Winter Vacation- ਠੰਢ ਦੇ ਤਾਜ਼ਾ ਅਲਰਟ ਪਿੱਛੋਂ ਪਹਿਲੀ ਤੋਂ ਅੱਠਵੀਂ ਤੱਕ ਦੇ ਸਾਰੇ ਸਕੂਲ 14 ਜਨਵਰੀ ਤੱਕ ਬੰਦ

Winter Vacation- ਉੱਤਰੀ ਭਾਰਤ ਤੋਂ ਆਉਣ ਵਾਲੀਆਂ ਹਵਾਵਾਂ ਕਾਰਨ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੰਜਾਬ ਵਿੱਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਇਸ ਕੜਾਕੇ ਦੀ ਸਰਦੀ ਨੇ ਆਮ ਜਨਜੀਵਨ ਨੂੰ ਚੁਣੌਤੀਪੂਰਨ ਬਣਾ ਦਿੱਤਾ ਹੈ ਅਤੇ ਲੋਕ ਜ਼ਿਆਦਾਤਰ ਘਰਾਂ ਵਿੱਚ ਹੀ ਰਹਿ ਰਹੇ ਹਨ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਅਗਲੇ ਕੁਝ ਦਿਨਾਂ ‘ਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਠੰਢ ਕਾਰਨ ਪੰਜਾਬ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਕਈ ਜ਼ਿਲ੍ਹਿਆਂ ਵਿੱਚ ਕੜਾਕੇ ਦੀ ਠੰਢ ਅਤੇ ਸੀਤ ਲਹਿਰ ਕਾਰਨ ਡੀਐਮ ਨੇ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਆਗਰਾ, ਮਥੁਰਾ, ਗੋਰਖਪੁਰ, ਰਾਜਧਾਨੀ ਲਖਨਊ ਅਤੇ ਕੁਝ ਹੋਰ ਜ਼ਿਲ੍ਹਿਆਂ ਦੇ ਡੀਐਮ ਨੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਆਗਰਾ ਵਿੱਚ ਡੀਐਮ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲ 14 ਜਨਵਰੀ ਤੱਕ ਬੰਦ ਰਹਿਣਗੇ। ਮਥੁਰਾ ਦੀ ਗੱਲ ਕਰੀਏ ਤਾਂ ਸੀਬੀਐਸਈ, ਆਈਸੀਐਸਈ ਅਤੇ ਹੋਰ ਸਾਰੇ ਬੋਰਡਾਂ ਦੇ ਸਕੂਲ 14 ਜਨਵਰੀ ਤੱਕ ਬੰਦ ਰੱਖਣ ਦੇ ਨਿਰਦੇਸ਼ ਹਨ। ਜਦਕਿ ਗੋਰਖਪੁਰ ‘ਚ 6 ਜਨਵਰੀ ਤੱਕ ਸਕੂਲ ਬੰਦ ਰੱਖਣ ਦੇ ਨਿਰਦੇਸ਼ ਹਨ। ਰਾਜਧਾਨੀ ਲਖਨਊ ਵਿੱਚ ਡੀਐਮ ਨੇ 11 ਜਨਵਰੀ ਤੱਕ ਸਕੂਲ ਬੰਦ ਰੱਖਣ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ। ਇਹ ਹੁਕਮ CBSE, ICSE ਅਤੇ ਹੋਰ ਬੋਰਡਾਂ ਦੁਆਰਾ ਮਾਨਤਾ ਪ੍ਰਾਪਤ ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਵਾਲੇ ਸਾਰੇ ਸਕੂਲਾਂ ‘ਤੇ ਲਾਗੂ ਹਨ।
ਲਖਨਊ ਦੇ ਡੀਐਮ ਸੂਰਿਆਪਾਲ ਗੰਗਵਾਰ ਦੇ ਹੁਕਮਾਂ ਅਨੁਸਾਰ 9ਵੀਂ ਤੋਂ 12ਵੀਂ ਤੱਕ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪੱਤਰ ਅਨੁਸਾਰ ਅਜਿਹੇ ਸਕੂਲਾਂ ਵਿੱਚ ਠੰਢ ਤੋਂ ਬਚਾਅ ਲਈ ਸਾਰੇ ਪ੍ਰਬੰਧ ਕਰਨਾ ਸਕੂਲ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵਿਦਿਆਰਥੀਆਂ ਨੂੰ ਕਲਾਸਾਂ/ਪ੍ਰੈਕਟੀਕਲ ਅਤੇ ਪ੍ਰੀਖਿਆਵਾਂ ਲਈ ਬਾਹਰ ਨਾ ਬੈਠਣ ਦੇ ਨਿਰਦੇਸ਼ ਦਿੱਤੇ ਗਏ ਹਨ।
ਬਾਰਸ਼ ਦੀ ਚਿਤਾਵਨੀ
ਜੰਮੂ-ਕਸ਼ਮੀਰ ਵਿਚ ਬਣੀਆਂ ਦੋ ਪੱਛਮੀ ਗੜਬੜੀਆਂ ਕਾਰਨ ਉੱਤਰੀ ਭਾਰਤ ਵਿਚ ਮੀਂਹ ਕਾਰਨ ਹਾਲਾਤ ਹੋਰ ਵਿਗੜ ਸਕਦੇ ਹਨ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਅਗਲੇ 48 ਘੰਟਿਆਂ ਵਿਚ ਪੰਜਾਬ, ਹਰਿਆਣਾ ਅਤੇ ਦਿੱਲੀ ਐਨਸੀਆਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਵਿਚ ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ।