e-Shram ਪੋਰਟਲ ‘ਤੇ ਧੜਾ-ਧੜ ਹੋ ਰਹੀ ਰਜਿਸਟ੍ਰੇਸ਼ਨ…ਜਾਣੋ ਇਸਦੇ ਫਾਇਦੇ

ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਈ-ਸ਼੍ਰਮ ਪੋਰਟਲ ‘ਤੇ ਅਸੰਗਠਿਤ ਖੇਤਰ ਦੇ 30.58 ਕਰੋੜ ਕਾਮੇ ਰਜਿਸਟਰਡ ਹਨ। ਉਨ੍ਹਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਸਰਕਾਰ ਨੇ ਇਹ ਜਾਣਕਾਰੀ ਸੋਮਵਾਰ ਯਾਨੀ 3 ਫਰਵਰੀ ਨੂੰ ਸੰਸਦ ਵਿੱਚ ਦਿੱਤੀ ਹੈ। ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ 2024 ਵਿੱਚ ਈ-ਸ਼੍ਰਮ ਪੋਰਟਲ ‘ਤੇ 1.23 ਕਰੋੜ ਤੋਂ ਵੱਧ ਕਾਮੇ ਰਜਿਸਟਰ ਕੀਤੇ ਗਏ ਸਨ, ਜਦੋਂ ਕਿ ਔਸਤਨ 33,700 ਰਜਿਸਟ੍ਰੇਸ਼ਨ ਰੋਜ਼ਾਨਾ ਕੀਤੇ ਜਾ ਰਹੇ ਹਨ।
ਈ-ਸ਼੍ਰਮ ਪੋਰਟਲ ਕੀ ਹੈ, ਆਓ ਜਾਣਦੇ ਹਾਂ…
ਈ-ਸ਼੍ਰਮ ਪੋਰਟਲ 26 ਅਗਸਤ, 2021 ਨੂੰ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੁਆਰਾ ਲਾਂਚ ਕੀਤਾ ਗਿਆ ਸੀ। ਵਰਤਮਾਨ ਵਿੱਚ, ਵੱਖ-ਵੱਖ ਕੇਂਦਰੀ ਮੰਤਰਾਲਿਆਂ ਦੀਆਂ 12 ਯੋਜਨਾਵਾਂ ਈ-ਸ਼੍ਰਮ ਪੋਰਟਲ ਨਾਲ ਰਜਿਸਟਰਡ ਹਨ ਅਤੇ ਇਹ ਹੁਣ 22 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ। ਇਹ ਪੋਰਟਲ ਅਸੰਗਠਿਤ ਕਾਮਿਆਂ ਲਈ ਸਰਕਾਰ ਦਾ ਇੱਕ ਮਹੱਤਵਪੂਰਨ ਪਲੇਟਫਾਰਮ ਹੈ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਜੋੜਨਾ ਅਤੇ ਉਨ੍ਹਾਂ ਦਾ ਡੇਟਾ ਇਕੱਠਾ ਕਰਨਾ ਹੈ।
ਆਓ ਜਾਣਦੇ ਹਾਂ ਈ-ਸ਼੍ਰਮ ਪੋਰਟਲ ਉੱਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਕੀ ਹੈ: ਈ-ਸ਼੍ਰਮ ਪੋਰਟਲ ‘ਤੇ ਰਜਿਸਟ੍ਰੇਸ਼ਨ ਬਹੁਤ ਆਸਾਨ ਹੈ। ਕਾਮੇ ਆਪਣੇ ਆਪ ਨੂੰ ਔਨਲਾਈਨ ਰਜਿਸਟਰ ਕਰ ਸਕਦੇ ਹਨ ਜਾਂ ਇਸ ਨੂੰ ਨਜ਼ਦੀਕੀ ਕਾਮਨ ਸਰਵਿਸ ਸੈਂਟਰ (CSC) ਰਾਹੀਂ ਵੀ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼ਾਂ ਵਿੱਚ ਆਧਾਰ ਕਾਰਡ, ਬੈਂਕ ਖਾਤੇ ਦੇ ਵੇਰਵੇ ਅਤੇ ਮੋਬਾਈਲ ਨੰਬਰ ਸ਼ਾਮਲ ਹੁੰਦਾ ਹੈ। ਰਜਿਸਟ੍ਰੇਸ਼ਨ ਵੇਲੇ ਇਸ ਰਾਸੀ ਸਮੱਗਰੀ ਆਪਣੇ ਕੋਲ ਰੱਖੋ।
ਮਨਰੇਗਾ, ਆਯੁਸ਼ਮਾਨ ਭਾਰਤ ਸਮੇਤ 12 ਯੋਜਨਾਵਾਂ ਦਾ ਲਾਭ ਮਿਲਦਾ ਹੈ: ਹੁਣ ਤੱਕ, ਵੱਖ-ਵੱਖ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ 12 ਯੋਜਨਾਵਾਂ ਨੂੰ ਈ-ਸ਼੍ਰਮ ਨਾਲ ਜੋੜਿਆ ਗਿਆ ਹੈ। ਇਨ੍ਹਾਂ ਯੋਜਨਾਵਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY), ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY), ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ-ਸਵਾਨਿਧੀ, ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਸ਼ਾਮਲ ਹਨ।
ਇਸ ਸਰਕਾਰੀ ਯੋਜਨਾ ਵਿੱਚ ਕੌਣ-ਕੌਣ ਹੋ ਸਕਦਾ ਹੈ ਸ਼ਾਮਲ…
ਫੇਰੀ ਵਾਲੇ, ਰੇਹੜੀ ਵਾਲੇ, ਸਬਜ਼ੀ ਅਤੇ ਦੁੱਧ ਵੇਚਣ ਵਾਲੇ, ਘਰ ਬਣਾਉਣ ਵਾਲੇ ਲੋਕ, ਰਿਕਸ਼ਾ ਅਤੇ ਰੇਹੜੀ ਚਾਲਕ, ਨਾਈ, ਧੋਬੀ, ਦਰਜ਼ੀ, ਮੋਚੀ ਆਦਿ।