ਤਲਾਕ ਦੀਆਂ ਖਬਰਾਂ ਵਿਚਾਲੇ, ਯੁਜਵੇਂਦਰ ਚਾਹਲ ਤੇ ਧਨਸ਼੍ਰੀ ਵਰਮਾ ਨੇ ਇੰਸਟਾਗ੍ਰਾਮ ‘ਤੇ ਇੱਕ ਦੂਜੇ ਨੂੰ ਕੀਤਾ ਅਨਫਾਲੋ

ਨਵੀਂ ਦਿੱਲੀ- ਭਾਰਤ ਦੇ ਸਟਾਰ ਲੈੱਗ-ਸਪਿਨਰ ਯੁਜਵੇਂਦਰ ਚਾਹਲ ਹਾਲ ਹੀ ਵਿੱਚ ਆਪਣੇ ਵਿਆਹ ਨੂੰ ਲੈ ਕੇ ਮੁਸ਼ਕਲਾਂ ਬਾਰੇ ਚੱਲ ਰਹੀਆਂ ਅਫਵਾਹਾਂ ਕਾਰਨ ਸੁਰਖੀਆਂ ਵਿੱਚ ਆਏ ਹਨ। ਇਸ ਕ੍ਰਿਕਟਰ ਨੇ 22 ਦਸੰਬਰ, 2020 ਨੂੰ ਕੋਰੀਓਗ੍ਰਾਫਰ ਅਤੇ ਦੰਦਾਂ ਦੀ ਡਾਕਟਰ ਧਨਸ਼੍ਰੀ ਵਰਮਾ ਨਾਲ ਵਿਆਹ ਕਰਵਾਇਆ ਸੀ।
ਕੁਝ ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਚਾਹਲ ਨੇ ਧਨਸ਼੍ਰੀ ਨਾਲ ਆਪਣੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਟਾ ਦਿੱਤੀਆਂ ਹਨ। ਦੋਵੇਂ ਇੰਸਟਾਗ੍ਰਾਮ ‘ਤੇ ਵੀ ਇਕ ਦੂਜੇ ਨੂੰ ਫਾਲੋ ਨਹੀਂ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਨਾਲ ਚਾਹਲ ਅਤੇ ਧਨਸ਼੍ਰੀ ਵਿਚਾਲੇ ਤਲਾਕ ਦੀਆਂ ਖਬਰਾਂ ਨੂੰ ਬਲ ਮਿਲਿਆ ਹੈ।
ਇਨ੍ਹਾਂ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਚਾਹਲ ਅਤੇ ਧਨਸ਼੍ਰੀ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਸਕਦੇ ਹਨ। ਇਕ ਸੂਤਰ ਨੇ ਕਿਹਾ ਕਿ ਤਲਾਕ ਤੈਅ ਹੈ, ਪਰ ਇਹ ਸਮਾਂ ਹੀ ਦੱਸੇਗਾ ਕਿ ਇਸ ਦਾ ਅਧਿਕਾਰਤ ਐਲਾਨ ਕਦੋਂ ਹੋਵੇਗਾ। ਉਨ੍ਹਾਂ ਦੇ ਵੱਖ ਹੋਣ ਦਾ ਸਹੀ ਕਾਰਨ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਤੈਅ ਹੈ ਕਿ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਹੈ।
ਕਾਬਲੇਗੌਰ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਚਾਹਲ ਅਤੇ ਧਨਸ਼੍ਰੀ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਇਸ ਤੋਂ ਪਹਿਲਾਂ 2023 ਵਿੱਚ ਵੀ ਅਟਕਲਾਂ ਦਾ ਬਜ਼ਾਰ ਉਸ ਸਮੇਂ ਗਰਮ ਹੋ ਗਿਆ ਸੀ ਜਦੋਂ ਧਨਸ਼੍ਰੀ ਨੇ ਇੰਸਟਾਗ੍ਰਾਮ ਤੋਂ ਆਪਣੇ ਸਰਨੇਮ ਤੋਂ ਚਹਿਲ ਸ਼ਬਦ ਹਟਾ ਦਿੱਤਾ ਸੀ।
ਯੁਜਵੇਂਦਰ ਚਾਹਲ ਨੇ ਦਸੰਬਰ 2020 ਵਿੱਚ ਗੁਰੂਗ੍ਰਾਮ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਮੁੰਬਈ ਸਥਿਤ ਦੰਦਾਂ ਦੀ ਡਾਕਟਰ ਅਤੇ ਕੋਰੀਓਗ੍ਰਾਫਰ ਧਨਸ਼੍ਰੀ ਵਰਮਾ ਨਾਲ ਵਿਆਹ ਕਰਵਾਇਆ। ਉਨ੍ਹਾਂ ਦਾ ਸਫ਼ਰ ਉਸੇ ਸਾਲ ਦੇ ਸ਼ੁਰੂ ਵਿੱਚ ਸ਼ੁਰੂ ਹੋਇਆ ਜਦੋਂ ਚਾਹਲ ਨੇ ਧਨਸ਼੍ਰੀ ਦੇ ਯੂਟਿਊਬ ਡਾਂਸ ਕਲਾਸਾਂ ਵਿੱਚ ਦਾਖਲਾ ਲਿਆ।
ਧਨਸ਼੍ਰੀ ਵਰਮਾ ਨੂੰ ਕ੍ਰਿਕਟਰ ਸ਼੍ਰੇਅਸ ਅਈਅਰ ਨਾਲ ਸੰਭਾਵਿਤ ਸਬੰਧਾਂ ਬਾਰੇ ਅਫਵਾਹਾਂ ਦਾ ਸਾਹਮਣਾ ਵੀ ਕਰਨਾ ਪਿਆ, ਜੋ ਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਅਕਸਰ ਗੱਲਬਾਤ ਅਤੇ ਸਮਾਗਮਾਂ ਵਿੱਚ ਸਾਂਝੇ ਤੌਰ ‘ਤੇ ਪੇਸ਼ ਹੋਣ ਕਾਰਨ ਫੈਲੀਆਂ ਸਨ। ਹਾਲਾਂਕਿ, ਦੋਵਾਂ ਨੇ ਲਗਾਤਾਰ ਕਿਸੇ ਵੀ ਰੋਮਾਂਟਿਕ ਸਬੰਧ ਤੋਂ ਇਨਕਾਰ ਕੀਤਾ, ਇਹ ਕਹਿੰਦੇ ਹੋਏ ਕਿ ਉਹ ਇੱਕ ਪਲੇਟੋਨਿਕ ਦੋਸਤੀ ਸਾਂਝੀ ਕਰਦੇ ਹਨ।