PM ਮੋਦੀ ਨੂੰ ਮਿਲਣ ਗਏ Diljit Dosanjh ਨੇ ਫੇਰ ਬਣਾਇਆ ‘ਓਹੀ ਨਿਸ਼ਾਨ’…ਮੁੜ ਛਿੜੀ ਚਰਚਾ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਭਾਰਤ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਬਹੁਤ ਸਾਰੇ ਪ੍ਰਸ਼ੰਸਕ ਹਨ। ਜਦੋਂ ਗੱਲ ਦਿਲਜੀਤ ਦੇ ਕੰਸਰਟ ਦੀ ਆਉਂਦੀ ਹੈ ਤਾਂ ਉਹ ਟਿਕਟਾਂ ਦੇ ਪੈਸੇ ਦੇਣ ਦੀ ਵੀ ਪਰਵਾਹ ਨਹੀਂ ਕਰਦੇ। ਹੁਣ ਇਕ ਵਾਰ ਮੁੜ ਦਿਲਜੀਤ ਦੋਸਾਂਝ ਸੁਰਖੀਆਂ ‘ਚ ਆ ਗਏ ਹਨ ਪਰ ਇਸ ਵਾਰ ਕਿਸੇ ਸ਼ੋਅ ਨੂੰ ਲੈ ਕੇ ਨਹੀਂ ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਕਾਰਨ।
ਦਰਅਸਲ, ਬੀਤੀ ਰਾਤ ਦਿਲਜੀਤ ਦੋਸਾਂਝ ਨੇ PM ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਦੀ ਇਕ ਵੀਡੀਓ ‘ਚ ਦਿਲਜੀਤ ਦੇ ਬੈਠਣ ਦੇ ਤਰੀਕੇ ਨੇ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਕਿਹਾ ਜਾਂਦਾ ਹੈ ਕਿ ਜਿਹੜੇ ਪੋਜ਼ ‘ਚ ਦਿਲਜੀਤ ਬੈਠੇ ਸਨ ਅਤੇ ਹੱਥਾਂ ਨਾਲ ਜੋ ਸਾਈਨ ਬਣਾਇਆ ਉਹ ਇਲੁਮਿਨਾਤੀ ਦਾ ਸਾਈਨ ਹੈ। ਦਿਲਜੀਤ ਦੋਸਾਂਝ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਇਲੁਮਿਨਾਤੀ ਭਾਈਚਾਰੇ ਨਾਲ ਜੁੜੇ ਹੋਏ ਹਨ। ਇਸ ਦੌਰਾਨ ਦਿਲਜੀਤ ਨੇ ਹੱਥਾਂ ਨਾਲ ਜਿਹੜੇ ਚਿੰਨ੍ਹ ਬਣਾਏ ਉਨ੍ਹਾਂ ਨੂੰ ਇਲੁਮਿਨਾਤੀ ਨਾਲ ਜੋੜਿਆ ਜਾ ਰਿਹਾ ਹੈ।
ਜੀ ਹਾਂ, ਦਿਲਜੀਤ ਪੂਰੀ ਵੀਡੀਓ ‘ਚ PM ਮੋਦੀ ਨਾਲ ਇਕ ਹੀ ਪੋਜ਼ ‘ਚ ਬੈਠੇ ਰਹੇ। PM ਮੋਦੀ ਨੇ ਇੰਸਟਾਗ੍ਰਾਮ ‘ਤੇ ਦੋਵਾਂ ਦੀ ਗੱਲਬਾਤ ਦਾ ਇਕ ਛੋਟਾ ਕਲਿੱਪ ਸਾਂਝਾ ਕਰਦੇ ਹੋਏ ਕਿਹਾ “ਇਕ ਬਹੁਤ ਹੀ ਯਾਦਗਾਰ ਗੱਲਬਾਤ।” ਉਨ੍ਹਾਂ ਨੇ ਐਕਸ ‘ਤੇ ਇਕ ਪੋਸਟ ‘ਚ ਕਿਹਾ, ‘ਦਿਲਜੀਤ ਦੋਸਾਂਝ ਨਾਲ ਇਕ ਸ਼ਾਨਦਾਰ ਗੱਲਬਾਤ। ਉਹ ਅਸਲ ‘ਚ ਬਹੁਪੱਖੀ ਯੋਗਤਾ ਦੇ ਧਨੀ ਹਨ। ਅਸੀਂ ਸੰਗੀਤ, ਸੱਭਿਆਚਾਰ ਤੇ ਕਈ ਚੀਜ਼ਾਂ ‘ਤੇ ਗੱਲਬਾਤ ਕੀਤੀ।
ਦੋਵਾਂ ਵਿਚਾਲੇ ਹੋਈ ਗੱਲਬਾਤ ਨੂੰ ਦੋਸਾਂਝਾਵਾਲੇ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਮੁਲਾਕਾਤ ‘ਚ ਮੋਦੀ ਨੇ ਦਿਲਜੀਤ ਨੂੰ ਕਿਹਾ, ‘ਭਾਰਤ ਦੇ ਪਿੰਡ ਦਾ ਇਕ ਮੁੰਡਾ, ਜਦੋਂ ਦੁਨੀਆ ‘ਚ ਨਾਂ ਰੋਸ਼ਨ ਕਰਦਾ ਹੈ ਤਾਂ ਬਹੁਤ ਚੰਗਾ ਲੱਗਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਿਲਜੀਤ ਰੱਖਿਆ ਤੇ ਤੁਸੀਂ ਲੋਕਾਂ ਦਾ ਦਿਲ ਜਿੱਤਦੇ ਹੀ ਜਾ ਰਹੇ ਹੋ।” ਦਿਲਜੀਤ ਕਹਿੰਦੇ ਹਨ, “ਅਸੀਂ ਪੜ੍ਹਦੇ ਸੀ ਕਿ ਮੇਰਾ ਭਾਰਤ ਮਹਾਨ ਹੈ… ਪਰ ਜਦੋਂ ਮੈਂ ਭਾਰਤ ਘੁੰਮਿਆ ਤਾਂ ਮੈਨੂੰ ਪਤਾ ਲੱਗਾ ਕਿ ਸਾਡੇ ਦੇਸ਼ ਨੂੰ ਮਹਾਨ ਕਿਉਂ ਕਹਿੰਦੇ ਹਨ। ਭਾਰਤ ‘ਚ ਸਭ ਤੋਂ ਵੱਡਾ ਜਾਦੂ ਯੋਗ ਹੈ।
ਇਸ ‘ਤੇ ਮੋਦੀ ਨੇ ਕਿਹਾ ਕਿ ਯੋਗ ਦਾ ਜਿਸ ਨੇ ਤਜਰਬਾ ਕੀਤਾ ਹੈ ਉਹੀ ਇਸ ਦੀ ਤਾਕਤ ਜਾਣਦਾ ਹੈ। ਦਿਲਜੀਤ ਪ੍ਰਧਾਨ ਮੰਤਰੀ ਮੋਦੀ ਦੇ ਮਾਂ ਦੇ ਪ੍ਰੇਮ ਤੇ ਗੰਗਾ ਦੇ ਪ੍ਰਤੀ ਉਨ੍ਹਾਂ ਦੀ ਆਸਥਾ ਨੂੰ ਲੈ ਕੇ ਕਹਿੰਦੇ ਹਨ ਕਿ ਤੁਸੀਂ ਜੋ ਸ਼ਬਦ ਉਨ੍ਹਾਂ ਪ੍ਰਤੀ ਆਖੇ ਉਸ ‘ਚ ਸਾਫ਼ ਝਲਕਦਾ ਸੀ ਕਿ ਉਹ ਤੁਹਾਡੇ ਦਿਲ ਤੋਂ ਨਿਕਲੇ ਹਨ। ਇਸ ਤੋਂ ਬਾਅਦ ਦਿਲਜੀਤ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਆਪਣੀ ਸ਼ਰਧਾ ਨੂੰ ਗੀਤ ਰਾਹੀਂ ਜ਼ਾਹਰ ਕੀਤਾ। ਖ਼ਾਸ ਗੱਲ ਇਹ ਹੈ ਕਿ ਜਦ ਦਿਲਜੀਤ ਗੀਤ ਗੁਣਗੁਣਾ ਰਹੇ ਸਨ ਤਾਂ ਪ੍ਰਧਾਨ ਮੰਤਰੀ ਮੋਦੀ ਮੇਜ਼ ‘ਤੇ ਉਂਗਲੀਆਂ ਨਾਲ ਉਨ੍ਹਾਂ ਨੂੰ ਤਾਲ ਦਿੰਦੇ ਨਜ਼ਰ ਆਏ।
ਕੀ ਹੈ ਇਲੁਮਿਨਾਤੀ?
ਕਿਹਾ ਜਾਂਦਾ ਹੈ ਕਿ ਇਲੁਮਿਨਾਤੀ ਇੱਕ ਗੁਪਤ ਸਮਾਜ ਹੈ, ਜਿਸ ਦੇ ਮੈਂਬਰ ਆਪਣੀ ਹਰ ਇੱਛਾ ਪੂਰੀ ਕਰ ਸਕਦੇ ਹਨ। ਵੱਡੀਆਂ ਹਸਤੀਆਂ ਬਾਰੇ ਅਕਸਰ ਗੱਪਾਂ ਹੁੰਦੀਆਂ ਹਨ ਕਿ ਉਹ ਇਲੁਮਿਨਾਤੀ ਦੇ ਮੈਂਬਰ ਹਨ। ਕਈ ਮਸ਼ਹੂਰ ਹਸਤੀਆਂ ਦੇ ਵੀਡੀਓਜ਼ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਇਲੁਮਿਤਾਨੀ ਦਾ ਖਾਸ ਚਿੰਨ੍ਹ ਬਣਾਉਂਦੇ ਹਨ ਅਤੇ ਇਸ ਨਾਲ ਜੁੜੇ ਹੋਏ ਹਨ। ਕਈ ਯੂਜ਼ਰਸ ਦਾ ਤਾਂ ਇਹ ਵੀ ਕਹਿਣਾ ਹੈ ਕਿ ਰਿਐਲਿਟੀ ਸ਼ੋਅ ‘ਬਿੱਗ ਬੌਸ ਦਾ ਲੋਗੋ, ਜੋ ਕਿ ਤਿਕੋਣ ‘ਚ ਅੱਖ ਹੈ, ਵੀ ਇਲੁਮਿਨਾਤੀ ਦਾ ਪ੍ਰਤੀਕ ਹੈ, ਹਾਲਾਂਕਿ ਇਹ ਇਲੁਮਿਨਾਤੀ ਹੈ ਜਾਂ ਨਹੀਂ, ਇਸ ਨੂੰ ਅਜੇ ਵੀ ਰਹੱਸ ਮੰਨਿਆ ਜਾ ਰਿਹਾ ਹੈ।