ਇੰਗਲੈਂਡ ਕ੍ਰਿਕਟ ਟੀਮ ਨੂੰ ਝਟਕਾ, ਧਮਾਕੇਦਾਰ ਬੱਲੇਬਾਜ਼ ਨੇ ਅਚਾਨਕ ਲਿਆ ਸੰਨਿਆਸ

ਇੰਗਲੈਂਡ ਕ੍ਰਿਕਟ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਮਲਾਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਸਾਬਕਾ ਨੰਬਰ 1 ਟੀ-20 ਬੱਲੇਬਾਜ਼ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ 37 ਸਾਲਾ ਬੱਲੇਬਾਜ਼ ਨੇ ਆਖਰੀ ਵਾਰ 2023 ‘ਚ ਇੰਗਲੈਂਡ ਲਈ ਮੈਚ ਖੇਡਿਆ ਸੀ। ਡੇਵਿਡ ਮਲਾਨ ਨੇ ਇਹ ਫੈਸਲਾ ਚੋਣਕਾਰਾਂ ਵੱਲੋਂ ਲਗਾਤਾਰ ਟੀਮ ਤੋਂ ਬਾਹਰ ਰੱਖੇ ਜਾਣ ਤੋਂ ਬਾਅਦ ਲਿਆ ਹੈ। ਇਸ ਦਿੱਗਜ ਖਿਡਾਰੀ ਦੇ ਨਾਂ ਟੈਸਟ, ਵਨਡੇਅ ਅਤੇ ਟੀ-20 ਦੇ ਤਿੰਨੋਂ ਫਾਰਮੈਟਾਂ ਵਿੱਚ ਸੈਂਕੜੇ ਹਨ।
ਸਾਬਕਾ ਨੰਬਰ 1 ਟੀ-20 ਬੱਲੇਬਾਜ਼ ਡੇਵਿਡ ਮਲਾਨ ਨੇ ਲੰਬੇ ਸਮੇਂ ਤੋਂ ਟੀਮ ‘ਚ ਜਗ੍ਹਾ ਨਾ ਬਣਾ ਸਕਣ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਵੱਖ-ਵੱਖ ਦੇਸ਼ਾਂ ‘ਚ ਖੇਡੀਆਂ ਜਾਣ ਵਾਲੀਆਂ ਟੀ-20 ਲੀਗਾਂ ‘ਚ ਖੇਡਦੇ ਰਹਿਣਗੇ। ਇੰਗਲੈਂਡ ਕ੍ਰਿਕਟ ਟੀਮ ਦੇ ਸਿਖਰਲੇ ਕ੍ਰਮ ਦੇ ਬੱਲੇਬਾਜ਼ ਨੇ ਆਖਰੀ ਵਾਰ 2023 ਵਿੱਚ ਭਾਰਤ ਵਿੱਚ ਖੇਡੇ ਗਏ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਖੇਡਿਆ ਸੀ। ਇਸ ਤੋਂ ਬਾਅਦ ਉਸ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ। ਡੇਵਿਡ ਮਲਾਨ 2022 ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਟੀਮ ਦਾ ਹਿੱਸਾ ਸੀ।
ਮਲਾਨ ਦਾ ਅੰਤਰਰਾਸ਼ਟਰੀ ਕਰੀਅਰ
ਇੰਗਲੈਂਡ ਲਈ, ਡੇਵਿਡ ਮਲਾਨ ਨੇ ਤਿੰਨਾਂ ਫਾਰਮੈਟਾਂ ਵਿੱਚ ਆਪਣੀ ਬੱਲੇਬਾਜ਼ੀ ਦਾ ਹੁਨਰ ਦਿਖਾਇਆ। ਇਸ ਬੱਲੇਬਾਜ਼ ਨੇ 22 ਟੈਸਟਾਂ ਵਿੱਚ 1074 ਦੌੜਾਂ ਬਣਾਈਆਂ ਜਿਸ ਵਿੱਚ ਉਨ੍ਹਾਂ ਦਾ ਸਰਵੋਤਮ ਸਕੋਰ 140 ਦੌੜਾਂ ਸੀ। 30 ਵਨਡੇਅ ਮੈਚ ਖੇਡਦੇ ਹੋਏ ਮਲਾਨ ਨੇ 1450 ਦੌੜਾਂ ਬਣਾਈਆਂ ਜਿਸ ਵਿੱਚ ਸਭ ਤੋਂ ਵੱਡੀ ਪਾਰੀ 140 ਦੌੜਾਂ ਸੀ। ਟੀ-20 ਦੀ ਗੱਲ ਕਰੀਏ ਤਾਂ ਮਲਾਨ ਨੇ 62 ਮੈਚਾਂ ‘ਚ ਅਜੇਤੂ 103 ਦੌੜਾਂ ਦੀ ਸਰਵੋਤਮ ਪਾਰੀ ਨਾਲ ਕੁੱਲ 1892 ਦੌੜਾਂ ਬਣਾਈਆਂ।
ਤਿੰਨੋਂ ਫਾਰਮੈਟਾਂ ਵਿੱਚ ਸੈਂਕੜੇ
ਡੇਵਿਡ ਮਲਾਨ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲੇ ਇੰਗਲੈਂਡ ਦੇ ਦੂਜੇ ਬੱਲੇਬਾਜ਼ ਹਨ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਇਹ ਕਮਾਲ ਕਰ ਦਿਖਾਇਆ ਹੈ। ਚੋਣਕਾਰਾਂ ਨੇ ਆਸਟ੍ਰੇਲੀਆ ਖਿਲਾਫ ਸੀਰੀਜ਼ ‘ਚ ਮਲਾਨ ਦੇ ਨਾਂ ‘ਤੇ ਵਿਚਾਰ ਨਹੀਂ ਕੀਤਾ। ਇਸ ਫੈਸਲੇ ਤੋਂ ਬਾਅਦ ਹੀ ਉਨ੍ਹਾਂ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ।
- First Published :