾਲ ਸਾਂਝੇਦਾਰੀ ਵਿੱਚ ਸਟਾਰਲਿੰਕ ਦੀਆਂ ਸੇਵਾਵਾਂ ਨੂੰ ਭਾਰਤ ਵਿੱਚ ਲਿਆਉਣਾ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਟਾਰਲਿੰਕ ਨੂੰ Jio ਦੇ ਬ੍ਰਾਡਬੈਂਡ ਈਕੋਸਿਸਟਮ ਵਿੱਚ ਜੋੜ ਕੇ, ਕੰਪਨੀ ਦੀ ਪਹੁੰਚ ਅਤੇ ਵਿਸ਼ਵਾਸ ਵਧਾਉਣ ਦੀ ਕੋਸ਼ਿਸ਼ ਹੈ।
ਬੀਤੇ ਕੱਲ੍ਹ ਏਅਰਟੈੱਲ ਨੇ ਸਪੇਸਐਕਸ ਨਾਲ ਆਪਣੇ ਸਮਝੌਤੇ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤਹਿਤ, ਦੋਵੇਂ ਕੰਪਨੀਆਂ ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸਟਾਰਲਿੰਕ ਸੇਵਾ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰਨਗੀਆਂ। ਸਟਾਰਲਿੰਕ ਦੀ ਤਕਨਾਲੋਜੀ ਨੂੰ ਏਅਰਟੈੱਲ ਦੇ ਨੈੱਟਵਰਕ ਬੁਨਿਆਦੀ ਢਾਂਚੇ ਵਿੱਚ ਵੀ ਜੋੜਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਟਾਰਲਿੰਕ ਧਰਤੀ ਦੇ ਹੇਠਲੇ ਪੰਧ ਵਿੱਚ ਭੇਜੇ ਗਏ ਸੈਟੇਲਾਈਟਾਂ ਰਾਹੀਂ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਕੰਪਨੀ ਪਹਿਲਾਂ ਹੀ ਆਸਟ੍ਰੇਲੀਆ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ।